ਰਾਜਸਥਾਨ ਦੇ ਉਤਰ ਪੂਰਬ ਇਲਾਕੇ ਦੇ ਜਿਲ੍ਹਾ ਡੋਸਾ ਅੰਦਰ ਇੱਕ ਅਭਨੇਰੀ ਨਾਂ ਦਾ ਕਸਬਾ ਹੈ। ਜਿਹੜਾ ਜੈਪੁਰ ਤੋਂ 90 ਕਿ.ਮੀ. ਦੀ ਦੂਰੀ ਉਤੇ ਆਗਰਾ ਸ਼ੜਕ ਉਪਰ ਪੈਂਦਾਂ ਹੈ। ਉਸ ਕਸਬੇ ਵਿੱਚ ਦੋ ਇਤਿਹਾਸਕ ਥਾਵਾਂ ਨੂੰ ਵੇਖਣ ਦਾ ਮੌਕਾ ਮਿਲਿਆ।ਅੱਠਵੀਂ ਤੇ ਨੌਵੀ ਸਦੀ ਦਾ ਬਣਿਆ ਹੋਇਆ ਮੰਦਰ ਅਤੇ ਕੁਝ ਕਿ ਮੀਟਰ ਦੀ ਦੂਰੀ ਉਤੇ ਤੀਹ ਮੀਟਰ ਡੂੰਘਾ ਖੂਹ ਹੈ।ਇਹ ਅਨੋਖਾ ਅਦਭੁੱਤ ਖੂਹ ਉਸ ਵਕਤ ਦੇ ਰਾਜੇ ਚੰਦਾ ਨੇ ਬਣਾਇਆ ਸੀ।ਜਿਸ ਤੋਂ ਇਸ ਦਾ ਨਾਮ ਚਾਂਦ ਪਿਆ,ਖੂਹ ਨੂੰ ਰਾਜਸਥਾਨੀ ਬਾਉਰੀ ਕਹਿੰਦੇ ਹਨ।ਇਸ ਕਰਕੇ ਇਹ ਚਾਂਦ ਬਾਉਰੀ ਦੇ ਨਾਂ ਨਾਲ ਜਾਣਿਆ ਜਾਦਾਂ ਹੈ।ਇੱਕ ਦੰਦ ਕਥਾ ਮੁਤਾਬਕ ਇਸ ਇਲਾਕੇ ਵਿੱਚ ਪਾਣੀ ਦੀ ਭਾਰੀ ਕਿੱਲਤ ਕਾਰਨ ਇਸ ਨੂੰ ਇੱਕ ਰਾਤ ਵਿੱਚ ਹੀ ਖੋਦਿਆ ਗਿਆ ਸੀ।ਇਸ ਦੀ ਡੂੰਘਾਈ ਨੂੰ ਮਾਪਣ ਲਈ ਇਸ ਵਿੱਚ ਕੋਈ ਸਿੱਕਾ ਸੁੱਟ ਦਿੱਤਾ ਜਾਵੇ, ਤਾਂ ਲੱਭਣਾ ਬਹੁਤ ਹੀ ਮੁਸ਼ਕਲ ਹੈ।ਇਸ ਦੇ ਦੁਆਲੇ ਤੇਰਾਂ ਮੰਜ਼ਲ ਉੱਚੀਆਂ ਕਰਮਵਾਰ ਤ੍ਰਿਕੋਣੀਆਂ 3500 ਪੌੜੀਆਂ ਬਣੀਆਂ ਹੋਈਆਂ ਹਨ।ਇਸ ਨੂੰ ਭਾਰਤ ਦਾ ਸਭ ਤੋਂ ਪਹਿਲਾ ਤੇ ਡੂੰਘਾ ਖੂਹ ਮੰਨਿਆ ਜਾਦਾ ਹੈ।ਇਸ ਵੱਖਰੀ ਕਿਸਮ ਦੇ ਖੂਹ ਵਿੱਚੋਂ ਰਾਜੇ ਦਾ ਪ੍ਰਵਾਰ ਅਤੇ ਇਲਾਕੇ ਦੇ ਲੋਕੀਂ ਪੀਣ ਲਈ ਸਾਫ ਪਾਣੀ ਲੈਕੇ ਜਾਂਦੇ ਸਨ।ਇਸ ਥਾਂ ਉਪਰ ਕਈ ਫਿਲਮਾਂ ਦਾ ਫਿਲਮਾਕਣ ਵੀ ਹੋਇਆ ਹੈ।ਜਿਵੇਂ ਕਿ ਸਾਲ 2012 ਵਿੱਚ (ਬੈਟਮੈਨ ਡਾਰਕ ਨਾਈਟ ਰੀਸਸ)
ਇੰਗ਼ਲਿਸ਼ ਫਿਲਮ ਦਾਂ ਨਾਂ ਵਰਨਣ ਯੋਗ ਹੈ।ਇਥੋਂ ਵੀਹ ਮੀਟਰ ਦੀ ਦੂਰੀ ਉਪਰ ਹਸ਼ਰਤ ਮਾਤਾ ਮੰਦਰ ਹੈ।ਇਹ ਦੋਵੇਂ ਸਥਾਨ ਇੱਕੋ ਸਮੇ ਬਣਾਏ ਗਏ ਸਨ।ਜਿਵੇਂ ਕਹਿੰਦੇ ਨੇ ਤਾਕਤ ਦਸ ਸਾਲ ਤੱਕ ਰਹਿੰਦੀ ਹੈ।ਪਰ ਪ੍ਰਭਾਵ ਕਈ ਸੌ ਸਾਲ ਤੱਕ ਰਹਿੰਦੇ ਹਨ।ਇਹ ਉਦਾਹਰਣ ਇਸ ਮੰਦਰ ਉਪਰ ਪੂਰੀ ਢੁੱਕਦੀ ਹੈ।ਰੂਸ ਦੀ ਕਹਾਵਤ ਹੈ,ਧਰਮ ਦੇ ਦੋ ਪੁੱਤਰ ਹੁੰਦੇ ਹਨ।ਇੱਕ ਪਿਆਰ ਤੇ ਦੂਸਰਾ ਨਫਰਤ।ਜਦੋਂ ਇਸ ਦਾ ਨਫਰਤ ਭਰਿਆ ਪੁੱਤਰ ਮਹਿਮੂਦ ਗਜ਼ਨਬੀ ਭਾਰਤ ਆਇਆ ਸੀ।ਉਸ ਨੇ ਇਸ ਮੰਦਰ ਨੂੰ ਤੋੜ ਕੇ ਢਹਿ ਢੇਰੀ ਕਰ ਦਿੱਤਾ ਸੀ।ਪਰ ਉਸ ਦੀ ਨਫਰਤ ਵਾਲੀ ਅੱਗ ਇਸ ਦੀ ਹਸਤੀ ਨੂੰ ਨਾ ਮਿਟਾ ਸਕੀ।ਇਹ ਸਦੀਆਂ ਪੁਰਾਣਾ ਮੰਦਰ ਅੱਜ ਵੀ ਖੂਬਸੂਰਤ ਦਿੱਸਦਾ ਹੈ।ਉਪਰਥਲੀ, ਵਿੰਗੇ,ਟੇਡੇ,ਟੁੱਟੇ ਅਤੇ ਬਿਨ੍ਹਾਂ ਤਰਤੀਬ ਤੋਂ ਰੱਖੇ ਹੋਏ ਵੱਡੇ ਵੱਡੇ ਲਾਲ ਪੱਥਰਾਂ ਵਿੱਚ ਖੜ੍ਹਾ ਆਪਣੀ ਦੁੱਖ ਭਰੀ ਦਾਸਤਾਨ ਬਿਆਨ ਕਰ ਰਿਹਾ ਹੈ।ਮੰਦਭਾਗੀ ਘਟਨਾ ਵਾਪਰ ਜਾਣ ਤੇ ਵੀ ਇਸ ਨੇ ਆਪਣੀ ਸੁੰਦਰਤਾ ਨੁੰ ਕਾਇਮ ਰੱਖਿਆ ਹੋਇਆ ਹੈ।ਢਲਦੀ ਸ਼ਾਮ ਜਦੋਂ ਅਸੀ ਉਥੇ ਪਹੁੰਚੇ,ਭਾਰੀ ਚੌਰਸ ਲਾਲ ਪੱਥਰਾਂ ਦੇ ਬਣੇ ਹੋਏ ਛੋਟੇ ਜਿਹੇ ਕਮਰੇ ਵਿੱਚ ਜੋਤ ਜਗ ਰਹੀ ਸੀ।ਪੁਜਾਰੀ ਪੂਜਾ ਕਰਨ ਵਿੱਚ ਮਗ਼ਨ ਸੀ।ਟਾਵਾਂ ਟਾਵਾਂ ਸ਼ਰਧਾਲੂ ਦਰਸ਼ਨਾਂ ਲਈ ਆ ਰਿਹਾ ਸੀ।ਸਾਡੇ ਉਥੇ ਘੁੰਮਦਿਆਂ ਹੀ ਸੂਰਜ ਅਸਤ ਹੋ ਗਿਆ ਸੀ।ਚਾਂਦ ਬਾਉਰੀ ਲੋਕਾਂ ਦੇ ਵੇਖਣ ਲਈ ਬੰਦ ਕਰ ਦਿੱਤੀ ਸੀ।ਜਿਸ ਨੂੰ ਅਸੀ ਜੀਅ ਭਰ ਕੇ ਨਾ ਵੇਖ ਸਕੇ।ਇਸ ਜਗ੍ਹਾ ਉਪਰ ਨਿਵਰਾਤਰੀ ਅਤੇ ਦੁਸਿਹਰੇ ਨੂੰ ਭਾਰੀ ਜੋੜ ਮੇਲਾ ਲਗਦਾ ਹੈ। ਜਿਥੇ ਹਰ ਸਾਲ ਹਜ਼ਾਰਾਂ ਲੋਕੀ ਵੇਖਣ ਲਈ ਆੳੇੁਦੇ ਹਨ।ਸਿਆਣੇ ਕਹਿੰਦੇ ਨੇ,ਬੰਦੇ ਦੇ ਕੰਮ ਹੀ ਉਸ ਦੀ ਪਹਿਚਾਣ ਬਣਦੇ ਹਨ।ਨਹੀ ਤਾਂ ਉਹ ਦੇ ਨਾਮ ਦੇ ਦੁਨੀਆਂ ਵਿੱਚ ਹਜ਼ਾਰਾਂ ਲੋਕੀਂ ਹੁੰਦੇ ਹਨ।