ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਰਵਰੀ 2024 ਵਿਚ ਮਾਤਾ ਗੁਜਰ ਕੌਰ ਜੀ ਦਾ 400 ਸਾਲਾ ਜਨਮ ਦਿਹਾੜਾ ਬਹੁਤ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ ਤੇ ਇਹਨਾਂ ਪੋ੍ਰਗਰਾਮਾਂ ਦੀ ਵਿਉਤਬੰਦੀ ਲਈ ਤਾਲਮੇਲ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਕਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਇਸਤਰੀ ਅਕਾਲੀ ਦਲ ਵੱਲੋਂ ਕਰਵਾਏ ਮਾਤਾ ਗੁਜਰ ਕੌਰ ਨੂੰ ਸਮਰਪਿਤ ਸਮਾਗਮ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੰਘੇ ਦਿਨੀਂ ਕੇਂਦਰ ਸਰਕਾਰ ਨਾਲ ਰਲ ਕੇ ਲਾਲ ਕਿਲੇ ’ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਰੇਗੰਢ ਦੇ ਸਮਾਪਤੀ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਨਾਲ ਸਾਰੀ ਦੁਨੀਆਂ ਵਿਚ ਬੈਠੇ ਸਿੱਖਾਂ ਦੇ ਮਨ ਵਿਚ ਆਸ ਦੀ ਕਿਰਨ ਜਗੀ ਤੇ ਸਿੱਖ ਭਾਈਚਾਰੇ ਵੱਲੋਂ ਦਿੱਲੀ ਕਮੇਟੀ ਕੋਲ ਲਗਾਤਾਰ ਇਹ ਸੰਦੇਸ਼ ਆਏ ਕਿ ਇਸ ਤਰੀਕੇ ਗੁਰੂ ਸਾਹਿਬਾਨ ਤੇ ਸਿੱਖੀ ਬਾਰੇ ਪ੍ਰਚਾਰ ਤੇ ਪ੍ਰਸਾਰ ਜਾਰੀ ਰਹਿਣਾ ਚਾਹੀਦਾ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਸਿੱਖ ਧਰਮ ਬਾਰੇ ਘਰ ਘਰ ਤੱਕ ਪ੍ਰਚਾਰ ਕਰਨ ਵਾਸਤੇ ਵਿਉਤਬੰਦੀ ਕੀਤੀ ਹੈ ਤੇ ਸਥਾਨਕ ਪੱਧਰ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ, ਉਹ ਸੰਗਤਾਂ ਦੇ ਸਹਿਯੋਗ ਤੇ ਆਸ਼ੀਰਵਾਦ ਨਾਲ ਹੀ ਕਰ ਰਹੇ ਹਾਂ ਤੇ ਸੰਗਤਾਂ ਸਦਕਾ ਹੀ ਇਹ ਪ੍ਰੋਗਰਾਮ ਸਫਲ ਹੋ ਰਹੇ ਹਨ। ਉਹਨਾਂ ਕਿਹਾ ਕਿ ਜੋ ਤਾਲਮੇਲ ਕਮੇਟੀ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ ਵਿਚ ਗਠਿਤ ਕੀਤੀ ਜਾਣੀ ਹੈ, ਉਸ ਵਿਚ ਸੰਗਤਾਂ ਤੈਅ ਕਰਨਗੀਆਂ ਕਿ ਪ੍ਰੋਗਰਾਮ ਕਿਵੇਂ ਆਯੋਜਿਤ ਕੀਤੇ ਜਾਣ। ਉਹਨਾਂ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਨੂੰ ਘਰ ਘਰ ਪਹੁੰਚਾਇਆ ਜਾਵੇ ਜਿਸ ਲਈ ਅਸੀਂ ਸੰਗਤ ਦਾ ਸਹਿਯੋਗ ਚਾਹੁੰਦੇ ਹਾਂ।
