ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜਾਅਲੀ ਨਕਦੀ ਛਾਪਣ ਨਾਲ ਸੰਬੰਧਿਤ ਇੱਕ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਅਪਰਾਧੀ ਨੇ 12 ਮਿਲੀਅਨ ਪੌਂਡ ਮੁੱਲ ਦੇ ਨਕਲੀ ਬੈਂਕ ਨੋਟ ਛਾਪਣ ਵਿੱਚ ਮਦਦ ਕੀਤੀ ਸੀ। ਫਰਨਿੰਘਮ ਦਾ ਰਹਿਣ ਵਾਲਾ ਐਂਡਰਿਊ ਆਇਨਸਵਰਥ ਇੱਕ ਅਜਿਹੇ ਗਿਰੋਹ ਦਾ ਹਿੱਸਾ ਸੀ ਜਿਸ ਨੇ ਪ੍ਰਿੰਟਿੰਗ ਮਸ਼ੀਨ ਨਾਲ 20 ਪੌਂਡ ਦੇ ਜਾਅਲੀ ਨੋਟ ਵੱਡੇ ਪੱਧਰ ‘ਤੇ ਛਾਪੇ ਸੀ। ਇਸ ਸੰਬੰਧੀ ਜਨਵਰੀ 2019 ਵਿੱਚ ਬੈਂਕ ਆਫ਼ ਇੰਗਲੈਂਡ ਵੱਲੋਂ 1.8 ਮਿਲੀਅਨ ਪੌਂਡ ਦੀ ਨਕਦੀ ਦੇ ਬਾਜ਼ਾਰਾਂ ਵਿੱਚ ਚਲਦੇ ਹੋਣ ਤੋਂ ਬਾਅਦ ਜਾਂਚਕਰਤਾਵਾਂ ਨੂੰ ਅਪਰਾਧਿਕ ਕਾਰਵਾਈ ਲਈ ਸੁਚੇਤ ਕੀਤਾ ਗਿਆ ਸੀ। ਜਿਸ ਦੇ ਬਾਅਦ ਗੈਂਗ ਦੀ ਪ੍ਰਿੰਟਿੰਗ ਪ੍ਰਕਿਰਿਆ ਵਿੱਚ ਵਰਤੀਆਂ ਜਾਣ ਵਾਲੀ ਸਮੱਗਰੀ ਨੂੰ ਫਿਰ ਬੇਕਨਹੈਮ, ਦੱਖਣ-ਪੂਰਬੀ ਲੰਡਨ ਵਿੱਚ ਇੱਕ ਉਦਯੋਗਿਕ ਯੂਨਿਟ ਵਿੱਚ ਲੱਭਿਆ ਗਿਆ ਸੀ, ਜਿਸਦੀ ਮਲਕੀਅਤ ਇਸਦੇ ਇੱਕ ਮੈਂਬਰ ਦੀ ਸੀ।
ਮਈ 2019 ਵਿੱਚ ਸਾਈਟ ‘ਤੇ ਪੁਲਿਸ ਛਾਪੇਮਾਰੀ ਵਿੱਚ ਸਾਜ਼ੋ-ਸਾਮਾਨ ਅਤੇ 5.25 ਮਿਲੀਅਨ ਪੌਂਡ ਦੇ ਜਾਅਲੀ ਨੋਟ ਮਿਲੇ ਸਨ। ਇਸ ਦੇ ਇਲਾਵਾ ਦੱਖਣ-ਪੂਰਬੀ ਲੰਡਨ ਵਿੱਚ ਇੱਕ ਰਿਹਾਇਸ਼ੀ ਸੜਕ ‘ਤੇ 5 ਮਿਲੀਅਨ ਦੇ ਹੋਰ ਨਕਲੀ ਬੈਂਕ ਨੋਟ ਸੁੱਟੇ ਗਏ ਸਨ ਅਤੇ 200,000 ਤੋਂ ਵੱਧ ਦੀ ਤਿੰਨ ਮਹੀਨਿਆਂ ਬਾਅਦ ਹੀ ਫਰਨਿੰਘਮ ਅਤੇ ਲੋਂਗਫੀਲਡ ਦੇ ਵਿਚਕਾਰ, ਕੈਂਟ ਵਿੱਚ ਇੱਕ ਰੇਲਵੇ ਲਾਈਨ ਤੋਂ ਲੱਭੇ ਗਏ ਸਨ। ਇਸ ਗੈਂਗ ਦੇ ਮੈਂਬਰ ਆਇਨਸਵਰਥ ਨੂੰ ਪਿਛਲੇ ਮਹੀਨੇ ਵੂਲਵਿਚ ਕਰਾਊਨ ਕੋਰਟ ਵਿੱਚ ਜਾਅਲੀ ਕਰੰਸੀ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਹੁਣ ਉਸ ਨੂੰ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ ਸਮੂਹ ਦੇ ਤਿੰਨ ਹੋਰ ਮੈਂਬਰ ਆਪਣੀ ਸ਼ਮੂਲੀਅਤ ਕਬੂਲ ਕਰਨ ਅਤੇ ਪਿਛਲੇ ਸਾਲ ਜਨਵਰੀ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁੱਲ ਮਿਲਾ ਕੇ ਸਾਢੇ 22 ਸਾਲ ਦੀ ਸਜ਼ਾ ਕੱਟ ਰਹੇ ਹਨ।