ਫ਼ਤਹਿਗੜ੍ਹ ਸਾਹਿਬ – “ਜੋ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਰਾਜ ਸਭਾ ਮੈਬਰ ਬਣਾਕੇ ਸੁਸੀਲ ਗੁਪਤਾ ਨੂੰ ਭੇਜਿਆ ਗਿਆ ਹੈ ਅਤੇ ਜਿਨ੍ਹਾਂ ਵੱਲੋਂ ਬੀਤੇ ਦਿਨੀਂ ਇਹ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਅਤੇ ਪੰਜਾਬ ਦਾ ਐਮ.ਪੀ. ਹੋ ਕੇ ਪੰਜਾਬ ਨਾਲ ਗਦਾਰੀ ਕਰਨ ਵਾਲੀ ਭੜਕਾਊ ਬਿਆਨਬਾਜੀ ਕਰਦੇ ਹੋਏ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਪਾਣੀਆ ਨੂੰ ਹਰਿਆਣੇ ਦੇ ਹਰ ਖੇਤ ਵਿਚ ਪਹੁੰਚਾਇਆ ਜਾਵੇਗਾ, ਇਹ ਬਿਆਨਬਾਜੀ ਕੋਈ ਸਹਿਜ ਸੁਭਾਅ ਨਹੀ ਦਿੱਤੀ ਗਈ ਬਲਕਿ ਇਹ ਸੈਟਰ ਦੀ ਮੋਦੀ ਹਕੂਮਤ ਬੀਜੇਪੀ-ਆਰ.ਐਸ.ਐਸ. ਅਤੇ ਆਮ ਆਦਮੀ ਪਾਰਟੀ ਦੀ ਸਾਂਝੀ ਪੰਜਾਬ ਵਿਰੋਧੀ ਸਾਜਿਸ ਅਤੇ ਅਮਲਾਂ ਦਾ ਹਿੱਸਾ ਹੈ । ਜਦੋਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਪਾਣੀਆ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ । ਜਦੋ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਦੀ ਸਿੰਚਾਈ ਲਈ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਵਿਚੋ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਵਾਧੂ ਨਹੀ ਹੈ, ਫਿਰ ਹੁਕਮਰਾਨ ਅਤੇ ਉਪਰੋਕਤ ਸਭ ਪੰਜਾਬ ਵਿਰੋਧੀ ਮੁਤੱਸਵੀ ਜਮਾਤਾਂ ਵੱਲੋ ਅਜਿਹੀਆ ਸਾਜਿਸਾਂ ਤੇ ਅਮਲ ਕਰਦੇ ਹੋਏ ਬਿਆਨਬਾਜੀ ਕਰਨਾ ਪੰਜਾਬ ਦੇ ਅਮਨਮਈ ਤੇ ਜਮਹੂਰੀਅਤ ਪੱਖੀ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਣ ਵਾਲੇ ਖ਼ਤਰਨਾਕ ਅਮਲ ਹੋਣਗੇ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹੇ ਅਮਲਾਂ ਤੇ ਬਿਆਨਬਾਜੀਆ ਤੋ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਜਿਥੇ ਖਬਰਦਾਰ ਕਰਦਾ ਹੈ, ਉਥੇ ਸਪੱਸਟ ਕਰਦਾ ਹੈ ਕਿ ਕਿਸੇ ਵੀ ਕੀਮਤ ਤੇ ਪੰਜਾਬ ਦੇ ਦਰਿਆਵਾ ਤੇ ਨਹਿਰਾਂ ਦੇ ਪਾਣੀ ਦੀ ਇਕ ਬੂੰਦ ਵੀ ਨਹੀ ਦਿੱਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਵੱਲੋ ਹੁਣੇ ਹੀ ਚੁਣੇ ਗਏ ਰਾਜ ਸਭਾ ਮੈਬਰ ਸੁਸੀਲ ਗੁਪਤਾ ਜੋ ਹਰਿਆਣੇ ਨਾਲ ਸੰਬੰਧਤ ਹੈ, ਵੱਲੋ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਵਿਰੋਧੀ ਦਰਿਆਵਾਂ, ਨਹਿਰਾਂ ਦੇ ਪਾਣੀ ਨੂੰ ਲੈਕੇ ਕੀਤੀ ਗਈ ਗੈਰ ਦਲੀਲ, ਗੈਰ ਵਿਧਾਨਿਕ ਬਿਆਨਬਾਜੀ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਸੈਟਰ ਹਰਿਆਣਾ, ਦਿੱਲੀ ਦੇ ਹੁਕਮਰਾਨਾਂ ਤੇ ਮੁਤੱਸਵੀ ਜਮਾਤਾਂ ਨੂੰ ਅਜਿਹੀਆ ਸਾਜ਼ਿਸਾਂ ਉਤੇ ਹੋਣ ਵਾਲੇ ਅਮਲਾਂ ਦੇ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਭ ਤੋ ਪਹਿਲੇ ਇਹ ਗੁਸਤਾਖੀ ਕੀਤੀ ਕਿ ਪੰਜਾਬ ਦੇ ਹਿੱਤਾ ਤੇ ਮਸਲਿਆ ਨੂੰ ਨਜਰ ਅੰਦਾਜ ਕਰਕੇ 5 ਚੁਣੇ ਜਾਣ ਵਾਲੇ ਉਨ੍ਹਾਂ ਰਾਜ ਸਭਾ ਮੈਬਰਾਂ ਲਈ ਫੈਸਲਾ ਕੀਤਾ ਜਿਨ੍ਹਾਂ ਦੀ ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਕੋਈ ਰਤੀਭਰ ਵੀ ਨਾ ਤਾਂ ਦੇਣ ਹੈ ਅਤੇ ਨਾ ਹੀ ਪੰਜਾਬ, ਸਿੱਖ ਕੌਮ ਦੇ ਮਸਲਿਆ ਨਾਲ ਕੋਈ ਸਰੋਕਾਰ ਹੈ । ਅਸੀ ਤਾਂ ਇਨ੍ਹਾਂ ਦੀ ਹੋਣੀ ਚੋਣ ਸਮੇ ਹੀ ਇਹ ਜਨਤਕ ਕਰ ਦਿੱਤਾ ਸੀ ਕਿ ਇਹ ਸਭ ਚੁਣੇ ਜਾਣ ਵਾਲੇ ਰਾਜ ਸਭਾ ਮੈਬਰ ਬੀਜੇਪੀ-ਆਰ.ਐਸ.ਐਸ. ਦੇ ਮੈਬਰ ਹਨ ਅਤੇ ਉਨ੍ਹਾਂ ਦੀਆਂ ਹਦਾਇਤਾ ਉਤੇ ਹੀ ਇਨ੍ਹਾਂ ਪੰਜਾ ਦੀ ਚੋਣ ਹੋਈ ਹੈ । ਇਹ ਚੋਣ ਪੰਜਾਬ ਵਿਰੋਧੀ ਫੈਸਲੇ ਕਰਨ ਲਈ ਹੀ ਕੀਤੀ ਗਈ ਸੀ । ਤਾਂ ਕਿ ਇਕ ਤਾਂ ਹੁਕਮਰਾਨਾਂ ਵੱਲੋ ‘ਹਿੰਦੂ ਰਾਸਟਰ’ ਬਣਾਉਣ ਦੇ ਹੋ ਰਹੇ ਅਮਨ ਚੈਨ ਨੂੰ ਭੰਗ ਕਰਨ ਵਾਲੀਆ ਕਾਰਵਾਈਆ ਵੀ ਉਪਰੋਕਤ ਪੰਜਾ ਰਾਜ ਸਭਾ ਮੈਬਰਾਂ ਦੀ ਹਾਮੀ ਲਈ ਜਾ ਸਕੇ । ਦੂਸਰਾ ਪੰਜਾਬ ਦੇ ਕੀਮਤੀ ਪਾਣੀਆ, ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਦਿ ਗੰਭੀਰ ਮੁੱਦਿਆ ਉਤੇ ਹਰਿਆਣਾ, ਦਿੱਲੀ, ਪੰਜਾਬੀਆ ਵਿਚ ਦੰਗੇ-ਫਸਾਦ ਵਾਲਾ ਮਾਹੌਲ ਬਣਾਕੇ ਫਿਰ ਕਾਨੂੰਨੀ ਵਿਵਸਥਾਂ ਦਾ ਬਹਾਨਾ ਬਣਾਕੇ ਪੰਜਾਬ ਨੂੰ ਕਸ਼ਮੀਰ ਦੀ ਤਰ੍ਹਾਂ ਯੂ.ਟੀ. ਬਣਾਉਣ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਇਹ ਮੁਤੱਸਵੀ ਹੁਕਮਰਾਨ ਸਿਰੇ ਚਾੜ ਸਕਣ । ਇਹੀ ਵਜਹ ਹੈ ਕਿ ਦਿੱਲੀ ਅਤੇ ਹੋਰ ਕਈ ਸੂਬਿਆਂ ਵਿਚ ਹਿੰਦੂ ਧਾਰਮਿਕ ਯਾਤਰਾਵਾ ਦੇ ਨਾਮ ਹੇਠ ਦੰਗੇ-ਫਸਾਦ ਜੋ ਹੋ ਰਹੇ ਹਨ, ਇਹ ਵੀ ਇਥੋ ਦੇ ਨਿਵਾਸੀਆ ਅਤੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਹਿੰਦੂ-ਸਿੱਖ, ਹਿੰਦੂ-ਮੁਸਲਿਮ, ਰੰਘਰੇਟਿਆ ਵਿਚ ਦੰਗੇ-ਫਸਾਦ ਕਰਵਾਕੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਦੇ ਹੋਏ ‘ਹਿੰਦੂ-ਰਾਸਟਰ’ ਕਾਇਮ ਕਰਨ ਲਈ ਸਾਜਸੀ ਮਾਹੌਲ ਬਣਾਇਆ ਜਾਵੇ ।
ਉਨ੍ਹਾਂ ਕਿਹਾ ਕਿ ਜਦੋ ਸੁਸੀਲ ਗੁਪਤਾ ਵੱਲੋ ਅਜਿਹੀ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਲਈ ਬਿਆਨਬਾਜੀ ਕੀਤੀ ਗਈ ਹੈ, ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇਹ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਜੋ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਹਕੂਮਤ ਨਾਲ ਆਪਣੇ ਸਿਆਸੀ ਮਕਸਦ ਹਿੰਦੂ ਰਾਸਟਰ ਕਾਇਮ ਕਰਨ ਲਈ ਤੇ ਪੰਜਾਬ ਦੇ ਪਾਣੀਆ, ਬਿਜਲੀ, ਚੰਡੀਗੜ੍ਹ ਆਦਿ ਖੋਹਣ ਲਈ ਇਕ ਹਨ, ਉਨ੍ਹਾਂ ਦੀ ਸਹਿਮਤੀ ਤੋ ਬਗੈਰ ਇਹ ਪੰਜਾਬ ਵਿਰੋਧੀ ਭੜਕਾਊ ਬਿਆਨਬਾਜੀ ਕੀਤੀ ਗਈ ਹੋਵੇ ? ਹੁਣ ਜਿਥੇ ਪੰਜਾਬੀਆਂ ਤੇ ਸਿੱਖ ਕੌਮ ਲਈ ਅਗਲੀ ਮਜਬੂਤੀ ਨਾਲ ਰਣਨੀਤੀ ਬਣਾਉਣ ਦੀ ਸਖਤ ਲੋੜ ਹੈ, ਉਥੇ ਪੰਜਾਬ ਵਿਚ ਹੁਣੇ ਹੀ 92 ਵਿਧਾਨ ਸਭਾ ਹਲਕਿਆ ਤੇ ਜਿੱਤ ਪ੍ਰਾਪਤ ਕਰਕੇ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਵੱਡੇ ਇਮਤਿਹਾਨ ਦੀ ਘੜੀ ਹੈ ਕਿ ਉਹ ਹੁਣ ਪੰਜਾਬ ਦੇ ਮੁਫਾਦਾ ਤੇ ਹਿੱਤਾ ਦੀ ਦ੍ਰਿੜਤਾ ਨਾਲ ਰਾਖੀ ਕਰਨਗੇ ਜਾਂ ਫਿਰ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਤੇ ਆਪਣੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਅੱਗੇ ਇਨ੍ਹਾਂ ਗੰਭੀਰ ਮੁੱਦਿਆ ਤੇ ਆਤਮ ਸਮਰਪਨ ਕਰ ਦੇਣਗੇ ? ਸ. ਭਗਵੰਤ ਸਿੰਘ ਮਾਨ ਸ੍ਰੀ ਸੁਸੀਲ ਗੁਪਤਾ ਮੈਬਰ ਰਾਜ ਸਭਾ ਵੱਲੋ ਦਿੱਤੇ ਪੰਜਾਬ ਸੂਬੇ ਵਿਰੋਧੀ ਬਿਆਨ, ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਅਤੇ 92 ਐਮ.ਐਲ.ਏ. ਦੀ ਚੁੱਪੀ ਉਤੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਸਥਿਤੀ ਸਪੱਸਟ ਕਰਨ ।
ਸ. ਮਾਨ ਨੇ ਸੈਂਟਰ ਦੀ ਮੋਦੀ ਹਕੂਮਤ, ਹਰਿਆਣਾ, ਦਿੱਲੀ ਦੀਆਂ ਕ੍ਰਮਵਾਰ ਖੱਟਰ ਅਤੇ ਕੇਜਰੀਵਾਲ ਸਰਕਾਰਾਂ ਵੱਲੋ ਸਾਜ਼ਸੀ ਢੰਗ ਨਾਲ ਪੰਜਾਬ ਵਿਰੋਧੀ ਰਚੀ ਜਾ ਰਹੀ ਸਾਜਿਸ ਦੇ ਗੰਭੀਰ ਮੁੱਦੇ ਉਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਸਿਆਸੀ ਪਾਰਟੀਆਂ, ਸੰਗਠਨਾਂ, ਧਿਰਾਂ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਛੋਟੇ-ਮੋਟੇ ਸਿਆਸੀ ਵਿਚਾਰਧਾਰਾਂ ਦੇ ਵੱਖਰੇਵਿਆ ਤੋ ਉਪਰ ਉੱਠਕੇ ਸਮੂਹਿਕ ਤੌਰ ਤੇ ਪੰਜਾਬ ਦੇ ਵਿਧਾਨਿਕ, ਪਾਣੀਆ, ਬਿਜਲੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ ਆਦਿ ਮਸਲਿਆ ਉਤੇ ਇਕੱਤਰ ਹੋ ਕੇ ਇਕ ਤਾਕਤ ਬਣਕੇ ਆਪਣੇ ਹੱਕਾਂ ਦੀ ਰਾਖੀ ਕਰਨ ਦੀ ਜਿਥੇ ਜ਼ਿੰਮੇਵਾਰੀ ਨਿਭਾਉਣ, ਉਥੇ ਆਉਣ ਵਾਲੇ ਸਮੇ ਵਿਚ ਜੇਕਰ ਸੈਟਰ ਦੀ ਮੋਦੀ ਹਕੂਮਤ, ਹਰਿਆਣਾ, ਦਿੱਲੀ ਦੀਆਂ ਮੁਤੱਸਵੀ ਹਕੂਮਤਾਂ ਜ਼ਬਰੀ ਸਾਡੇ ਪਾਣੀਆ ਤੇ ਬਿਜਲੀ ਨੂੰ ਖੋਹਣ ਲਈ ਕੋਈ ਅਮਲ ਕਰਨ ਤਾਂ ਸਾਨੂੰ ਸਭਨਾਂ ਨੂੰ ਪੰਜਾਬ ਦੀਆਂ ਦੁਸਮਣ ਤਾਕਤਾਂ ਤੇ ਸਿਆਸਤਦਾਨਾਂ ਨਾਲ ਇਟ ਨਾਲ ਇਟ ਖੜਕਾਉਣ ਲਈ ਤਿਆਰ-ਬਰ-ਤਿਆਰ ਰਹਿਣਾ ਪਵੇਗਾ । ਅਸੀ ਕਿਸੇ ਵੀ ਕੀਮਤ ਤੇ ਪੰਜਾਬ ਦੇ ਦਰਿਆਵਾ ਦੇ ਪਾਣੀਆ, ਬਿਜਲੀ, ਚੰਡੀਗੜ੍ਹ ਆਦਿ ਨੂੰ ਪੰਜਾਬ ਤੋ ਬਾਹਰ ਨਹੀ ਜਾਣ ਦੇਵਾਂਗੇ । ਉਨ੍ਹਾਂ ਕਿਹਾ ਕਿ ਅਸੀ ਪੰਜਾਬੀ ਤੇ ਸਿੱਖ ਕੌਮ ਅਮਨ ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਦੇ ਕਾਇਲ ਹਾਂ ਜੇਕਰ ਪੰਜਾਬ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਿਸੇ ਵੀ ਤਾਕਤ ਨੇ ਲਾਬੂ ਲਗਾਉਣ ਦੀ ਕੋਸਿਸ ਕੀਤੀ ਤਾਂ ਪੂਰੇ ਮੁਲਕ ਵਿਚ ਅਰਾਜਕਤਾ ਫੈਲਾਉਣ-ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਨ ਲਈ ਮੋਦੀ ਮੁਤੱਸਵੀ ਹਕੂਮਤ, ਹਰਿਆਣਾ ਦੀ ਖੱਟਰ, ਦਿੱਲੀ ਦੀ ਕੇਜਰੀਵਾਲ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੀਆ, ਨਾ ਕਿ ਪੰਜਾਬੀ ਅਤੇ ਸਿੱਖ ਕੌਮ ।