ਬਲਾਚੌਰ, ( ਉਮੇਸ਼ ਜੋਸ਼ੀ) :- ਸਿਹਤ ਵਿਭਾਗ ਨੇ ਸੂਬੇ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਹੋਣ ਵਾਲੀਆਂ ਸੰਭਾਵਿਤ ਮੌਤਾਂ ਨੂੰ ਰੋਕਣ ਲਈ ਸਿਹਤ ਅਡਵਾਈਜਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਭਿਆਨਕ ਗਰਮੀ ਅਤੇ ਲੂਅ ਤੋਂ ਬਚਾਅ ਲਈ ਆਮ ਲੋਕਾਂ ਨੂੰ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਲਈ ਕਿਹਾ ਹੈ। ਡਾ. ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਿਆਨਕ ਗਰਮੀ ਦੇ ਮੌਸਮ ਵਿੱਚ ਤੱਤੀਆਂ ਹਵਾਵਾਂ ਸਾਡੇ ਸਰੀਰ ਖ਼ਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਝੁਲਸਾ ਸਕਦੀਆਂ ਹਨ। 40 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਹੋਣ 0ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਵਿੱਚ ਰੱਖਦਾ ਹੈ, ਜਿਸ ਨਾਲ ਸਰੀਰ 0ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਬਰਾਬਰ ਗਰਮ ਹੋ ਜਾਂਦਾ ਹੈ, ਜਿਸਨੂੰ ਲੂਅ ਲੱਗਣਾ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ। ਆਮ ਤੌਰ 0ਤੇ ਲੋਕ ਇਸਨੂੰ ਹਲਕੇ ਵਿੱਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂਅ ਨਹੀਂ ਲੱਗ ਸਕਦੀ, ਪਰ ਲੂਅ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਲੱਗ ਸਕਦੀ ਹੈ। ਲੂਅ ਲੱਗਣਾ ਜਾਂ ਹੀਟ ਸਟ੍ਰੋਕ ਬਹੁਤ ਖ਼ਤਰਨਾਕ ਹੈ, ਕਿਉਂਕਿ ਇਸ ਨਾਲ ਤਕਰੀਬਨ 63 ਫੀਸਦੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਡਾ. ਕੁਲਵਿੰਦਰ ਮਾਨ ਨੇ ਆਮ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਤਿੱਖੀ ਧੁੱਪ ਵਿੱਚ ਦੁਪਹਿਰ ਵੇਲੇ ਖ਼ਾਸ ਕਰਕੇ 12:00 ਵਜੇ ਤੋਂ 3:00 ਵਜੇ ਦਰਮਿਆਨ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਲੂਅ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਇਨ੍ਹਾਂ ਦੀ ਸਿਹਤ 0ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਭਿਆਨਕ ਗਰਮੀ ਅਤੇ ਲੂਅ ਤੋਂ ਆਪਣੇ-ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਤਰਲ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਤਾਜ਼ਾ ਜੂਸ, ਨਿੰਬੂ ਪਾਣੀ ਅਤੇ ਓ.ਆਰ.ਐੱਸ. ਘੋਲ਼ ਆਦਿ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਕੋਲਡ ਡਰਿੰਕ ਤੇ ਹੋਰ ਡੱਬਾਬੰਦ ਪੀਣ ਵਾਲੇ ਪਦਾਰਥ ਪੀਣ ਅਤੇ ਬਾਹਰ ਦੇ ਖਾਣੇ ਜਾਂ ਫਾਸਟ ਫੂਡ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਲੂਅ ਦੇ ਲੱਛਣਾਂ ਨੂੰ ਜਲਦ ਪਛਾਨਣ ਸਬੰਧੀ ਜਾਗਰੂਕਤਾ ਕਰਦਿਆਂ ਦੱਸਿਆ ਕਿ ਅੱਖਾਂ ਦੇ ਸਾਹਮਣੇ ਹਨ੍ਹੇਰਾ ਛਾਅ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਤੇ ਘਬਰਾਹਟ ਹੋਣਾ, ਹਲਕਾ ਜਾਂ ਤੇਜ਼ ਬੁਖਾਰ ਹੋਣਾ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਦ ਹੋਣਾ ਅਤੇ ਕਮਜ਼ੋਰੀ ਮਹਿਸੂਸ ਹੋਣਾ ਆਦਿ ਲੂਅ ਲੱਗਣ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉੁਕਤ ਲੱਛਣ ਵਿਖਾਈ ਦੇਣ ਤਾਂ ਮੁੱਢਲੀ ਸਹਾਇਤਾ 0ਚ ਜ਼ਰੂਰੀ ਹੈ ਕਿ ਅਜਿਹੇ ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ, ਕੱਪੜੇ ਢਿੱਲੇ ਕਰ ਦਿੱਤੇ ਜਾਣ, ਪੀਣ ਲਈ ਕੁਝ ਘਰੇਲੂ ਤਰਲ ਪਦਾਰਥ ਦਿੱਤਾ ਜਾਵੇ ਅਤੇ ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਢੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾਣ। ਇਸ ਤੋਂ ਇਲਾਵਾ ਠੰਢੇ ਪਾਣੀ ਨਾਲ ਭਰੇ ਬਾਥਟੱਬ 0ਚ ਮਰੀਜ਼ ਨੂੰ ਗਲ਼ੇ ਤੱਕ ਲਿਟਾਇਆ ਜਾ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ.ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੂਅ ਲੱਗਣ ਦੇ ਖ਼ਦਸ਼ਿਆਂ ਦੇ ਚੱਲਦਿਆਂ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕੇ, ਨੇੜਲੇ ਹਸਪਤਾਲ ਲਿਜਾ ਕੇ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ।