ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਜ਼ਮਹੂਰੀਅਤ ਅਤੇ ਅਮਨਮਈ ਮਾਹੌਲ ਨੂੰ ਕਾਇਮ ਰੱਖਣ ਦਾ ਕਾਇਲ ਹੈ । ਇਸ ਦਿਸ਼ਾ ਵੱਲ ਅਮਲ ਕਰਦੇ ਹੋਏ ਸੂਬੇ, ਮੁਲਕੀ ਅਤੇ ਸੰਸਾਰ ਪੱਧਰ ਤੇ ਆਪਣੀਆ ਕਾਰਵਾਈਆ ਤੇ ਸਰਗਰਮੀਆਂ ਨੂੰ ਲੰਮੇ ਸਮੇਂ ਤੋਂ ਜਾਰੀ ਰੱਖਦਾ ਆ ਰਿਹਾ ਹੈ । ਜਦੋਂ ਇੰਡੀਆਂ ਦੀ ਪਾਰਲੀਮੈਂਟ, ਸੂਬਿਆਂ ਦੀਆਂ ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੀਆਂ ਹਰ ਤਰ੍ਹਾਂ ਦੀਆਂ ਚੋਣਾਂ ਕਾਨੂੰਨੀ ਸਮਾਂ ਖ਼ਤਮ ਹੋਣ ਤੋਂ ਪਹਿਲੇ ਨਿਰੰਤਰ ਕਰਵਾਈਆ ਜਾਂਦੀਆ ਆ ਰਹੀਆਂ ਹਨ, ਫਿਰ ਸਿੱਖ ਕੌਮ ਦੀ ਪਾਰਲੀਮੈਂਟ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਏਸੀਆ ਦੀ ਸਭ ਤੋਂ ਪੁਰਾਣੀ ਜਮਹੂਰੀ ਸੰਸਥਾਂ ਹੈ ਅਤੇ 1925 ਵਿਚ ਅੰਗਰੇਜ਼ਾਂ ਦੁਆਰਾ ਬਣਾਏ ਐਕਟ ਰਾਹੀ ਹੋਂਦ ਵਿਚ ਆਈ ਸੀ ਉਸਦੀਆਂ ਜਰਨਲ ਚੋਣਾਂ ਸਹੀ ਸਮੇ ਤੇ ਕਰਵਾਉਣ ਤੋਂ ਇੰਡੀਆ ਦੇ ਹੁਕਮਰਾਨ ਅਤੇ ਗ੍ਰਹਿ ਵਿਭਾਗ ਬੀਤੇ 12 ਸਾਲਾਂ ਤੋਂ ਟਾਲਮਟੋਲ ਕਿਉਂ ਕਰਦਾ ਆ ਰਿਹਾ ਹੈ ? ਇਸ ਜਮਹੂਰੀਅਤ ਨੂੰ ਬਹਾਲ ਕਰਵਾਉਣ ਅਤੇ ਜੋ 15 ਸਤੰਬਰ 2022 ਨੂੰ ਸੰਸਾਰ ਪੱਧਰ ਦਾ ਜਮਹੂਰੀਅਤ ਦਿਹਾੜਾ (ਵਰਲਡ ਡੈਮੋਕ੍ਰੇਸੀ ਡੇਅ) ਆ ਰਿਹਾ ਹੈ, ਜਿਸਨੂੰ ਅਸੀਂ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜਾ ਵਿਖੇ ਇਕੱਤਰ ਹੋ ਕੇ ਅਤੇ ਬਾਹਰਲੇ ਮੁਲਕਾਂ ਦੀਆਂ ਅੰਬੈਸੀਆਂ, ਯੂ.