ਲੁਧਿਆਣਾ, (ਪਰਮਜੀਤ ਸਿੰਘ, ਬਾਗੜੀਆ)- ਐਸ.ਸੀ.,ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੀ.ਏ.ਯੂ. ਲੁਧਿਆਣਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਅਤੇ ਮਹਾਨ ਰਹਿਬਰ ਭਾਤਰ ਰਤਨ ਡਾ. ਭੀਮ ਰਾਓ ਅੰਬੇਦਕਰ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਵ੍ਹੀਟ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ ਸ਼ਾਮਲ ਹੋਏ ਵੱਖ ਵੱਖ ਬੁਧੀਜੀਵੀਆਂ ਅਤੇ ਵਿਦਵਾਨਾਂ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਸਮੇਤ ਵਰਣ ਵੰਡ ਦੇ ਸ਼ਿਕਾਰ ਹੋਣ ਕਾਰਨ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ ‘ਤੇ ਪਛੜੇ ਰਹੇ ਸਮਾਜ ਦੇ ਵੱਖ ਵੱਖ ਵਰਗਾਂ ਦੀ ਭਲਾਈ ਅਤੇ ਹੱਕਾਂ ਲਈ ਉਨ੍ਹਾਂ ਵਲੋਂ ਕੀਤੇ ਸੰਘਰਸ਼ ‘ਤੇ ਵੀ ਰੌਸ਼ਨੀ ਪਾਈ ਗਈ। ਵ੍ਹੀਟ ਆਡੀਟੋਰੀਅਮ ਦੇ ਨੱਕੋ-ਨੱਕ ਭਰੇ ਹਾਲ ਵਿਚ ਹਾਜਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਗਿਆਨ ਚੰਦ ਮੈਂਬਰ ਪੰਜਾਬ ਸਟੇਟ ਐਸ.ਸੀ. ਕਮਿਸ਼ਨ ਨੇ ਆਖਿਆ ਕਿ ਡਾ. ਭੀਮ ਰਾਓ ਅੰਬੇਦਕਰ ਨੇ ਭਾਵੇਂ ਦੇਸ਼ ਨੂੰ ਹਿੰਦੀ/ਪੰਜਾਬੀ ਵਿਚ ਭਾਰਤ ਅਤੇ ਅੰਗਰੇਜੀ ਵਿਚ ਇੰਡੀਆ ਨਾਮ ਦਿੱਤਾ ਅਤੇ ਸਾਨੂੰ ਹਿੰਦੂ ਸੰਸਕ੍ਰਿਤੀ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਪਰ ਅੱਜ ਬਹੁਗਿਣਤੀ ਸਮਾਜ ਅਤੇ ਨਿਜ਼ਾਮ ਵਲੋਂ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਸਾਡੇ ‘ਤੇ ਹਿੰਦੂ ਸੰਸਕ੍ਰਿਤੀ ਮੁੜ ਲੱਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਡਾ. ਅੰਬੇਦਕਰ ਨੇ ਦੇਸ਼ ਦਾ ਢਾਂਚਾ ਫੈਡਰਲ ਰੱਖਿਆ ਸੀ ਪਰ ਅੱਜ ਇਹ ਢਾਂਚਾ ਫੈਡਰਲ ਤੋਂ ਕੇਂਦਰਤ ਹੁੰਦਾ ਜਾ ਰਿਹੈ ਹੈ ਜਿਸ ਵਿਚ ਐਸ.ਸੀ., ਬੀ.ਸੀ. ਸਮਾਜ ਦੇ ਹੱਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਇਸ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਮੁਲਾਜਮ ਆਗੂ ਸਵਰਨ ਸਿੰਘ, ਪ੍ਰੋਫੈਸਰ ਹਰਨੇਕ ਸਿੰਘ, ਲੈਕਚਰਰ ਵਿਨੋਦ ਆਰੀਆ,ਹਰਵਿੰਦਰ ਸਿੰਘ ਰੌਣੀ ਪ੍ਰਧਾਨ ਐਸ.ਸੀ.ਬੀ.ਸੀ ਇੰਪਲਾਈਜ ਫੈਡਰੇਸ਼ਨ ਪੰਜਾਬ, ਡਾ. ਗੁਰਵਿੰਦਰ ਸਿੰਘ ਰੰਗਰੇਟਾ, ਰਣਜੀਤ ਸਿੰਘ ਖੱਤਰੀਵਾਲ ਓ.ਬੀ.ਸੀ. ਵੈਲਫੇਅਰ ਫਰੰਟ ਪੰਜਾਬ, ਡਾ ਸੁਖਚੈਨ ਬਾਸੀ ਪਤਨੀ ਵਿਧਾਇਕ ਗੁਰਪ੍ਰੀਤ ਗੋਗੀ, ਬਲਜੀਤ ਸਿੰਘ ਸਲਾਣਾ ਪ੍ਰਧਾਨ ਐਸ.ਸੀ.,ਬੀ.ਸੀ. ਟੀਚਰ ਯੂਨੀਅਨ ਪੰਜਾਬ, ਪ੍ਰਭਦੀਪ ਸਿੰਘ ਡੀ.ਪੀ. ਆਰ. ਓ. ਮੋਗਾ, ਨਿਰਮਲ ਸਿੰਘ, ਜਸਵੀਰ ਸਿੰਘ ਪਮਾਲੀ, ਸਰਬਜੀਤ ਸਿੰਘ ਪ੍ਰਧਾਨ ,ਅਵਤਾਰ ਚੰਦ ਸੁਪਰਡੰਟ ਆਦਿ ਨੇ ਸੱਤਾਧਾਰੀ ਧਿਰ ਵਲੋਂ ਭਾਰਤੀ ਸੰਵਿਧਾਨ ਨਾਲ ਕੀਤੀ ਜਾ ਰਹੀ ਛੇੜ ਛਾੜ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਅਨੂਸੂਚਿਤ ਅਤੇ ਪੱਛੜੇ ਸਮਾਜ ਨੂੰ ਡਾ ਅੰਬੇਦਕਰ ਦੁਆਰਾ ਦਿੱਤੇ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਦੇਸ਼ ਵਿਆਪੀ ਸੰਘਰਸ਼ ਵਿੱਢਣਾ ਪਏਗਾ। ਇਸ ਦੇ ਨਾਲ ਹੀ ਪ੍ਰਮੁੱਖ ਪੱਤਰਕਾਰ ਜੈ ਸਿੰਘ ਛਿੱਬਰ, ਪਰਮਜੀਤ ਸਿੰਘ ਬਾਗੜੀਆ, ਸੁਖਦੇਵ ਸਲੇਮਪੁਰੀ, ਮਾਸਟਰ ਗੁਰਸੇਵਕ ਸਿੰਘ, ਗੁਰਮੁਖ ਸਿੰਘ , ਯਾਦਵਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ ਕੌਲ, ਦਲਜੀਤ ਸਿੰਘ ਥਰੀਕੇ, ਪ੍ਰਗਟ ਸਿੰਘ ਬਿਲਗਾ ਆਦਿ ਵੀ ਹਾਜਰ ਸਨ। ਇਸ ਮੌਕੇ ਅੰਬੇਦਕਰੀ ਸਾਹਿਤ ਦੀ ਪ੍ਰਦਰਸ਼ਨੀ ਅਤੇ ਵਿੱਕਰੀ ਸਟਾਲ ਵੀ ਲਗਾਇਆ ਗਿਆ।