ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਮੌਸਮ ਵਿੱਚ ਤਬਦੀਲੀ ਆਉਣ ਕਰਕੇ ਅਗਲੇ ਕੁੱਝ ਦਿਨਾਂ ਵਿੱਚ ਸਕਾਟਲੈਂਡ ਦੇ ਕਈ ਹਿੱਸਿਆਂ ਵਿੱਚ ਜੰਗਲੀ ਅੱਗ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਜਿਸ ਅਨੁਸਾਰ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਨਾਲ ਅੱਗ ਭੜਕ ਸਕਦੀ ਹੈ ਅਤੇ ਆਸਾਨੀ ਨਾਲ ਫੈਲ ਸਕਦੀ ਹੈ। ਇਹ ਚੇਤਾਵਨੀ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਉੱਤਰ, ਮੱਧ ਅਤੇ ਪੱਛਮੀ ਸਕਾਟਲੈਂਡ ਬਾਰੇ ਦਿੱਤੀ ਗਈ ਹੈ। ਇਸ ਸੰਬੰਧੀ ਵਾਈਲਡਫਾਇਰ ਟੈਕਟੀਕਲ ਸਲਾਹਕਾਰਾਂ ਵਿੱਚੋਂ ਇੱਕ ਗਰੁੱਪ ਕਮਾਂਡਰ ਕੀਥ ਲੈਂਗਲੇ ਨੇ ਲੋਕਾਂ ਨੂੰ ਪੇਂਡੂ ਖੇਤਰਾਂ ਵਿੱਚ ਬਹੁਤ ਜਿਆਦਾ ਧਿਆਨ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜ਼ਮੀਨ ‘ਤੇ ਸੁੱਕੀ ਹੋਈ ਘਾਹ, ਪੱਤੇ, ਟਹਿਣੀਆਂ ਆਦਿ ਇਹਨਾਂ ਹਾਲਤਾਂ ਵਿੱਚ ਬਹੁਤ ਜਲਦੀ ਸੁੱਕ ਜਾਣਗੇ ਅਤੇ ਅੱਗ ਬਹੁਤ ਤੇਜ਼ੀ ਨਾਲ ਲੱਗ ਸਕਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਾਹਰ ਘੁੰਮਣ ਫਿਰਨ ਵੀ ਆਏ ਹੋ ਤਾਂ ਅੱਗ ਮਚਾ ਕੇ ਬੇਧਿਆਨੀ ਨਾ ਵਰਤੀ ਜਾਵੇ।