ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਇੱਕ ਟਿਕਟ ਧਾਰਕ ਨੇ 184 ਮਿਲੀਅਨ ਪੌਂਡ ਦਾ ਯੂਰੋ ਮਿਲੀਅਨ ਜੈਕਪਾਟ ਜਿੱਤਿਆ ਹੈ, ਜੋ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਾਸ਼ਟਰੀ ਲਾਟਰੀ ਇਨਾਮ ਹੈ। ਇਸ ਲਾਟਰੀ ਨਾਲ ਸੰਬੰਧਿਤ ਮੰਗਲਵਾਰ ਦੇ ਜੇਤੂ ਨੰਬਰ 3, 25, 27, 28 ਅਤੇ 29 ਅਤੇ ਨਾਲ ਹੀ ਲੱਕੀ ਸਟਾਰ ਨੰਬਰ 4 ਅਤੇ 9 ਸਨ। ਇਸਦਾ ਮਤਲਬ ਹੈ ਕਿ 2004 ਵਿੱਚ ਯੂਰੋ ਮਿਲੀਅਨਜ਼ ਲਾਂਚ ਕੀਤੇ ਜਾਣ ਤੋਂ ਬਾਅਦ ਯੂਕੇ ਦੇ 15 ਵਿਅਕਤੀ ਹੁਣ 100 ਮਿਲੀਅਨ ਪੌਂਡ ਤੋਂ ਵੱਧ ਦੇ ਜੈਕਪਾਟ ਜਿੱਤ ਚੁੱਕੇ ਹਨ। ਮੰਗਲਵਾਰ ਦੇ ਡਰਾਅ ਤੱਕ ਜੇਤੂ ਟਿਕਟ-ਧਾਰਕ ਨੇ 184,262,899.10 ਪੌਂਡ ਆਪਣੀ ਝੋਲੀ ਪੁਆਏ ਹਨ। ਇਸ ਤੋਂ ਪਹਿਲਾਂ ਯੂਕੇ ਵਿੱਚ ਸਭ ਤੋਂ ਵੱਡੀ ਲਾਟਰੀ ਅਕਤੂਬਰ 2019 ਵਿੱਚ 170 ਮਿਲੀਅਨ ਪੌਂਡ ਦੀ ਨਿੱਕਲੀ ਸੀ। ਇਸ ਜੇਤੂ ਦਾ ਨਾਮ ਫ਼ਿਲਹਾਲ ਸਾਹਮਣੇ ਨਹੀਂ ਆਇਆ ਪਰ ਇੱਕ ਵਾਰ ਟਿਕਟ ਪ੍ਰਮਾਣਿਤ ਅਤੇ ਭੁਗਤਾਨ ਕੀਤੇ ਜਾਣ ਤੋਂ ਬਾਅਦ, ਟਿਕਟ ਧਾਰਕ ਨਾਮ ਜਨਤਕ ਕਰਨ ਸੰਬੰਧੀ ਫੈਸਲਾ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ‘ਸਟੈਂਡਬਾਏ’ ‘ਤੇ ਹਨ ਅਤੇ ਉਹ ਜੇਤੂ ਟਿਕਟ ਧਾਰਕ ਨੂੰ ਅੱਗੇ ਆ ਕੇ ਆਪਣਾ ਦਾਅਵਾ ਪੇਸ਼ ਕਰਨ ਦੀ ਅਪੀਲ ਕਰ ਰਹੇ ਹਨ।