ਉਹਨਾਂ ਕਿਹਾ ਕਿ ਜੋ ਅਕਾਲੀ ਦਲ ਦਿੱਲੀ ਸਟੇਟ ਗਠਿਤ ਕੀਤਾ ਗਿਆ ਹੈ, ਉਹ ਨਿਰੋਲ ਧਾਰਮਿਕ ਪਾਰਟੀ ਹੈ ਜਿਸਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਗੱਲ ਸਾਡੇ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ ਜਿਸ ਕਾਰਨ ਉਹ ਲਗਾਤਾਰ ਸਾਡੇ ਖਿਲਾਫ ਬੋਲ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਡੇ ਵਿਰੋਧੀਆਂ ਨੇ ਪਹਿਲਾਂ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਦਿੱਲੀ ਕਮੇਟੀ ਦੇ ਸਥਾਨ ’ਤੇ ਸਾਡੇ ਦਫਤਰ ਵਿਚ ਸ੍ਰੀ ਆਖੰਡ ਪਾਠ ਸਾਹਿਬ ਤਾਂ ਆਰੰਭ ਕਰਵਾ ਦਿੱਤੇ ਹਨ ਪਰ ਉਥੇ ਸੇਵਾਦਾਰ ਕੋਈ ਨਹੀਂ ਹੁੰਦਾ ਤੇ ਇਕੱਲਾ ਪਾਠੀ ਸਿੰਘ ਪਾਠ ਕਰ ਰਿਹਾ ਹੁੰਦਾ ਹੈ ਜੋ ਬਹੁਤ ਵੱਡੀ ਬੇਅਦਬੀ ਹੈ।
ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਸ਼ੋ੍ਰਮਣੀ ਕਮੇਟੀ ਕਿਸ ਮਾਡਲ ਦੇ ਤਹਿਤ ਦਿੱਲੀ ਵਿਚ ਪ੍ਰਚਾਰ ਮੁਹਿੰਮ ਆਰੰਭ ਰਹੀ ਹੈ ਜਦੋਂ ਕਿ ਉਹ ਪੰਜਾਬ ਵਿਚ ਧਰਮ ਦਾ ਪ੍ਰਚਾਰ ਕਰਨ ਵਿਚ ਬੁਰੀ ਤਰਾਂ ਨਾਕਾਮ ਹੋਈ ਹੈ। ਉਹਨਾਂ ਕਿਹਾ ਕਿ ਬਜਾਏ ਦਿੱਲੀ ’ਤੇ ਧਿਆਨ ਕੇਂਦਰਿਤ ਕਰਨ ਦੇ, ਸ਼ੋ੍ਰਮਣੀ ਕਮੇਟੀ ਨੁੰ ਪੰਜਾਬ ਵਿਚ ਆਪਣੇ ਨੌਜਵਾਨਾਂ ਦੀ ਜਿਹਨਾਂ ਨੇ ਧਰਮ ਪਰਿਵਰਤਨ ਕੀਤਾ ਹੈ, ਘਰ ਵਾਪਸੀ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਸ਼ੋ੍ਰਮਣੀ ਕਮੇਟੀ ਨੁੰ ਇਸ ਕਾਰਜ ਵਿਚ ਹਰ ਵੱਡਮੁੱਲਾ ਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸ਼ੋ੍ਰਮਣੀ ਕਮੇਟੀ ਪੰਜਾਬ ਵਿਚ ਬੱਚਿਆਂ ਨੁੰ ਗਿਰਜਾਘਰ, ਬੀਬੀਆਂ ਤੇ ਮਾਤਾਵਾਂ ਨੁੰ ਡੇਰਿਆਂ ਤੇ ਨੌਜਵਾਨਾਂ ਨੁੰ ਨਸ਼ਿਆਂ ਦੀ ਗਿ੍ਰਫਤ ਵਿਚ ਜਾਣ ਤੋਂ ਨਹੀਂ ਰੋਕ ਸਕੀ।
ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੁੰ ਮੀਡੀਆ ਰਾਹੀਂ ਅਪੀਲ ਕਰਦੇ ਹਨ ਕਿ ਉਹ ਪ੍ਰਧਾਨ ਨੁੰ ਪੁੱਛਣ ਕਿ ਉਹ ਕਿਹੜਾ ਮਾਡਲ ਲੈ ਕੇ ਦਿੱਲੀ ਆ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ ਅਸੀਂ ਆਪਣੇ ਬੱਚਿਆਂ, ਭਰਾਵਾਂ ਤੇ ਭੈਣਾਂ ਨੁੰ ਗੁਰਮਤਿ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ।
ਇਸ ਸਮਾਗਮ ਨੁੰ ਹੋਰਨਾਂ ਤੋਂ ਇਲਾਵਾ ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਐਮ ਪੀ ਐਸ ਚੱਢਾ ਪ੍ਰਧਾਨ ਅਕਾਲੀ ਦਲ ਦਿੱਲੀ ਸਟੇਟ, ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਵਿਕਰਮ ਸਿੰਘ ਰੋਹਿਣੀ ਤੇ ਹੋਰ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਦਿੱਲੀ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਤੇ ਹੋਰ ਪਤਵੰਡੇ ਵੱਡੀ ਗਿਣਤੀ ਵਿਚ ਹਾਜ਼ਰ ਸਨ।