ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹਨੂੰਮਾਨ ਜਯੰਤੀ ‘ਤੇ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਭੜਕੀ ਹਿੰਸਾ ਦੇ ਬਾਅਦ, ਭਾਰਤੀ ਜਨਤਾ ਪਾਰਟੀ ਦੁਆਰਾ ਸ਼ਾਸਿਤ ਨਗਰ ਨਿਗਮ ਨੇ ਬੁੱਧਵਾਰ ਨੂੰ ਖੇਤਰ ਵਿੱਚ ਇੱਕ ਕਬਜੇ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ, ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਦਖਲ ਦੇਂਦਿਆਂ ਸਥਿਤੀ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਸਨ । ਇਸ ਦੇ ਬਾਵਜੂਦ ਕਈ ਥਾਵਾਂ ’ਤੇ ਨਾਜਾਇਜ਼ ਉਸਾਰੀਆਂ ਨੂੰ ਤੋੜਨ ਦੀ ਕਾਰਵਾਈ ਜਾਰੀ ਰਹੀ ।
ਲੋਕਲ ਨੇਤਾ ਦਵੇ ਨੇ ਕਿਹਾ ਕਿ ਢਾਹੁਣ ਦੀ ਕਾਰਵਾਈ ਬੁੱਧਵਾਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਣੀ ਸੀ, ਪਰ ਇਹ ਸਵੇਰੇ 9 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਕਥਿਤ ਉਲੰਘਣਾ ਕਰਨ ਵਾਲਿਆਂ ਨੂੰ ਕੋਈ ਜ਼ਰੂਰੀ ਨੋਟਿਸ ਨਹੀਂ ਦਿੱਤਾ ਗਿਆ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਜਹਾਂਗੀਰਪੁਰੀ ‘ਚ ਜਲੂਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ, ਜਿਸ ‘ਚ 8 ਪੁਲਿਸ ਕਰਮਚਾਰੀ ਅਤੇ ਇਕ ਸਥਾਨਕ ਨਿਵਾਸੀ ਜ਼ਖਮੀ ਹੋ ਗਿਆ ਸੀ। ਪੁਲਿਸ ਅਨੁਸਾਰ ਝੜਪਾਂ ਦੌਰਾਨ ਪਥਰਾਅ ਅਤੇ ਅੱਗਜ਼ਨੀ ਵੀ ਹੋਈ ਅਤੇ ਕੁਝ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ।
ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਆਦੇਸ਼ ਗੁਪਤਾ ਨੇ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਨੂੰ ਜਹਾਂਗੀਰਪੁਰੀ ਵਿੱਚ “ਦੰਗਾਕਾਰੀਆਂ” ਦੀਆਂ ਗੈਰ-ਕਾਨੂੰਨੀ ਉਸਾਰੀਆਂ ਦੀ ਪਛਾਣ ਕਰਨ ਅਤੇ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਢਾਹੁਣ ਲਈ ਇੱਕ ਪੱਤਰ ਲਿਖਿਆ ਸੀ । ਐੱਨਡੀਐੱਮਸੀ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ ‘ਆਪ’ ਨੇਤਾ ਨੇ ਕਿਹਾ, ”ਦੇਸ਼ ਦਾ ਮਾਹੌਲ ਪਹਿਲਾਂ ਹੀ ਵਿਗੜ ਚੁੱਕਾ ਹੈ ਅਤੇ ਇਸ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਅਤੇ ਭਾਜਪਾ ਦਿੱਲੀ ਦੇ ਸ਼ਾਂਤੀਪੂਰਨ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ।
ਮੁਸਲਿਮ ਨੇਤਾ ਓਵੈਸੀ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਉਸਾਰੀ ਨੂੰ ਢਾਹੁਣ ਦਾ ਹੁਕਮ ਪੂਰੀ ਤਰ੍ਹਾਂ ਗੈਰ-ਅਧਿਕਾਰਤ ਅਤੇ ਗੈਰ-ਸੰਵਿਧਾਨਕ ਹੈ। ਭਾਜਪਾ ਨੇ ਗਰੀਬਾਂ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਯੂਪੀ ਅਤੇ ਐਮਪੀ ਦੀ ਤਰ੍ਹਾਂ ਦਿੱਲੀ ਵਿੱਚ ਵੀ ਉਹ ਕਬਜ਼ੇ ਹਟਾਓ ਮੁਹਿੰਮ ਦੇ ਨਾਮ ਉੱਤੇ ਲੋਕਾਂ ਦੇ ਘਰ ਢਾਹ ਦੇਣਗੇ। ਕੋਈ ਨੋਟਿਸ ਨਹੀਂ, ਅਦਾਲਤ ਵਿਚ ਜਾਣ ਦਾ ਕੋਈ ਮੌਕਾ ਨਹੀਂ, ਸਿਰਫ ਗਰੀਬ ਮੁਸਲਮਾਨਾਂ ਨੂੰ ਬਚਣ ਦੀ ਹਿੰਮਤ ਲਈ ਸਜ਼ਾ ਦੇਣ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ । ਅਰਵਿੰਦ ਨੂੰ ਇਸ ਸਬੰਧ ਵਿਚ ਆਪਣੀ ਸ਼ੱਕੀ ਭੂਮਿਕਾ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਐਮਸੀਡੀ ਨੇ ਇਸ ਸਬੰਧ ਵਿੱਚ ਦਿੱਲੀ ਪੁਲਿਸ ਦੇ 400 ਜਵਾਨਾਂ ਦੀ ਮੰਗ ਕੀਤੀ ਸੀ, ਤਾਂ ਜੋ ਉੱਥੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ।