ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਜੱਥੇਦਾਰ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਦਫ਼ਤਰ ਵਿਖੇ ਮੁੜ ਕਬਜ਼ਾ ਕਰਨ ਉਪਰੰਤ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ। ਉਪਰੰਤ ਕੀਰਤਨ ਅਤੇ ਪੰਥਕ ਵਿਚਾਰਾਂ ਹੋਈਆਂ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਭਰੀ ਅਤੇ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਵਿਖੇ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਸਮੇਂ ਵਿਚ ਪਾਰਟੀ ਵਲੋਂ ਜੋ ਗਲਤੀਆਂ ਹੋਈਆਂ ਉਸ ’ਤੇ ਵਿਚਾਰ-ਵਟਾਂਦਰਾ ਕਰਨ ਮਗਰੋਂ ਜੱਥੇਦਾਰ ਅਵਤਾਰ ਹਿੱਤ ਨੂੰ ਮੁੜ ਤੋਂ ਦਿੱਲੀ ਵਿਖੇ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ ਉਨ੍ਹਾਂ ਕੋਲ ਤਜੁਰਬਾ ਵੀ ਹੈ ਅਤੇ ਵਫ਼ਾਦਾਰੀ ਵੀ ਹੈ ਜਿਸ ਦੇ ਚਲਦੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਪਾਰਟੀ ਨੂੰ ਪੂਰਾ ਵਿਸ਼ਵਾਸ ਹੈ ਕਿ ਜੱਥੇਦਾਰ ਹਿੱਤ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਸਾਡੇ ਕੋਲ ਸਿਰਫ਼ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਹਨ ਪਰ ਸਾਨੂੰ ਸੰਪੂਰਣ ਵਿਸ਼ਵਾਸ ਹੈ ਕਿ ਜੱਥੇਦਾਰ ਹਿੱਤ ਦੀ ਦੂਰਅੰਦੇਸ਼ੀ ਸੋਚ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਬਾਕੀ ਦੇ ਮੈਂਬਰ ਵੀ ਪਾਰਟੀ ’ਚ ਮੁੜ ਵਾਪਿਸ ਆਉਣਗੇ।
ਸ੍ਰੀ ਅਖੰਡ ਪਾਠ ਦੀ ਸਮਾਪਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ। ਮਨਜੀਤ ਸਿੰਘ ਜੀਕੇ ਵੀ ਸਾਥੀਆਂ ਸਮੇਤ ਬੀਤੇ ਦਿਨੀਂ ਮੱਥਾ ਟੇਕ ਕੇ ਗਏ ਸਨ। ਸ. ਗੁਰਮੀਤ ਸਿੰਘ ਸ਼ੰਟੀ ਜੋ ਕਿ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਆਗੂ ਹਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਥਕ ਮਸਲਿਆਂ ’ਤੇ ਕਦੇ ਰਾਜਨੀਤੀ ਨਹੀਂ ਕਰਦੀ ਅੱਜ ਅਗਰ ਕੁਝ ਗੱਦਾਰਾਂ ਦੇ ਕੁਕਰਮਾਂ ਕਰਕੇ ਇਹ ਵਿਪਦਾ ਆਈ ਹੈ ਤਾਂ ਇਸ ਮਸਲੇ ਨੂੰ ਹਲ ਕਰਵਾਉਣ ਲਈ ਸ. ਪਰਮਜੀਤ ਸਿੰਘ ਸਰਨਾ ਦੀ ਪਾਰਟੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਤੇ ਮਨਜੀਤ ਸਿੰਘ ਜੀ.ਕੇ ਦੀ ਪਾਰਟੀ ਦੇ ਸਾਰੇ ਮੈਂਬਰ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਹਨ ਅਤੇ ਕਿਸੇ ਵੀ ਸੂਰਤ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਸਰਕਾਰੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਮਰੀਤ ਸਿੰਘ ਖਾਨਪੁਰੀ, ਅਮਰਜੀਤ ਸਿੰਘ ਗੁੱਲੂ, ਮਨਦੀਪ ਸਿੰਘ ਭਾਮਰਾ, ਸੁਦੀਪ ਸਿੰਘ, ਸਮਰਦੀਪ ਸਿੰਘ ਸੰਨੀ, ਪਰਮਜੀਤ ਸਿੰਘ ਮਾਰਵਾਹ, ਜਗਮੋਹਨ ਸਿੰਘ ਵਿਰਕ, ਰਮਿੰਦਰ ਸਿੰਘ ਸ਼ੀਬੂ, ਰਵਿੰਦਰ ਕੌਰ ਬਤਰਾ ਆਦਿ ਵੱਲੋਂ ਪੂਰਾ ਯੋਗਦਾਨ ਦਿੱਤਾ ਗਿਆ।