ਰੈਲਮਾਜਰ, (ਉਮੇਸ਼ ਜੋਸ਼ੀ) – ਜ਼ਿਲ੍ਹੇ ਵਿੱਚ ਪੋਲੀਥੀਨ ਲਿਫ਼ਾਫ਼ਿਆਂ/ਪਲਾਸਿਟਕ ਸਮੱਗਰੀ ਦੀ ਰੀਸਾਈਕਲਿੰਗ ਲਈ ਯਤਨਸ਼ੀਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਮੈਕਸ ਸਪੈਸ਼ਲਿਟੀ ਫ਼ਿਲਮਜ਼ ਕੰਪਨੀ ਦਾ ਦੌਰਾ ਕਰਕੇ, ਕੰਪਨੀ ਪ੍ਰਬੰਧਕਾਂ ਨਾਲ ਇਸ ਪ੍ਰਾਜੈਕਟ ਨੂੰ ਜ਼ਮੀਨੀ ਰੂਪ ਦੇਣ ਲਈ ਮੀਟਿੰਗ ਕੀਤੀ। ਉਨ੍ਹਾਂ ਇਸ ਮੌਕੇ ਕੰਪਨੀ ਪ੍ਰਬੰਧਕਾਂ ਵੱਲੋਂ ਮੰਡੀ ਗੋਬਿੰਦਗਡ਼੍ਹ ਵਿਖੇ ਲਾਏ ਗਏ ਮੈਕਸ ਰੀਸਾਇਕਲਿੰਗ ਪਾਇਲਟ ਪਲਾਂਟ ਦੀ ਤਰਜ਼ ’ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ ਜਲਦ ਪਲਾਂਟ ਲਾਏ ਜਾਣ ’ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਪਲਾਂਟ ਲਈ ਲੋਡ਼ੀਂਦੀ ਥਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਸ਼ਕਸ਼ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਪਲਾਸਿਟਕ/ਪੋਲੀਥੀਨ ਦੇ ਲਿਫ਼ਾਫ਼ਿਆਂ/ ਸਮਾਨ ਦੇ ਨਿਪਟਾਰੇ ਲਈ ਅਜਿਹੇ ਪ੍ਰਾਜੈਕਟ ਸਮੇਂ ਦੀ ਲੋਡ਼ ਬਣ ਗਏ ਹਨ। ਉਨ੍ਹਾਂ ਕੰਪਨੀ ਨੂੰ ਪ੍ਰਾਜੈਕਟ ਦੀ ਸਥਾਪਤੀ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਵਿੱਚ ਨਗਰ ਕੌਂਸਲਾਂ ਦਾ ਸ਼ਹਿਰੀ ਇਲਾਕਿਆਂ ’ਚੋੋਂ ਇਕੱਠਾ ਕੀਤਾ ਜਾਂਦਾ ਪੋਲੀਥੀਨ ਦਾ ਨਿਪਟਾਰਾ ਤਾਂ ਹੋਵੇਗਾ ਹੀ, ਨਾਲ ਹੀ ਪਿੰਡਾਂ ਵਿੱਚੋਂ ਵੀ ਪੋਲੀਥੀਨ ਨੂੰ ਇਸ ਪਲਾਂਟ ਤੱਕ ਲਿਆਉਣ ਦਾ ਪ੍ਰਬੰਧ ਕਰਕੇ, ਜ਼ਿਲ੍ਹੇ ਨੂੰ ਪੋਲੀਥੀਨ/ਪਲਾਸਿਟਕ ਰਹਿੰਦ-ਖੂੰਹਦ ਮੁਕਤ ਬਣਾਉਣ ਦੀ ਭਵਿੱਖੀ ਯੋਜਨਾ ਨੂੰ ਬੱਲ ਮਿਲੇਗਾ। 10 ਤੋਂ 12 ਟਨ ਦੇ ਰੀਸਾਇਕਲਿੰਗ ਪਲਾਂਟ ਲਈ ਲੋਡ਼ੀਂਦੀ ਥਾਂ ਮੁਹੱਈਆ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਇਸ ਨਾਲ ਨਗਰ ਕੌਂਸਲਾਂ ਨੂੰ ਪਲਾਸਿਟ/ਪੋਲੀਥੀਨ ਕੂਡ਼ੇ ਤੋਂ ਬੱਝਵੀਂ ਆਮਦਨ ਵੀ ਬਣੇਗੀ ਅਤੇ ਇਸ ਦੇ ਨਿਪਟਾਰੇ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਸ੍ਰੀ ਐਨ ਪੀ ਐਸ ਰੰਧਾਵਾ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਇਸ ਪਲਾਂਟ ਪ੍ਰਤੀ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਵੀ ਆਪਣੇ ਪਲਾਸਿਟਕ/ਪੋਲੀਥੀਨ ਕੂਡ਼ੇ ਦੇ ਨਿਪਟਾਰੇ ’ਚ ਲਾਭ ਮਿਲੇਗਾ ਅਤੇ ਪਲਾਂਟ ਲਈ ਲੋਡ਼ੀਂਦਾ ਕੱਚਾ ਮਾਲ ਵੀ ਲੋਡ਼ੀਂਦੀ ਮਾਤਰਾ ਵਿੱਚ ਉਪਲਬਧ ਹੋਵੇਗਾ। ਕੰਪਨੀ ਪ੍ਰਬੰਧਕਾਂ ਨੇ ਦੱਸਿਆ ਕਿ ਮੰਡੀ ਗੋਬਿੰਦਗਡ਼੍ਹ ਪਲਾਂਟ ਇਸੇ ਤਰਜ਼ ’ਤੇ ਨਗਰ ਕੌਂਸਲਾਂ ’ਚ ਆਉਂਦੇ ਪਲਾਸਿਟਕ/ਪੋਲੀਥੀਨ ਕੂਡ਼ੇ ਤੋਂ ਦਾਣੇ ਬਣਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਹਿਯੋਗ ਦੇ ਭਰੋਸੇ ’ਤੇ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਲਾਂਟ ਲਾਉਣ ’ਤੇ ਵਿਚਾਰ ਕਰਨਗੇ ਤਾਂ ਜੋ ਜ਼ਿਲ੍ਹਾ ਪਲਾਸਿਟਕ ਮੁਕਤ ਬਣਾਉਣ ਵਿੱਚ ਕੰਪਨੀ ਵੀ ਆਪਣਾ ਸਹਿਯੋਗ ਦੇ ਸਕੇ।ਇਸ ਮੌਕੇ ਕੰਪਨੀ ਪ੍ਰਬੰਧਕਾਂ ਵੱਲੋਂ ਇੱਕ ਪੇਸ਼ਕਾਰੀ ਰਾਹੀਂ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਕੰਪਨੀ ਦੇ ਕੰਮ-ਕਾਰ ਬਾਰੇ ਵਿਸਥਾਰ ’ਚ ਦੱਸਿਆ ਗਿਆ। ਮੈਕਸ ਫ਼ਿਲਮਜ਼ ਦੇ ਸੀ ਈ ਓ ਕੇ. ਮਨੋਹਰ, ਪਲਾਂਟ ਹੈੱਡ ਨਵਨੀਤ ਮਲਹੋਤਰਾ, ਪਰਚੇਜ਼ ਹੈੱਡ ਰਿਤੇਸ਼ ਤ੍ਰਿਖਾ, ਕੌਮਾਂਤਰੀ ਸੇਲਜ਼ ਹੈੱਡ ਅਵਿਨਾਸ਼ ਕੁਮਾਰ ਸਿੰਘ, ਚੀਫ਼ ਫਾਇਨਾਂਸ ਮੈਨੇਜਰ ਅਮਿਤ ਜੈਨ, ਪੀ ਕੇ ਵਰਮਾ ਮੈਨੇਜਰ (ਪਰਸੋਨਲ) ਅਤੇ ਸੁਖਬੀਰ ਸਿੰਘ ਸਾਹੀ ਮੈਨੇਜਰ (ਐਡਮਿਨ) ਮੌਜੂਦ ਸਨ।