ਹੋਲੀਓਕ -: ਅਮਰੀਕਾ ਦੇ ਸ਼ਹਿਰ ਹੋਲੀਓਕ ਨੇ 29 ਅਪ੍ਰੈਲ ਨੂੰ ਸਿੱਖ ਕੌਮ ਦੇ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਘੋਸ਼ਣਾ ਪੱਤਰ ਹੋਲੀਓਕ ਸਿਟੀ ਦੇ ਮੇਅਰ, ਸ਼੍ਰੀ ਜਾਸ਼ੂਆ ਏ. ਗਾਰਸੀਆ ਦੁਆਰਾ ਜਾਰੀ ਕੀਤਾ ਗਿਆ ਹੈ।
ਇਸ ਘੋਸ਼ਣਾ ਪੱਤਰ ਵਿੱਚ ਵਿਸ਼ੇਸ਼ ਜਿਕਰ ਹੈ ਕਿ ਭਾਰਤ ਨੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਜਾਇਜ਼ ਆਜ਼ਾਦੀ ਸੰਘਰਸ਼ ਨੂੰ ਕੁਚਲਣ ਲਈ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਜਿਸ ਦੇ ਜਵਾਬ ਵਿਚ ਸਿੱਖਾਂ ਨੇ ਸਰਬੱਤ ਖਾਲਸੇ ਰਾਹੀ 26 ਜਨਵਰੀ, 1986 ਨੂੰ ਪੰਥਕ ਕਮੇਟੀ ਦਾ ਸੰਗਠਨ ਕੀਤਾ ਗਿਆ। ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵਿੱਚ ਪ੍ਰਭੂ ਸੱਤਾ ਸੰਪੰਨ ਰਾਜ ਸਿੱਖ ਕੌਮ ਦੇ ਸਵੈ-ਨਿਰਣੇ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਇੱਕੋ ਇੱਕ ਪ੍ਰਭਾਵਸ਼ਾਲੀ ਸਾਧਨ ਹੈ, ਜਿਸ ਕਾਰਨ 29 ਅਪ੍ਰੈਲ, 1986 ਨੂੰ ਨਿਯੁਕਤ ਪੰਥਕ ਕਮੇਟੀ ਦੁਆਰਾ ਸਿੱਖਾਂ ਦੀ ਆਜ਼ਾਦੀ ਦਾ ਐਲਾਨਨਾਮਾ ਕੀਤਾ ਗਿਆ ਸੀ।
ਵਰਲਡ ਸਿੱਖ ਪਾਰਲੀਮੈਂਟ (ਅਮਰੀਕਾ ਖੇਤਰ) ਦੇ ਖ਼ਜ਼ਾਨਚੀ ਸ. ਗੁਰਨਿੰਦਰ ਸਿੰਘ ਧਾਲੀਵਾਲ ਨੇ ਇਸ ਘੋਸ਼ਣਾ ਪੱਤਰ ਨੂੰ ਪਾਸ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਅਮਰੀਕਾ ਦਾ ਸੰਵਿਧਾਨ ਸਾਨੂੰ ਸ਼ਾਂਤੀ ਪੂਰਵਕ ਆਪਣੇ ਧਾਰਮਿਕ ਅਤੇ ਸਿਆਸੀ ਮਸਲਿਆਂ ਦੀ ਗੱਲ ਕਰਨ ਦੀ ਖੁੱਲ ਦਿੰਦਾ ਹੈ ਅਤੇ ਭਾਰਤੀ ਦੀ ਝੂਠੀ ਡੈਮੋਕਰੇਸੀ ਦਾ ਮਖੌਟਾ ਵੀ ਨੰਗਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸੇ ਅਜ਼ਾਦੀ ਅੰਦਰ ਰਹਿੰਦੇ ਅਸੀਂ ਆਪਣੇ ਕਾਰਜ ਅਮਰੀਕਾ ਅੰਦਰ ਗੁਰੂ ਕਿਰਪਾ ਸਦਕਾ ਸੰਵਿਧਾਨਿਕ ਸੂਝ ਬੂਝ ਨਾਲ ਫ਼ਤਿਹ ਕਰ ਕੌਮ ਦੀ ਝੋਲੀ ਵਿੱਚ ਪਾਉਣ ਲਈ ਹਮੇਸ਼ਾ ਵਚਨਬੱਧ ਹਾਂ। ਸਿੱਖ ਜਥੇਬੰਦੀਆਂ ਨੂੰ ਹੋਰ ਅਧਿਕਾਰ ਖੇਤਰਾਂ ਵਿੱਚ ਵੀ ਅਜਿਹੇ ਐਲਾਨਾਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਅਤੇ ਹੋਰ ਦੇਸਾਂ ਵਿੱਚ ਇਸ ਤਰ੍ਹਾਂ ਦੇ ਯਤਨਾਂ ਵਿੱਚ ਸਹਾਇਤਾ ਲਈ ਕੋਈ ਵੀ ਲੋੜੀਂਦਾ ਦਸਤਾਵੇਜ਼ ਪ੍ਰਦਾਨ ਕਰਨ ਲਈ ਤਿਆਰ ਹੈ।
ਨੌਰਵਿਚ ਵਿੱਚ ਸ. ਸਵਰਨਜੀਤ ਸਿੰਘ ਖਾਲਸਾ ਮਿਉਂਸਪਲ ਕੌਂਸਲ ਨੇ ਪਹਿਲਾਂ ਕਨੈਕਟੀਕਟ ਸੂਬੇ ਅਤੇ ਹੁਣ ਮੈਸੇਚਿਉਸੇਟਸ ਸੂਬੇ ਵਿੱਚ ਵੀ ਮਾਨਤਾ ਪ੍ਰਾਪਤ ਕਰਨ ਲਈ ਸਿੱਖ ਭਾਈਚਾਰੇ ਦੀ ਸਖ਼ਤ ਮਿਹਨਤ ‘ਤੇ ਤਸੱਲੀ ਪ੍ਰਗਟ ਕੀਤੀ।
ਸ. ਹਰਜਿੰਦਰ ਸਿੰਘ (ਪਾਈਨ ਹਿੱਲ-ਨਿਊਜਰਸੀ) ਮੀਡੀਆ ਬੁਲਾਰੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਕਿਹਾ ਕਿ ਰਲ ਮਿਲ ਕੇ ਕੰਮ ਕਰਨਾ ਹੀ ਸਫਲਤਾ ਦੀ ਕੁੰਜੀ ਹੈ। ਸਿੱਖ ਇੱਕ ਮਿਹਨਤੀ ਭਾਈਚਾਰਾ ਹੈ ਅਤੇ ਦੂਜੇ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੀ ਮਾਨਤਾ ਦੇ ਹੱਕਦਾਰ ਹਨ।
ਅਮਰੀਕਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਡਾ: ਪ੍ਰਿਤਪਾਲ ਸਿੰਘ ਨੇ ਵੀ ਕਿਹਾ ਕਿ ਉਹ ਹੋਲੀਓਕ ਸ਼ਹਿਰ ਦੇ ਇਸ ਐਲਾਨ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਇਸ ਘੋਸ਼ਣਾ ਪੱਤਰ ਨੂੰ ਪਾਸ ਕਰਵਾਉਣ ਲਈ ਵਰਲਡ ਸਿੱਖ ਪਾਰਲੀਮੈਂਟ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ।