ਰੈਲਮਾਜਰ, ( ਉਮੇਸ਼ ਜੋਸ਼ੀ) – ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਟੌਂਸਾ ਵਿਖੇ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਵੱਲੋਂ ਬਣਾਈਆਂ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ। ਇਹ ਲਾਇਬ੍ਰੇਰੀਆਂ ਸੀ. ਐਸ. ਆਰ. ਗਤੀਵਿਧੀਆਂ ਤਹਿਤ ਕਾਇਮ ਕੀਤੀਆਂ ਗਈਆਂ ਹਨ।
ਸ੍ਰੀ ਰੰਧਾਵਾ ਨੇ ਇਸ ਮੌਕੇ ਆਖਿਆ ਕਿ ਕਿਤਾਬਾਂ ਵਿਦਿਆਰਥੀਆਂ ਦੀ ਉਤਸੁਕਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੁਆਲਾਂ ਦੇ ਜੁਆਬ ਲੱਭਣ ਵਿੱਚ ਵੀ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਨੇ ਸਕੂਲ ਸਟਾਫ਼ ਨੂੰ ਇਹ ਕਿਤਾਬਾਂ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਵੀ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਪਾਠਕ੍ਰਮ ਦੇ ਨਾਲ-ਨਾਲ ਹੋਰ ਗਿਆਨ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਦੇ ਅਖ਼ਬਾਰਾਂ ਵੀ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਆਂ ਜਾਣ ਤਾਂ ਜੋ ਉਹ ਸਮਾਜ ਅਤੇ ਕੌਮਾਂਤਰੀ ਪੱਧਰ ’ਤੇ ਵਾਪਰਦੀਆਂ ਘਟਨਾਵਾਂ ਨਾਲ ਆਪਣੀ ਆਮ ਜਾਣਕਾਰੀ ਦੇ ਪੱਧਰ ਨੂੰ ਵੀ ਉੱਚਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਕਿਤਾਬਾਂ ਅਤੇ ਅਖ਼ਬਾਰਾਂ ਅੱਜ ਕਲ੍ਹ ਵਿਦਿਆਰਥੀਆਂ ਲਈ ਲਾਜ਼ਮੀ ਸੂਚਨਾ ਦਾ ਵਸੀਲਾ ਬਣ ਚੁੱਕੀਆਂ ਹਨ।
ਉਨ੍ਹਾਂ ਨੇ ਮੈਕਸ ਸਪੈਸ਼ਲਿਟੀ ਫ਼ਿਲਮਜ਼ ਦੀ ਮੈਨੇਜਮੈਂਟ ਵੱਲੋਂ ਸੀ ਐਸ ਆਰ ਤਹਿਤ ਸਕੂਲਾਂ ’ਚ ਦਿੱਤੀਆਂ ਜਾ ਰਹੀਆਂ ਅਜਿਹੀਆਂ ਬੁਨਿਆਦੀ ਸਹੂਲਤਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਮੁਹੱਈਆ ਕਿਤਾਬਾਂ ’ਚ ਲਗਾਤਾਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਨਵੀਂਆਂ ਤੇ ਦਿਲਚਸਪ ਕਿਤਾਬਾਂ ਦਾ ਵਾਧਾ ਹੁੰਦਾ ਰਹੇ। ਉਨ੍ਹਾਂ ਕਿਹਾ ਕਿ ਇੱਕ ਵਾਰ ਉਪਲਬਧ ਕਿਤਾਬਾਂ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਹੋਰਨਾਂ ਕਿਤਾਬਾਂ ਰਾਹੀਂ ਅਪਡੇਟ ਕੀਤਾ ਜਾਣਾ ਜ਼ਰੂਰੀ ਹੈ।
ਮੈਨੇਜਮੈਂਟ ਨੂੰ ਆਪਣੀਆਂ ਸੀ ਐਸ ਆਰ ਗਤੀਵਿਧੀਆਂ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਸਲਾਹ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਹੋਰਨਾਂ ਸਕੂਲਾਂ ਨੂੰ ਵੀ ਲੋਡ਼ੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਕਾਰਪੋਰੇਟ/ਵਪਾਰਕ ਘਰਾਣੇ ਵੀ ਜੇਕਰ ਸਮਾਜ ਦੀ ਬੇਹਤਰੀ ਵਿੱਚ ਯੋਗਦਾਨ ਪਾਉਂਦੇ ਰਹਿਣ ਤਾਂ ਇਸ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸੌਖ ਹੋ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਨੂੰ ਦੋਵੇਂ ਥਾਂਵਾਂ ’ਤੇ ਪਿੰਡ ਦੇ ਮੌਜੂਦ ਕੁੱਝ ਲੋਕਾਂ ਨੂੰ ਆਪੋ-ਆਪਣੇ ਪਿੰਡਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਦੱਸਿਆ, ਜਿਸ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜਲਦ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਮੌਕੇ ਮੈਕਸ ਫ਼ਿਲਮਜ਼ ਵੱਲੋਂ ਸੀ ਈ ਓ ਕੇ. ਮਨੋਹਰ, ਪਲਾਂਟ ਹੈੱਡ ਨਵਨੀਤ ਮਲਹੋਤਰਾ, ਪਰਚੇਜ਼ ਹੈੱਡ ਰਿਤੇਸ਼ ਤ੍ਰਿਖਾ, ਕੌਮਾਂਤਰੀ ਸੇਲਜ਼ ਹੈੱਡ ਅਵਿਨਾਸ਼ ਕੁਮਾਰ ਸਿੰਘ, ਚੀਫ਼ ਫਾਇਨਾਂਸ ਮੈਨੇਜਰ ਅਮਿਤ ਜੈਨ, ਪੀ ਕੇ ਵਰਮਾ ਮੈਨੇਜਰ (ਪਰਸੋਨਲ) ਅਤੇ ਸੁਖਬੀਰ ਸਿੰਘ ਸਾਹੀ ਮੈਨੇਜਰ (ਐਡਮਿਨ) ਮੌਜੂਦ ਸਨ।