ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਪਟਿਆਲਾ ਸ਼ਹਿਰ ’ਚ ਵਾਪਰੇ 29 ਅਪ੍ਰੈਲ ਦੇ ਘਟਨਾਕ੍ਰਮ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ਼ ਲਗਾਈਆਂ ਜਾ ਰਹੀਆਂ ਸਖਤ ਧਰਾਵਾਂ ਅਤੇ ਗਿ੍ਰਫਤਾਰੀਆਂ ਨੂੰ ਲੈ ਕੇ ਅੱਜ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦੀ ਅਗਵਾਈ ’ਚ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਐਸਐਸਪੀ ਪਟਿਆਲਾ ਦੀਪਕ ਪਾਰਿਖ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਅਤੇ ਸਖਤ ਧਰਾਵਾਂ ਲਗਾਕੇ ਗਿ੍ਰਫ਼ਤਾਰ ਕਰਨਾ ਜਾਇਜ਼ ਕਦਮ ਨਹੀਂ ਹੈ। ਵਫਦ ਨੇ ਐਸਐਸਪੀ ਪਟਿਆਲਾ ਨੂੰ ਮੰਗ ਪੱਤਰ ਦੇ ਕੇ ਜਿਥੇ ਹਿੰਸਕ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਧਾਰਾਵਾਂ ਲਾਉਣ ਅਤੇ ਗਿ੍ਰਫਤਾਰੀਆਂ ਕਰਨ ਦੀ ਮੰਗ ਕੀਤੀ ਹੈ, ਉਥੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਖਿਲਾਫ਼ ਦਰਜ ਕੀਤੇ ਜਾ ਰਹੇ ਮਾਮਲੇ ਅਤੇ ਗਿ੍ਰਫਤਾਰੀਆਂ ਨਾ ਕੀਤੇ ਜਾਣ ਦਾ ਮਾਮਲਾ ਉਠਾਇਆ ਗਿਆ। ਵਫ਼ਦ ’ਚ ਸ਼ੋ੍ਰਮਣੀ ਕਮੇਟੀ ਮੈਂਬਰਾਂ ’ਚ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਨਿਰਮਲ ਸਿੰਘ ਹਰਿਆਊ, ਹੈਡ ਗ੍ਰੰਥੀ ਗਿਆਨੀ ਪਿ੍ਰਤਪਾਲ ਸਿੰਘ ਆਦਿ ਸ਼ਾਮਲ ਸਨ। ਮੁਲਾਕਾਤ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਐਸਐਸਪੀ ਦੀਪਕ ਪਾਰਿਖ ਨੂੰ ਜਾਣੂੰ ਕਰਵਾਇਆ ਕਿ ਸ਼ਹਿਰ ’ਚ ਵਾਪਰੀ ਮੰਦਭਾਗੀ ਘਟਨਾ ਪਿੱਛੇ ਹਿੰਦੂ ਨੇਤਾ ਹਰੀਸ਼ ਸਿੰਗਲਾ ਦਾ ਹੱਥ ਹੈ, ਜਿਸ ਨੇ ਸਿੱਖ ਨੌਜਵਾਨਾਂ ਨੂੰ ਉਕਸਾਇਆ ਅਤੇ ਵੱਡਾ ਫਸਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਨੂੰ ਮਾਸਟਰ ਮਾਈਡ ਘੋਸ਼ਿਤ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਬਲੀਕਿ ਹਰੀਸ਼ ਸਿੰਗਲਾ ਹੀ ਘਟਨਾ ਦਾ ਅਸਲ ਮਾਸਟਰ ਮਾਈਡ ਰਿਹਾ ਹੈ, ਜਿਸ ਕਾਰਨ ਟਕਰਾਅ ਹੋਇਆ ਅਤੇ ਅਮਨ ਸ਼ਾਂਤੀ ਭੰਗ ਹੋਣ ਵਾਲੇ ਹਾਲਾਤ ਪੈਦਾ ਹੋਏ।
ਜਥੇਦਾਰ ਪੰਜੌਲੀ ਨੇ ਕਿਹਾ ਕਿ ਘਟਨਾ ’ਚ ਸ਼ਾਮਲ ਵਿਅਕਤੀਆਂ ਦੀ ਅਸੀਂ ਕਦਾਚਿਤ ਹਮਾਇਤ ਨਹੀਂ ਕਰਦੇ, ਪ੍ਰੰਤੂ ਘਟਨਾ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਖਿਲਾਫ਼ ਦਰਜ ਕੀਤੇ ਜਾ ਰਹੇ ਗਲਤ ਪਰਚੇ ਰੱਦ ਕੀਤੇ ਜਾਣ ਅਤੇ ਪੂਰੀ ਪਾਰਦਰਸ਼ਤਾ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਜਥੇਦਾਰ ਪੰਜੌਲੀ ਨੇ ਸ਼ੋਸ਼ਲ ਮੀਡੀਏ ’ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਗੱਗੀ ਪੰਡਤ ਦੀ ਪੁਲਿਸ ਵੱਲੋਂ ਕੀਤੀ ਗਿ੍ਰਫਤਾਰੀ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਦੌਰਾਨ ਇਕ ਸਿੱਖ ਬਲਜਿੰਦਰ ਸਿੰਘ ਅਜਨਾਲਾ ਨੂੰ ਗੋਲੀ ਲੱਗਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਪ੍ਰੰਤੂ ਅਜੇ ਤੱਕ ਨਾ ਤਾਂ ਉਸ ਦੇ ਸਰੀਰ ਵਿਚ ਲੱਗੀ ਗੋਲੀ ਨੂੰ ਬਾਹਰ ਕੱਢਿਆ ਗਿਆ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਹ ਦੱਸ ਸਕਿਆ ਕਿ ਆਖਿਰ ਇਹ ਗੋਲੀ ਕਿਸ ਬੰਦੂਕ ਜਾਂ ਹਥਿਆਰ ਨਾਲ ਚਲਾਈ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਗੋਲੀ ਕਢਵਾਕੇ ਇਹ ਜਾਂਚ ਕਰਵਾਈ ਜਾਣੀ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਐਸਐਸਪੀ ਪਟਿਆਲਾ ਨੇ ਸਪੱਸ਼ਟ ਕੀਤਾ ਪੁਲਿਸ ਪ੍ਰਸ਼ਾਸਨ ਨਿਰਪੱਖ ਰਹਿਕੇ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਵੀ ਸਿੱਖ ਵਿਅਕਤੀ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਹਿੰਦੂ ਅਤੇ ਸਿੱਖ ਆਗੂਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਕ ਚੰਗਾ ਸੁਨੇਹਾ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਗਵੰਤ ਸਿੰਘ ਧੰਗੇੜਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਜਨ. ਸਕੱਤਰ ਐਸ.ਸੀ. ਵਿੰਗ ਸ਼ੋ੍ਰਮਣੀ ਅਕਾਲੀ ਦਲ ਜੋਗਿੰਦਰ ਸਿੰਘ ਪੰਛੀ ਆਦਿ ਹਾਜ਼ਰ ਸਨ।