ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ, ਸਿੱਖ ਗੁਰੂ ਸਾਹਿਬਾਨ ਦੁਆਰਾ ਧਰਮ ਦੀ ਆਜ਼ਾਦੀ ਅਤੇ ਸਵੈਮਾਣ ਦੀ ਰੱਖਿਆ ਲਈ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਅਤੇ ਮੁਸਲਿਮ ਸ਼ਾਸਕਾਂ ਦੇ ਹੱਥੋਂ ਸਾਡੇ ਪੂਰਵਜਾਂ ਵੱਲੋਂ ਝੱਲੇ ਜਬਰ ਜ਼ੁਲਮ ਤੇ ਅੱਤਿਆਚਾਰਾਂ ਨੂੰ ਯਾਦ ਕਰਨ ਅਤੇ ਉਸ ਬਾਰੇ ਚਿੰਤਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਮੁਗ਼ਲ ਹਕੂਮਤ ਦੌਰਾਨ ਹਿੰਦੂਆਂ, ਅਤੇ ਬਾਅਦ ਵਿੱਚ ਹਿੰਦੂਆਂ ਦੇ ਨਾਲ-ਨਾਲ ਸਿੱਖਾਂ ਨੇ ਵੀ ਸਭ ਤੋਂ ਵੱਧ ਹਿੰਸਾ, ਨਸਲਕੁਸ਼ੀ ਅਤੇ ਧਾਰਮਿਕ ਅੱਤਿਆਚਾਰ ਦਾ ਸਾਹਮਣਾ ਕੀਤਾ।
ਪਹਿਲੇ ਮੁਗ਼ਲ ਹਮਲਾਵਰ ਬਾਬਰ ਵੱਲੋਂ ਹਿੰਦ ਵਾਸੀਆਂ ’ਤੇ ਬੇਰਹਿਮੀ ਨਾਲ ਕੀਤੇ ਗਏ ਜਬਰ ਜ਼ੁਲਮ ਉੱਤੇ ਗੁਰੂ ਨਾਨਕ ਦੇਵ ਜੀ ਨੇ ਮਜਲੂਮਾਂ ਦੇ ਮਨ ਦੀ ਪੀੜਾ ਆਪਣੇ ਸ਼ਬਦਾਂ ਵਿੱਚ ਇੰਜ ਬਿਆਨ ਕੀਤਾ ਹੈ: “ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥”
ਹਿੰਦੂਆਂ ਅਤੇ ਸਿੱਖਾਂ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ (1658-1707) ਦੇ ਪੰਜਾਹ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਦੇ ਲਗਭਗ ਇੰਨੇ ਹੀ ਸਾਲਾਂ ਦੌਰਾਨ ਲਗਾਤਾਰ ਸਭ ਤੋਂ ਵੱਧ ਅੱਤਿਆਚਾਰ ਦਾ ਸਾਹਮਣਾ ਕੀਤਾ। ਔਰੰਗਜ਼ੇਬ, ਇੱਕ ਜ਼ਾਲਮ ਕੱਟੜਪੰਥੀ ਸੀ ਜੋ ਤਲਵਾਰ ਦੇ ਜ਼ੋਰ ਨਾਲ ਭਾਰਤ ਵਿੱਚ ਮੁਸਲਿਮ ਕੱਟੜਪੰਥੀ ਰਾਜ, ਦਾਰ-ਉਲ-ਇਸਲਾਮ ਦੀ ਸਥਾਪਨਾ ਕਰਨਾ ਚਾਹੁੰਦਾ ਸੀ। ਹਿੰਦੂ ਧਰਮ ਦੇ ਖ਼ਾਤਮੇ ਦਾ ਟੀਚਾ ਮਿੱਥ ਲਿਆ ਗਿਆ। ਉਸ ਨੇ ਨਿਰਦਈ ਇਸਲਾਮੀ ਕੱਟੜਪੰਥੀ ਵਿਚਾਰਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਹੁਕਮ ਦਿੱਤਾ ਅਤੇ ਖੁੱਲ੍ਹੇਆਮ ਹਿੰਦੂਆਂ ਉੱਤੇ ਦਹਿਸ਼ਤ ਅਤੇ ਜ਼ੁਲਮ ਦਾ ਦੌਰ ਸ਼ੁਰੂ ਕੀਤਾ। ਉਨ੍ਹਾਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਜਿਸ ਨੇ ਹਿੰਦੂਆਂ ਅਤੇ ਸਿੱਖਾਂ ਦੇ ਸਰੀਰਕ/ਮਾਨਸਿਕਤਾ, ਧਾਰਮਿਕ ਰਹੁ ਰੀਤਾਂ ਅਤੇ ਜੀਵਨ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਧਾਰਮਿਕ ਟੈਕਸ (ਜਜ਼ੀਆ) ਸਿਰਫ਼ ਹਿੰਦੂਆਂ ‘ਤੇ ਹੀ ਲਗਾਇਆ ਗਿਆ ਸੀ ਤਾਂ ਜੋ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਹਿੰਦੂ ਧਰਮ ਛੱਡਣ ਲਈ ਮਜਬੂਰ ਕੀਤਾ ਜਾ ਸਕੇ। ਇਸ ਦੌਰ ’ਚ ਸਭ ਤੋਂ ਪ੍ਰਸਿੱਧ ਹਿੰਦੂ ਤਿਉਹਾਰਾਂ, ਦੀਵਾਲੀ ਅਤੇ ਹੋਲੀ, ਮਨਾਉਣ ਤੇ ਇੱਥੋਂ ਤਕ ਕਿ ਹਿੰਦੂਆਂ ਨੂੰ ਘੋੜੇ ’ਤੇ ਚੜ੍ਹਨ ਤੇ ਨਗਾਰਾ ਵਜਾਉਣ ਦੀ ਵੀ ਸਖਤ ਮਨਾਹੀ ਸੀ। ਬਹੁਤ ਸਾਰੇ ਮਹੱਤਵਪੂਰਨ ਅਤੇ ਪਵਿੱਤਰ ਹਿੰਦੂ ਮੰਦਰਾਂ ਨੂੰ ਢਾਹ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ‘ਤੇ ਮਸਜਿਦਾਂ ਬਣਾਈਆਂ ਗਈਆਂ। ਇਸ ਤਰਾਂ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਭਾਰਤੀ ਇਸਲਾਮੀ ਰਾਜ ਦਾ ਪਹਿਲਾ ਅਤੇ ਪ੍ਰਮੁੱਖ ਕਰਤੱਵ ਬਣ ਗਿਆ। ਇਹਨਾਂ ਅੱਤਿਆਚਾਰਾਂ ਦਾ ਵਿਰੋਧ ਕਰਨ ਦਾ ਮਤਲਬ ਇਜਤ ਹੀ ਨਹੀਂ ਜਾਨ ਗਵਾਉਣੀ ਵੀ ਸੀ। ਇਸ ਨਸਲਕੁਸ਼ੀ ਜ਼ੁਲਮ ਦੇ ਤਹਿਤ, ਲੱਖਾਂ ਹਿੰਦੂਆਂ, ਜਿਨ੍ਹਾਂ ਵਿਚ ਜ਼ਿਆਦਾਤਰ ਕਸ਼ਮੀਰੀ ਸਨ, ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ ਗਈ।
ਪ੍ਰਮਾਣਿਕ ਇਤਿਹਾਸਕ ਸਾਹਿਤ ਬਿਰਤਾਂਤ ਦੇ ਅਨੁਸਾਰ, ਔਰੰਗਜ਼ੇਬ ਦੇ ਸ਼ਾਹੀ ਹੁਕਮਾਂ ਤਹਿਤ ਕੀਤੇ ਜਾ ਰਹੇ ਜ਼ੁਲਮ ਤਸ਼ੱਦਦ ਦਾ ਸਾਹਮਣਾ ਕਰਨ ਵਿੱਚ ਅਸਮਰਥ ਕਸ਼ਮੀਰ ਦੇ ਹਿੰਦੂ , ਜਿਨ੍ਹਾਂ ਵੱਲੋਂ ਦਰ ਦਰ ਜਾ ਕੇ ਕੀਤੀ ਗਈ ਪੁਕਾਰ ਦੇ ਬਾਵਜੂਦ ਕਿਸੇ ਵੀ ਧਰਮ ਆਗੂ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਤਾਂ ਉਨ੍ਹਾਂ ਗੁਰੂ ਨਾਨਕ ਦੇ ਦਰ ਦਾ ਆਸਰਾ ਲਿਆ। ਉਨ੍ਹਾਂ ਦਾ ਇਕ ਵਫ਼ਦ ਕਸ਼ਮੀਰੀ ਪੰਡਿਤ ਕ੍ਰਿਪਾ ਰਾਮ ਦੱਤ (ਜੋ ਬਾਅਦ ਵਿਚ ਬਾਲ ਗੋਬਿੰਦ ਰਾਏ ਦੇ ਵਿੱਦਿਆ ਉਸਤਾਦ ਬਣੇ) ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਣ ਫਰਿਆਦੀ ਹੋਇਆ। ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਉਸ ਵਕਤ ਬਾਲ ਗੋਬਿੰਦ ਰਾਏ ਜੀ ਨੇ ਸੁਣਦਿਆਂ ਕਿਹਾ ਆਪ ਜੀ ਤੋਂ ਬਿਨਾ ਮਹਾਂ ਪੁਰਖ ਕੌਣ ਹੋ ਸਕਦਾ ਹੈ ?। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦੇ ਧਰਮ ਦੀ ਆਜ਼ਾਦੀ ਅਤੇ ਤਿਲਕ ਜੰਝੂ ਦੇ ਧਾਰਮਿਕ ਅਧਿਕਾਰ ਦੀ ਰੱਖਿਆ ਕਰਨ ਲਈ ਹਾਮੀ ਭਰ ਦਿੱਤੀ। ਉਹ ਜਾਣਦੇ ਸਨ ਕਿ ਹਿੰਦੂਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਨਾਪਾਕ ਕੰਮ ਦਾ ਵਿਰੋਧ ਕਰਨ ਦਾ ਜੋ ਫ਼ੈਸਲਾ ਕੀਤਾ, ਉਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ। ਆਪ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈ ਫਿਰ ਅਸੀਂ ਵੀ ਬਣ ਜਾਵਾਂਗੇ। ਇਹ ਸੰਦੇਸ਼ ਪਾ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਜਦ ਕਈ ਤਰਾਂ ਦੇ ਲਾਲਚ ਅਤੇ ਧਮਕੀਆਂ ਦੇ ਬਾਵਜੂਦ ਗੁਰੂ ਜੀ ਨੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ 11 ਨਵੰਬਰ 1675 ਨੂੰ ਉਨ੍ਹਾਂ ਦਾ ਚੰਦਨੀ ਚੌਕ ਵਿਖੇ ਜਨਤਕ ਤੌਰ ‘ਤੇ ਸਿਰ ਕਲਮ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ। ’’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ’’ ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ। ਇਸ ਤਰ੍ਹਾਂ, ਗੁਰੂ ਜੀ ਨੇ ਔਰੰਗਜ਼ੇਬ ਦੀ ਜਬਰੀ ਧਰਮ ਪਰਿਵਰਤਨ ਅਤੇ ਕੱਟੜਤਾ ਦੇ ਵਿਰੁੱਧ ਇੱਕ ਮਜ਼ਬੂਤ ਪਰ ਅਹਿੰਸਕ ਵਿਰੋਧ ਦੀ ਅਗਵਾਈ ਕੀਤੀ ਅਤੇ ਸੱਚ, ਮਨੁੱਖਤਾ, ਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਪਣੀ ਇੱਛੁਕ ਪਰਮ ਕੁਰਬਾਨੀ ਦੇ ਨਾਲ, ਉਸ ਨੇ ਆਪਣੀ ਆਜ਼ਾਦੀ ਲਈ ਨਹੀਂ, ਬਲਕਿ ਦੂਸਰੇ ਧਰਮ ਦੀ ਆਜ਼ਾਦੀ ਅਤੇ ਸਨਮਾਨ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਵਿਸ਼ਵ ਸਾਹਮਣੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ।
ਗੁਰੂ ਤੇਗ ਬਹਾਦਰ ਦੂਜੇ ਸਿੱਖ ਗੁਰੂ ਸਨ ਜਿਨ੍ਹਾਂ ਨੂੰ ਮੁਗ਼ਲਾਂ ਦੁਆਰਾ ਧਰਮ ਦੀ ਆਜ਼ਾਦੀ ਲਈ ਉਨ੍ਹਾਂ ਦੀ ਅਟੱਲ ਵਚਨਬੱਧਤਾ ਲਈ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਸੱਤਰ ਸਾਲ ਪਹਿਲਾਂ (1675), ਆਪ ਜੀ ਦੇ ਦਾਦਾ, ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ (1563-1606), ਨੂੰ ਬਾਦਸ਼ਾਹ ਜਹਾਂਗੀਰ ਦੁਆਰਾ ਤਸੀਹੇ ਦਿੱਤੇ ਗਏ ਸਨ। ਜਦੋਂ ਤੱਤੀ ਤਵੀ ’ਤੇ ਬਿਠਾ ਕੇ ਉਸ ਦੇ ਸੀਸ ’ਤੇ ਗਰਮ ਰੇਤਾ ਪਵਾਏ ਜਾਣ ਨਾਲ ਉਨ੍ਹਾਂ ਦੇ ਸਰੀਰ ਵਿੱਚ ਛਾਲੇ ਹੋ ਗਏ ਤਾਂ ਉਨ੍ਹਾਂ ਨੂੰ 30 ਮਈ 1606 ਨੂੰ ਲਾਹੌਰ ਵਿਖੇ ਰਾਵੀ ਦਰਿਆ ਵਿੱਚ ਜ਼ੰਜੀਰਾਂ ਨਾਲ ਬੰਨ੍ਹ ਕੇ ਸੁੱਟ ਦਿੱਤਾ ਗਿਆ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਪੁੱਤਰ ਅਤੇ ਉੱਤਰਾਧਿਕਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਪ੍ਰਦਰਸ਼ਿਤ ਧਾਰਮਿਕ ਜਬਰ ਜ਼ੁਲਮ ਦੇ ਵਿਰੁੱਧ ਸਖ਼ਤ ਵਿਰੋਧ ਨੇ ਕ੍ਰੋਧ ਨੂੰ ਸੱਦਾ ਦਿੱਤਾ। ਮੁਗ਼ਲ ਸਾਮਰਾਜ ਦਾ ਆਪਣੀ ਪੂਰੀ ਤਾਕਤ ਨਾਲ ਕਹਿਰ ਵਰਸਾਇਆ ਜਾ ਰਿਹਾ ਸੀ। ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿਖੇ ਮੁਗ਼ਲਾਂ ਵਿਰੁੱਧ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਉਨ੍ਹਾਂ ਦੇ ਦੋ ਛੋਟੇ ਸਾਹਿਬਜ਼ਾਦੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਅਤੇ ਸਤਾਏ ਹੋਏ ਲੋਕਾਂ ਦੀ ਰੱਖਿਆ ਕਰਨ ਲਈ ਸਰਹਿੰਦ ਵਿਖੇ ਕੰਧ ’ਚ ਜ਼ਿੰਦਾ ਚਿਣਦਿਆਂ ਸ਼ਹੀਦ ਕਰ ਦਿਤੇ ਗਏ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖਾਂ ਦੀ ਹਿੰਦੂਆਂ ਨਾਲ ਅਡੋਲ ਤੇ ਅਟੁੱਟ ਸਾਂਝ ਦਾ ਸਦੀਵੀ ਪ੍ਰਮਾਣ ਹੈ। ਹਿੰਦੂ ਸਿੱਖ ਬੰਧਨ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੁਆਰਾ ਸਦੀਵੀ ਤੌਰ ‘ਤੇ ਪੱਕਾ ਹੋਇਆ ਸੀ ਅਤੇ ਹਿੰਦੂ ਭਾਈਚਾਰਾ ਹਿੰਦੂ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਅਤੇ ਸਿੱਖਾਂ ਭਾਈਚਾਰੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਸਦਕਾ ਉਨ੍ਹਾਂ ਦਾ ਸਦਾ ਅਹਿਸਾਨਮੰਦ ਰਿਹਾ। ਪ੍ਰਧਾਨ ਮੰਤਰੀ ਮੋਦੀ ਸਿੱਖ ਗੁਰੂਆਂ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। ਇਸੇ ਭਾਵਨਾ ਵਿੱਚੋਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਅਥਾਹ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਵ ਭਰ ਵਿੱਚ ਮਨਾਉਣ ਦਾ ਪ੍ਰਬੰਧ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ 26 ਦਸੰਬਰ ਨੂੰ ਸਾਰੇ ਦੇਸ਼ ਵਿੱਚ ’’ਵੀਰ ਬਾਲ ਦਿਵਸ’’ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਐਲਾਨੇ ਗਏ ਸਾਲ ਭਰ ਦੇ ਸਮਾਰੋਹ 21 ਅਪ੍ਰੈਲ 2022 ਨੂੰ ਦਿਲੀ ਦੇ ਲਾਲ ਕਿਲ੍ਹਾ ਮੈਦਾਨ ਵਿਖੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਵਿਸ਼ੇਸ਼ ਸੰਬੋਧਨ ਨਾਲ ਸੰਪੂਰਨਤਾ ਕੀਤੀ ਜਾ ਰਹੀ ਹੈ।
ਸ਼ੁਕਰਗੁਜ਼ਾਰੀ ਦੇ ਅਜਿਹੇ ਕਾਰਨਾਮਿਆਂ ਦੀ ਸੂਚੀ ਲੰਬੀ ਹੈ ਅਤੇ ਗਿਣਨ ਲਈ ਇੱਕ ਵੱਖਰੇ ਮੌਕੇ ਦੀ ਲੋੜ ਹੈ। ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਸਿੱਖ ਗੁਰੂਆਂ ਅਤੇ ਸਿੱਖ ਧਰਮ ਨੂੰ ਭਾਰਤ ਵਿੱਚ ਸਭ ਤੋਂ ਵੱਧ ਮਾਣ ਸਤਿਕਾਰ ਅਤੇ ਪ੍ਰਸ਼ੰਸਾ ਪ੍ਰਾਪਤ ਹੈ। ਪਰ ਕੁਝ ਦੇਸ਼ ਵਿਰੋਧੀ ਸ਼ਰਾਰਤੀ ਅਨਸਰ ਹਿੰਦੂਆਂ ਅਤੇ ਸਿੱਖਾਂ ਵਿੱਚ ਵੰਡ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਨਾਪਾਕ ਮਨਸੂਬਿਆਂ ਦੀ ਪ੍ਰਾਪਤੀ ਲਈ ਇਹ ਲੋਕ ਸਿੱਖ ਪਛਾਣ ਨੂੰ ਕਥਿਤ ਖ਼ਤਰੇ ਵਜੋਂ ਪੇਸ਼ ਕਰਦੇ ਹਨ। ਇਨ੍ਹਾਂ ਭੈੜੇ ਇਰਾਦੇ ਵਾਲਿਆਂ ਦੇ ਨਿਰਾਸ਼ਾ ਹੀ ਹੱਥ ਲੱਗੇਗੀ। ਗੁਰੂ ਕਾ ਖ਼ਾਲਸਾ ਅਜਿੱਤ ਹੈ। ਹਿੰਦੂਆਂ ਤੋਂ ਸਿੱਖ ਧਰਮ ਨੂੰ ਕੋਈ ਖ਼ਤਰਾ ਨਹੀਂ ਹੈ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਸਿੱਖਾਂ ਨੂੰ ਹਿੰਦੂਆਂ ਦੇ ਰੱਖਿਅਕ ਵਜੋਂ ਦੇਖਿਆ ਜਾਂਦਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਪ੍ਰਸੰਗਿਕਤਾ (ਸਾਰਥਿਕਤਾ) ਸਦੀਵੀ ਹੈ। ਗੁਰੂ ਸਾਹਿਬ ਵੱਲੋਂ ਹਿੰਦੂ ਧਰਮ ਨੂੰ ਨਾ ਬਚਾਇਆ ਗਿਆ ਹੁੰਦਾ ਤਾਂ ਅੱਜ ਹਿੰਦੁਸਤਾਨ ਇਸਲਾਮਿਕ ਮੁਲਕ ਹੁੰਦਾ, ਇਸ ਲਈ ਸਹੀ ਅਰਥਾਂ ‘ਚ ਗੁਰੂ ਤੇਗ਼ ਬਹਾਦਰ ਜੀ ਹਿੰਦੁਸਤਾਨ ਦੇ ਰੱਖਿਅਕ ਹਨ। ਸਿੱਖਾਂ ਨੂੰ ਇਸ ਦੀ ਪ੍ਰਸੰਗਿਕਤਾ ਅਤੇ ਪਰੰਪਰਾ ਨੂੰ ਜਾਰੀ ਰੱਖਣਾ ਚਾਹੀਦਾ ਹੈ। ਇਹ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੈ।