ਨਵੀਂ ਦਿੱਲੀ – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲਾ ਮੈਦਾਨ ਵਿਖੇ ਚੌਥੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਲਈ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਾਦਾਂ ਵਿੱਚ ਘਿਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮਾਗਮ ਸਬੰਧੀ ਦਿੱਲੀ ਕਮੇਟੀ ਨੂੰ ਸੱਭਿਆਚਾਰਕ ਮੰਤਰਾਲੇ ਵੱਲੋਂ ਕਰੀਬ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਰ ਦਿੱਲੀ ਕਮੇਟੀ ਦੀ ਤਰਫੋਂ ਸਰਕਾਰੀ ਨਿਯਮਾਂ ਤਹਿਤ ਟੈਂਡਰ ਮੰਗਣ ਤੋਂ ਲੈ ਕੇ ਕੰਮ ਦੀ ਅਲਾਟਮੈਂਟ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿੱਚ ਪਾਰਦਰਸ਼ਤਾ ਦੀ ਅਣਦੇਖੀ ਕੀਤੇ ਜਾਣ ਬਾਰੇ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ। ਜਾਗੋ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਵੱਲੋਂ 15 ਅਪਰੈਲ ਨੂੰ ਜਾਰੀ ਟੈਂਡਰ ਨੋਟਿਸ ਵਿੱਚ ਵੱਡੀ ਧਾਂਧਲੀ ਦਾ ਦੋਸ਼ ਲਾਉਂਦਿਆਂ ਕਮੇਟੀ ਵੱਲੋਂ ਟੈਂਡਰ ਨੋਟਿਸ ਸਬੰਧੀ ਆਪਣੀ ਵੈੱਬਸਾਈਟ ’ਤੇ ਇੱਕੋ ਹਵਾਲਾ ਨੰਬਰ ਵਾਲੇ ਦੋ ਪੱਤਰ ਜਾਰੀ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ। ਜੀਕੇ ਨੇ ਦਾਅਵਾ ਕੀਤਾ ਕਿ 20 ਅਤੇ 21 ਅਪ੍ਰੈਲ ਨੂੰ ਲਾਲ ਕਿਲਾ ਮੈਦਾਨ ਵਿਖੇ ਹੋਣ ਵਾਲੇ ਪ੍ਰੋਗਰਾਮ ਲਈ 10 ਅਪ੍ਰੈਲ ਤੋਂ ਪੰਜਾਬ ਟੈਂਟ ਹਾਊਸ ਵੱਲੋਂ ਟੈਂਟ ਲਗਾਏ ਜਾ ਰਹੇ ਹਨ। ਪਰ 15 ਅਪ੍ਰੈਲ ਨੂੰ ਦਿੱਲੀ ਕਮੇਟੀ ਨੇ ਟੈਂਟਾਂ ਆਦਿ ਲਈ ਆਪਣੀ ਵੈੱਬਸਾਈਟ ‘ਤੇ ਟੈਂਡਰ ਨੋਟਿਸ ਜਾਰੀ ਕਰਕੇ ਕੁੱਲ 10 ਵਸਤੂਆਂ ਦੇ ਰੇਟ ਮੰਗੇ ਹਨ ਅਤੇ ਟੈਂਡਰ ਜਮ੍ਹਾਂ ਕਰਵਾਉਣ ਦਾ ਸਮਾਂ 16 ਅਪ੍ਰੈਲ ਸ਼ਾਮ 5 ਵਜੇ ਦਾ ਸੀ। ਪਰ ਕੁਝ ਸਮੇਂ ਬਾਅਦ ਨਵਾਂ ਟੈਂਡਰ ਨੋਟਿਸ ਜਾਰੀ ਕੀਤਾ ਜਾਂਦਾ ਹੈ, ਜਿਸ ਵਿਚ ਕੁੱਲ 11 ਆਈਟਮਾਂ ਹਨ, ਪਰ ਪੱਤਰ ਦਾ ਹਵਾਲਾ ਨੰਬਰ ਇਕੋਂ ਹੀ ਹੈ ਅਤੇ ਦੋਵੇਂ ਪੱਤਰਾਂ ‘ਤੇ ਜਨਰਲ ਮੈਨੇਜਰ ਧਰਮਿੰਦਰ ਸਿੰਘ ਦੇ ਦਸਤਖਤ ਹਨ।
ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ‘ਮਾਸਟਰ ਕਾਰੀਗਰ’ ਦੱਸਦੇ ਹੋਏ ਜੀਕੇ ਨੇ ਕਿਹਾ ਕਿ ਇਹ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਨੂੰ ਫਰਜ਼ੀ ਡਾਕਟਰਾਂ ਨਾਲ ਚਲਾਉਂਦੇ ਹੋਏ ਰੰਗੇ ਹੱਥੀਂ ਫੜੇ ਜਾਂਦੇ ਹਨ, ਜਿਸ ਦੀ ਸ਼ਿਕਾਇਤ ਸਾਡੇ ਵੱਲੋਂ ਥਾਣਾ ਨਾਰਥ ਐਵੀਨਿਊ ਵਿਖੇ ਕੀਤੀ ਜਾਂਦੀ ਹੈ। ਪਰ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਪਾਸੋਂ ਇਸ ਕੋਵਿਡ ਸੈਂਟਰ ਨੂੰ ਇਹ ਰਿਕਾਰਡ ਵਜੋਂ ਦਰਜ ਕਰਵਾ ਦਿੰਦੇ ਹਨ। ਹੁਣ ਟੈਂਟ ਲਗਾਉਣ ਤੋਂ ਬਾਅਦ ਉਸ ਦੇ ਟੈਂਡਰ ਮੰਗ ਕੇ ਇਨ੍ਹਾਂ ਨਵਾਂ ਰਿਕਾਰਡ ਕਾਇਮ ਕੀਤਾ ਹੈ, ਇਸ ਨੂੰ ਵੀ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਵਿੱਚ ਥਾਂ ਮਿਲਣੀ ਚਾਹੀਦੀ ਹੈ। ਜੀਕੇ ਨੇ ਜਿੱਥੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸ਼ਾਨਦਾਰ ਸਮਾਗਮ ਲਈ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਸਰਕਾਰ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। ਕਿਉਂਕਿ ਆਪਣੇ ਲਾਲਚਾਂ ਵਿੱਚ ਇਹ ਸਰਕਾਰ ਦਾ ਅਕਸ ਵੀ ਵਿਗਾੜ ਸਕਦੇ ਹਨ।