ਐਨ ਦੇ ਹੈੱਡਕੁਆਰਟਰ ਵਿਖੇ ਮਨਾਉਣ ਜਾ ਰਹੇ ਹਾਂ, ਇਨ੍ਹਾਂ ਦੋਵਾਂ ਮਹੱਤਵਪੂਰਨ ਜਮਹੂਰੀਅਤ ਨਾਲ ਸੰਬੰਧਤ ਮੱਦਿਆ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 07 ਮਈ 2022 ਨੂੰ ਸਵੇਰੇ 11 ਵਜੇ ਗੁਰੂ ਨਾਨਕ ਭਵਨ ਨਜਦੀਕ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਕੰਨਵੈਨਸ਼ਨ ਕਰਨ ਜਾ ਰਹੇ ਹਾਂ । ਜਿਸ ਵਿਚ ਸਮੁੱਚੇ ਸੰਤ-ਮਹਾਪੁਰਖਾਂ, ਡੇਰਿਆਂ ਦੇ ਮੁੱਖੀਆਂ, ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਬੁੱਧੀਜੀਵੀਆਂ, ਦਿੱਲੀ, ਜੰਮੂ, ਹਰਿਆਣਾ, ਹਿਮਾਚਲ, ਰਾਜਸਥਾਂਨ, ਉਤਰਾਖੰਡ, ਪੰਜਾਬ, ਯੂਟੀ ਚੰਡੀਗੜ੍ਹ ਦੀਆਂ ਪੰਥਕ ਸੰਗਠਨਾਂ ਅਤੇ ਸਖਸ਼ੀਅਤਾਂ ਸਭਨਾਂ ਨੂੰ 07 ਮਈ ਨੂੰ ਅੰਮ੍ਰਿਤਸਰ ਵਿਖੇ ਪਹੁੰਚਣ ਲਈ ਸਤਿਕਾਰ ਸਹਿਤ ਸੱਦਾ ਦਿੰਦੇ ਹਾਂ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਵੱਲੋਂ ਅੰਮ੍ਰਿਤਸਰ ਵਿਖੇ 7 ਮਈ ਨੂੰ ਗੁਰੂ ਨਾਨਕ ਭਵਨ ਨਜਦੀਕ ਬੱਸ ਸਟੈਂਡ ਵਿਖੇ ਸਵੇਰੇ 11 ਵਜੇ ਕੌਮੀ ਜ਼ਮਹੂਰੀਅਤ ਬਹਾਲੀ ਦੇ ਗੰਭੀਰ ਵਿਸ਼ੇ ਅਤੇ ਹੋਰ ਪੰਥਕ ਵਿਸਿਆ ਉਤੇ ਸਭਨਾਂ ਸੰਸਥਾਵਾਂ, ਸੰਗਠਨਾਂ, ਜਥੇਬੰਦੀਆਂ, ਸਿਆਸੀ ਪਾਰਟੀਆਂ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਸੁਤੰਤਰ ਅਕਾਲੀ ਦਲ, ਡੈਮੋਕ੍ਰੇਟਿਕ ਅਕਾਲੀ ਦਲ, 1920 ਅਕਾਲੀ ਦਲ, ਫੈਡਰੇਸ਼ਨਾਂ, ਟਕਸਾਲਾਂ ਆਦਿ ਦੇ ਮੁੱਖੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਹੁਣ ਤੱਕ ਪਾਰਲੀਮੈਂਟ ਦੀਆਂ 17 ਵਾਰ ਚੋਣਾਂ ਹੋ ਚੁੱਕੀਆਂ ਹਨ । ਜਦੋਕਿ ਇਹ ਇੰਡੀਆਂ ਦੀ ਪਾਰਲੀਮੈਂਟ 1947 ਤੋਂ ਬਾਅਦ ਹੋਂਦ ਵਿਚ ਆਈ ਸੀ । ਸਾਡੀ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਵਿਚ ਕਾਨੂੰਨ ਦੁਆਰਾ ਹੋਂਦ ਵਿਚ ਆਈ ਸੀ, ਉਸਦੀਆਂ ਚੋਣਾਂ ਅੱਜ ਤੱਕ ਕੇਵਲ 8 ਵਾਰ ਹੀ ਹੋਈਆ ਹਨ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਹੁਕਮਰਾਨ ਅਤੇ ਗ੍ਰਹਿ ਵਿਭਾਗ ਸਾਡੀ ਇਸ ਜਮਹੂਰੀਅਤ ਪ੍ਰਕਿਰਿਆ ਨੂੰ ਬਹਾਲ ਨਾ ਕਰਕੇ ਅਸਿੱਧੇ ਤੌਰ ਤੇ ਸਾਡੀ ਸਿੱਖ ਪਾਰਲੀਮੈਂਟ ਉਤੇ ਮੰਦਭਾਵਨਾ ਅਧੀਨ ਪ੍ਰਬੰਧ ਵਿਚ ਦਖਲ ਦੇਣਾ ਹੈ । ਇਸ ਲਈ ਹੀ ਵਿੱਗੇ-ਟੇਢੇ ਢੰਗ ਨਾਲ ਸਾਡੇ ਗੁਰੂਘਰਾਂ ਦੇ ਪ੍ਰਬੰਧ ਅਤੇ ਸਾਡੇ ਇਤਿਹਾਸ ਬਾਰੇ ਪ੍ਰਚਾਰ ਤੇ ਪ੍ਰਸਾਰ ਵਿਚ ਹੁਕਮਰਾਨ ਗੈਰ-ਇਖਲਾਕੀ ਅਤੇ ਗੈਰ-ਕਾਨੂੰਨੀ ਤੌਰ ਤੇ ਦਖਲ ਦਿੰਦਾ ਆ ਰਿਹਾ ਹੈ । ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ । ਸਿੱਖ ਕੌਮ ਨਾਲ ਸੰਬੰਧਤ ਜਮਹੂਰੀਅਤ ਬਹਾਲੀ ਦੇ ਮੁੱਦੇ ਨੂੰ ਲੈਕੇ ਅਤੇ ਮੌਜੂਦਾ ਸਮੇਂ ਦਰਪੇਸ਼ ਆ ਰਹੇ ਪੰਥਕ ਮਸਲਿਆ ਉਤੇ ਸਾਂਝੇ ਤੌਰ ਤੇ ਵਿਚਾਰਾਂ ਕਰਨ ਅਤੇ ਫੈਸਲੇ ਕਰਨ ਲਈ ਉਪਰੋਕਤ ਪੰਥਕ ਕੰਨਵੈਨਸ਼ਨ ਰੱਖੀ ਗਈ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਨਾਲ ਸੰਬੰਧਤ ਕੋਈ ਵੀ ਧਿਰ, ਸੰਗਠਨ, ਸੰਸਥਾਵਾਂ, ਫੈਡਰੇਸ਼ਨਾਂ, ਟਕਸਾਲਾਂ, ਸੰਤ-ਮਹਾਪੁਰਖ, ਡੇਰਿਆਂ ਦੇ ਮੁੱਖੀ, ਸੰਪਰਦਾਵਾਂ ਦੇ ਮੁੱਖੀ, ਬੁੱਧੀਜੀਵੀ, ਪ੍ਰੋਫੈਸਰ, ਐਡਵੋਕੇਟ ਅਤੇ ਯੂਨੀਵਰਸਿਟੀਆਂ ਦੇ ਅਜਿਹੇ ਵਿਸਿਆ ਤੇ ਖੋਜ਼ ਕਰਨ ਵਾਲੇ ਵਿਦਵਾਨ ਇਸ ਕੰਨਵੈਨਸ਼ਨ ਵਿਚ ਸਮੂਲੀਅਤ ਕਰਕੇ ਕੌਮ ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਕੁੱਚਲੀ ਗਈ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਪੰਥਕ ਮਸਲਿਆ ਉਤੇ ਸਮੂਹਿਕ ਤੌਰ ਤੇ ਸਹੀ ਪਹੁੰਚ ਅਪਣਾਉਦੇ ਹੋਏ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਣਗੇ ।