ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨੱਕੋ–ਨੱਕ ਭਰੇ ਵੀਟ ਆਡੀਟੋਰੀਅਮ ਵਿੱਚ ਪੀਏਯੂ ਐਸ ਸੀ/ਬੀ ਸੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਸੂਬਾ ਪੱਧਰੀ ਪ੍ਰੋਗਰਾਮ ਬੜੀ ਧੂਮ–ਧਾਮ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਦੂਰੋਂ–ਦੂਰੋਂ ਆਏ ਸਮੂਹ ਆਗੂਆਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਗਿਆਨ ਚੰਦ ਨੇ ਐਸ ਸੀ/ਬੀ ਸੀ ਵੈਲਫੇਅਰ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਇਸ ਮੌਕੇ ਪੀਏਯੂ ਵਿਖੇ ਟੀਚਿੰਗ ਅਸਾਮੀਆਂ ਵਿੱਚ ਰਾਂਖਵਾਕਰਨ ਲਾਗੂ ਕਰਨ ਸਬੰਧੀ ਚੱਲ ਰਹੇ ਕੇਸ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਕੇਸ ਤੇਜੀ ਨਾਲ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ ਅਤੇ ਇਸ ਸਬੰਧੀ ਕਮਿਸ਼ਨ ਵੱਲੋ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਦੀ ਗਰਾਂਟ ਤੱਕ ਬੰਦ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਪ੍ਰੋਫੈਸਰ ਹਰਨੇਕ ਸਿੰਘ ਨੇ ਦੱਸਿਆ ਕਿ ਜੇਕਰ ਯੂਨੀਵਰਸਿਟੀ ਟੀਚਿੰਗ ਅਸਾਮੀਆਂ ਲਈ ਰਾਂਖਵਾਕਰਨ ਲਾਗੂ ਨਹੀਂ ਕਰਦੀ ਤਾਂ ਜਲਦ ਹੀ ਅਣਮਿਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਓ ਬ ਸੀ ਫਰੰਟ ਦੇ ਪ੍ਰਧਾਨ ਰਾਜਵਿੰਦਰ ਸਿੰਘ ਖਤਰੀਵਾਲ ਨੇ ਓ ਬੀ ਸੀ ਸਮਾਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਚਾਨਣਾ ਪਾਇਆ। ਇਸ ਮੌਕੇ ਸ਼੍ਰੀ ਸੋਮਪਾਲ ਵੱਲੋਂ ਸੰਵਿਧਾਨ ਬਚਾਓ ਤੇ ਇੱਕ ਨਾਟਕ ਵਿਸ਼ੇਸ਼ ਤੌਦ ਤੇ ਪੇਸ਼ ਕੀਤਾ ਗਿਆ। ਸ੍ਰੀ ਗੁਰਿੰਦਰ ਸਿੰਘ ਰੰਘਰੇਟਾ ਨੇ ਇਸ ਮੌਕੇ ਬੋਲਦਿਆਂ ਮੰਡਲ ਕਮਿਸ਼ਨ ਲਾਗੂ ਕਰਵਾਉਣ ਤੇ ਜ਼ੋਰ ਦਿੱਤਾ।
ਇਸ ਮੌਕੇ ਪੰਜਾਬ ਦੀਆਂ ਐਸ ਸੀ/ਬੀ ਸੀ, ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਹਨਾਂ ਸਾਰੇ ਆਗੂਆਂ ਨੇ ਆਪਣੇ ਸਮਾਜ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ ਅਤੇ ਇਹਨਾਂ ਨੂੰ ਨਜਿੱਠਣ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ। ਉਹਨਾਂ ਇਸ ਮੌਕੇ ਸਮਾਜ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਪੜ੍ਹੋ, ਜੁੜੋ ਅਤੇ ਸੰਘਰਸ਼ ਕਰਨ ਦਾ ਹੋਕਾ ਦਿੱਤਾ।
ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ (ਰਜਿ:) ਜਿਹਨਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ ਵੱਲੋਂ ਸ਼੍ਰੀ ਜਸਬੀਰ ਸਿੰਘ ਪਮਾਲੀ ਨੇ ਯਕੀਨ ਦਿਵਾਇਆ ਕਿ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਲਾਗੂ ਨਾ ਹੋਣ ਦੀ ਸੂਰਤ ਵਿੱਚ ਜੇਕਰ ਸੰਘਰਸ਼ ਆਰੰਭਿਆ ਜਾਂਦਾ ਹੈ ਤਾਂ ਸਾਡੀ ਜਥੇਬੰਦੀ ਦਾ ਪੂਰਨ ਸਹਿਯੋਗ ਰਹੇਗਾ। ਇਸ ਮੌਕੇ ਸ਼੍ਰੀ ਰਵੀ ਗੌਤਮ ਵੱਲੋਂ ਅੰਬੇਡਕਰੀ ਸਾਹਿਤ ਦੀ ਵਿਸ਼ੇਸ਼ ਤੌਰ ਪ੍ਰਦਰਸ਼ਨੀ ਲਗਾਈ ਗਈ।
ਇਂਸ ਸਮਾਗਮ ਵਿੱਚ ਡਾ. ਸੁਖਚੈਨ ਬਾਸੀ ਪਤਨੀ ਵਿਧਾਇਕ ਸ਼੍ਰੀ ਗੁਰਪ੍ਰੀਤ ਗੋਗੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਪੀਏਯੂ ਦੇ ਮੁਲਾਜਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮਨਵਾਉਣ ਦਾ ਵਿਸਵਾਸ਼ ਦੁਆਇਆ। ਇਸ ਮੌਕੇ ਗੁਰਸੇਵਕ ਸਿੰਘ, ਗੁਰਮੁਖ ਸਿੰਘ, ਯਾਦਵਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਥਰੀਕੇ, ਪ੍ਰਗਟ ਸਿੰਘ ਬਿਲਗਾ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਰਣਜੀਤ ਸਿੰਘ, ਪ੍ਰਮਿੰਦਰ ਸਿੰਘ ਆਦਿ ਤੋਂ ਇਲਾਵਾ ਪੀਏਯੂ ਦੇ ਵੱਖ–ਵੱਖ ਵਿਭਾਗਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਨੇ ਆਪਣੀ ਹਾਜ਼ਰੀ ਲੁਆ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ਼੍ਰੀ ਸਵਰਨ ਸਿੰਘ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਨਿਭਾਈ।