ਪਾਣੀ ਸੁੱਟ-ਸੁੱਟ ਨੌਕਰਾਣੀ ਨੇ ਸਾਰਾ ਵਿਹੜਾ ਚਮਕਾਤਾ ਸੀ। ਖਾਲਾ ਆਪ ਕੋਲ ਖੜ-ਖੜ ਕੇ ਸਫਾਈ ਕਰਵਾ ਰਹੀ ਸੀ ਉਸਦੇ ਕੋਲੋਂ ਤੇ ਨਾਲ਼ੇ ਵਿੱਚ-ਵਿੱਚ ਉਹ ਆਪਣੇ ਹੱਥ ਵਿੱਚ ਫੜੇ ਪਾਨ ਵਾਲ਼ੇ ਡੱਬੇ ਵਿੱਚੋਂ ਪਾਨ ਕੱਢ ਕੇ ਖਾਈ ਜਾ ਰਹੀ ਸੀ।
ਤਕਰੀਬਨ ਸਾਰੀਆਂ ਕੁੜੀਆਂ ਨੂੰ ਇਹ ਗੱਲ ਪਤਾ ਸੀ ਕਿ ਖਾਲਾ ਨੇ ਕੋਈ ਮੋਟਾ ਹੱਥ ਮਾਰਿਆ ਸੀ ਕਿਉਂਕਿ ਖਾਲਾ ਰਾਤ ਖ਼ੁਦ ਕੱਲੀ-ਕੱਲੀ ਕੋਲ ਜਾ ਕੇ ਆਈ ਸੀ ਕਿ ਕੁਝ ਧਨਾਢਾਂ ਦੀ ਟੋਲੀ ਐਥੇ ਕਈ ਰਾਤਾਂ ਕੱਟ ਕੇ ਜਾਊ। ਬਹੁਤ ਸਾਰੇ ਪੈਸੇ ਖਾਲਾ ਨੂੰ ਪੇਸ਼ਗੀ ਮਿਲ ਚੁੱਕੇ ਸੀ ਤਾਂ ਹੀ ਉਸਨੇ ਹੁਣ ਪਰਸ ਹੱਥੋਂ ਛੱਡ ਕੇ ਅਲਮਾਰੀ ਵਿੱਚ ਰੱਖ ਦਿੱਤਾ ਸੀ।
ਸਾਰੀਆਂ ਕੁੜੀਆਂ ਨੂੰ ਖਾਲਾ ਵਾਰੋ-ਵਾਰ ਤਾਕੀਦ ਕਰੀ ਜਾ ਰਹੀ ਸੀ ਕਿ ਜੇ ਗਾਹਕਾਂ ਦਾ ਦਿਲ ਖੁਸ਼ ਹੋ ਗਿਆ ਤਾਂ ਉਹ ਉਹਨਾਂ ਨੂੰ ਦੋ-ਚਾਰ ਦਿਨ ਲਈ ਘੁੰਮਣ ਫਿਰਨ ਦੀ ਛੁੱਟੀ ਦਊਗੀ ਨਾਲੇ ਜੋ-ਜੋ ਉਹ ਚਾਹੁਣਗੀਆਂ ਉਹੀਓ ਖਾਣ-ਪੀਣ ਨੂੰ ਵੀ ਦਊਗੀ।
ਰੁਕਸਾਨਾ ਆਪਣੇ ਕਮਰੇ ਵਿੱਚ ਪਲੰਘ ਤੇ ਬੈਠੀ ਸੀ ਇੱਕ ਲੱਤ ਉਸਨੇ ਪਲੰਘ ਤੇ ਰੱਖੀਉ ਸੀ ਤੇ ਦੂਸਰੀ ਨੀਚੇ ਹਵਾ ਵਿੱਚ ਲਮਕਾਈ ਹੋਈ ਸੀ ਜਦ ਨੂੰ ਨੌਕਰਾਣੀ ਅੰਦਰ ਆਈ।
‘ਬੀਬੀ ਜੀ ਆਪ ਜ਼ਰਾ ਇਸ ਕੁਰਸੀ ਪਰ ਬੈਠ ਜਾਈਏ ਨਾ….
”ਕਿਉਂ ਕੀ ਗੱਲ ਹੋ ਗਈ?
‘ਮਾਸੀ ਨੇ ਬੋਲਾ ਹੈ ਚਾਦਰ ਕਾਫੀ ਪੁਰਾਣੀ ਹੋ ਗਈ ਹੈ ਇਸੇ ਫੇਂਕ ਦੋ ਔਰ ਨਈ ਚਾਦਰੇਂ ਬਿਛਾ ਦੋ ਸਭ ਕੇ ਪਲੰਘੋਂ ਪਰ।
”ਹਾ-ਹਾ-ਹਾ ਠੀਕ ਹੈ ਠੀਕ ਹੈ ਬਿਛਾ ਦਿਓ।
ਜਦ ਨੌਕਰਾਣੀ ਨਵੀਂ ਚਾਦਰ ਬਿਛਾ ਕੇ ਬਾਹਰ ਗਈ ਤਾਂ ਰੁਕਸਾਨਾ ਮਨ ਹੀ ਮਨ ਸੋਚਣ ਲੱਗੀ। ”ਸਾਡੇ ਨਾਲੋਂ ਤਾਂ ਇਹਨਾਂ ਚਾਦਰਾਂ ਦੀ ਜ਼ਿੰਦਗੀ ਵਧੀਆ ਆ ਪੁਰਾਣੀਆਂ ਹੋਈਆਂ ਤੇ ਬਦਲ ਤਾਂ ਦਿੰਦੇ ਆ ਕਾਸ਼ ਸਾਨੂੰ ਵੀ ਪੁਰਾਣੀਆਂ ਗਲੀਆਂ ਸੜੀਆਂ ਨੂੰ ਬਦਲ ਦਿੱਤਾ ਜਾਵੇ ਪਰ ਸਾਡੀ ਐਡੀ ਕਿਸਮਤ ਕਿੱਥੇ?
ਹਰਾਮੀ
ਮੇਹਰ ਆਪਣੇ ਕਮਰੇ ਵਿੱਚ ਬੈਠੀ-ਬੈਠੀ ਕੁਛ ਪੈਸੇ ਗਿਣ ਰਹੀ ਸੀ ਦੋ-ਚਾਰ ਨੋਟ ਉਸਨੇ ਇੱਕ ਪਾਸੇ ਕੱਢ ਲਏ ਤੇ ਬਾਕੀ ਆਪਣੇ ਸਰਾਣੇ ਥੱਲੇ ਰੱਖ ਲਏ ਫਿਰ ਉਹੀ ਨੋਟ ਸਰਾਣੇ ਥੱਲਿਓ ਕੱਢ ਕੇ ਉਸਨੇ ਆਪਣੇ ਬਲਾਊਜ ਵਿੱਚ ਪਾਉਣੇ ਚਾਹੇ ਜਦ ਨੂੰ ਕੋਈ ਅੰਦਰ ਆ ਗਿਆ। ਅੰਦਰ ਆਉਣ ਵਾਲਾ ਚੜਦੀ ਜਿਹੀ ਉਮਰ ਦਾ ਕੋਈ ਮੁੰਡਾ ਸੀ ਜਿਸਦੇ ਮੂੰਹ ਤੇ ਹਜੇ ਚੰਗੀ ਤਰਾਂ ਦਾੜੀ ਵੀ ਨੀ ਆਈ ਸੀ। ਉਸਨੂੰ ਦੇਖ ਕੇ ਮੇਹਰ ਦਾ ਹਾਸਾ ਨਿਕਲ ਗਿਆ ਪਰ ਅਗਲੇ ਹੀ ਪਲ ਉਸਨੂੰ ਖਾਲਾ ਤੇ ਗੁੱਸਾ ਆ ਗਿਆ ਕੀ ਉਹ ਸਾਹਮਣੇ ਵਾਲ਼ੇ ਦੀ ਉਮਰ ਨੀ ਦੇਖਦੀ ਕੀ ਹਜੇ ਬੱਚਾ ਆ ਜਾਂ ਜਵਾਨ ਆ। ਮੇਹਰ ਨੇ ਜਦ ਉਸਨੂੰ ਝਕਦਾ-ਝਕਦਾ ਜਿਹਾ ਦੇਖਿਆ ਤਾਂ ਉਹ ਆਪ ਬੋਲ ਪਈ
‘ਉਹ ਹੈਲੋ ਮਿਸਟਰ ਕਿੱਧਰ ਤੁਰਿਆ ਆਉਂਦਾ ਆ ਇਧਰ ਉਰੇ ਆ।
”ਮੈਂ ਤਾਂ ਇੱਥੇ ਈ ਆਇਆ ਤੁਹਾਡੇ ਕੋਲ ਹੋਰ ਕੀ?
‘ਹੋਰ ਕੀ ਦਿਆ ਲੱਗਦਿਆਂ ਤੂੰ ਐਥੇ ਕੀ ਕਰਨ ਆਇਆ?
”ਮੈਨੂੰ ਤਾਂ ਪਤਾ ਨੀ ਮੈਂ ਤਾਂ ਇੱਥੇ ਆ ਕੇ ਦੇਖਿਆ ਇੱਥੇ ਤਾਂ ਸਾਰੀਆਂ ਕੁੜੀਆਂ ਈ ਕੁੜੀਆਂ ਆਂ।
‘ਹਾ-ਹਾ-ਹਾ ਤੈਨੂੰ ਐਥੇ ਕਿਸਨੇ ਭੇਜਿਆ ਬੱਚੇ ਇਹ ਤਾਂ ਦੱਸ ਪੁੱਤ?
”ਮੈਂ ਕੋਈ ਤੁਹਾਡਾ ਪੁੱਤ ਆ?
‘ਨਾਹ ਹੋਰ ਤੂੰ ਖਸਮ ਆ ਮੇਰਾ ਦੱਸ ਕਿਸਨੇ ਭੇਜਿਆ ਇੱਥੇ?
”ਮੈਂ ਕਈ ਵਾਰ ਆਪਣੇ ਡੈਡੀ ਨੂੰ ਇਧਰ ਆਉਂਦੇ ਦੇਖਿਆ ਮੈਂ ਤਾਂ ਆਇਆ।
‘ਉਹ ਅੱਛਾ ਤਾਂ ਇਹ ਗੱਲ ਆ ਚੱਲ ਕੋਈ ਨਾ ਪਰ ਤੂੰ ਨੀ ਆਉਣਾ ਐਥੇ….
‘ਪਰ ਡੈਡੀ ਤਾਂ ਆਉਂਦਾ ਈ ਆ।
‘ਤੂੰ ਗੋਲ਼ੀ ਮਾਰ ਡੈਡੀ ਨੂੰ ਉਹ ਤਾਂ ਹਰਾਮੀ ਆ….
‘ਤੁਸੀਂ ਮੈਨੂੰ ਪੁੱਤ ਕਹਿੰਦੇ ਮੇਰੇ ਡੈਡੀ ਨੂੰ ਹਰਾਮੀ ਐਦਾਂ ਕਿਉਂ?
”ਤੂੰ ਹਜੇ ਛੋਟਾ ਆਂ ਨਾ ਤਾਂ ਤੂੰ ਪੁੱਤ ਆਂ….
‘ਜਿਹੜੇ ਵੱਡੇ ਹੁੰਦੇ ਉਹ ਹਰਾਮੀ ਹੁੰਦੇ ਆ?
”ਹਾ-ਹਾ-ਹਾ ਜਦੋਂ ਤੂੰ ਵੱਡਾ ਹੋਊ ਤੈਨੂੰ ਉਦੋਂ ਪਤਾ ਲੱਗੂ ਪੁੱਤ ਜਾਹ ਹੁਣ।