ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦੀ ਹੋਈ ਅਰਾਧਨਾ ਸੋਚ ਰਹੀ ਸੀ ਕਿ ਪਿਛਲੇ ਸਤਾਰਾਂ ਸਾਲਾਂ ਵਿੱਚ ਕੀ ਕੁਝ ਨਹੀਂ ਸੀ ਹੰਡਾਇਆ ਉਸਨੇ। ਜਦੋਂ ਤੂੰ ਉਹ ਇਸ ਧੰਦੇ ਵਿੱਚ ਆਈ ਸੀ ਬੱਸ ਇੱਕ ਕਠਪੁਤਲੀ ਹੀ ਬਣ ਕੇ ਰਹਿ ਗਈ ਸੀ। ਜਿਸ ਤਰਾਂ ਅੱਜ ਉਹ ਚਿੱਥ-ਚਿੱਥ ਕੇ ਰੋਟੀ ਖਾ ਰਹੀ ਸੀ ਫਿਰ ਵੀ ਰੋਟੀ ਗਲ਼ੇ ਤੋਂ ਥੱਲੇ ਉੱਤਰਨ ਦਾ ਨਾਮ ਨਹੀਂ ਸੀ ਲੈਂਦੀ ਬਿਲਕੁੁਲ ਇਸੇ ਤਰਾਂ ਉਸਦੀਆਂ ਲੱਤਾਂ ਵੀ ਉਪਰ ਵਾਲੇ ਕਮਰਿਆਂ ਵਿੱਚੋਂ ਥੱਲੇ ਉਤਰਨ ਦਾ ਨਾਮ ਨਹੀਂ ਸੀ ਲੈਂਦੀਆਂ ਜਦੋਂ ਉਸਨੂੰ ਸੇਠਾਂ-ਸ਼ਾਹੂਕਾਰਾਂ ਦੀ ਟੋਲੀ ਵਿੱਚ ਲਿਜਾਉਣ ਲਈ ਪਹਿਲੀ ਵਾਰ ਕਿਹਾ ਗਿਆ ਸੀ।
ਬੁਰਕੀ-ਦਰ-ਬੁਰਕੀ ਮੂੰਹ ਵਿੱਚ ਪਾਉਂਦੇ ਹੋਏ ਅਰਾਧਨਾ ਨੂੰ ਯਾਦ ਆਇਆ ਕਿ ਕਿੱਦਾਂ ਬਚਪਨ ਵਿੱਚ ਉਸਦੀ ਮਾਂ ਕਿੰਨਾ-ਕਿੰਨਾ ਚਿਰ ਫੂਕਾਂ ਮਾਰਨ ਤੋਂ ਬਾਅਦ ਕਿਤੇ ਜਾ ਕੇ ਬੁਰਕੀ ਉਸਦੇ ਮੂੰਹ ਵਿੱਚ ਪਾਉਂਦੀ ਹੁੰਦੀ ਸੀ। ਨਾਲ ਦੀ ਨਾਲ ਉਸਨੂੰ ਇਹ ਵੀ ਯਾਦ ਆਇਆ ਸੀ ਕੀ ਕਿੱਦਾਂ ਉਸਦੇ ਬਾਪ ਦੀਆਂ ਮਾੜੀਆਂ ਆਦਤਾਂ ਕਾਰਣ ਉਹ ਤੇ ਉਸਦੀ ਮਾਂ ਬੁਰਕੀ-ਬੁਰਕੀ ਦੀਆਂ ਮੋਹਤਾਜ ਹੋ ਗਈਆਂ ਸਨ।
ਫਿਰ ਉਸਦੀਆਂ ਅੱਖਾਂ ਅੱਗੇ ਮਾਂ ਦੀ ਹੋਈ ਮੌਤ ਵੀ ਘੁੰਮਣ ਲੱਗ ਪਈ ਤੇ ਉਸਨੇ ਅੱਖਾਂ ਭਰ ਲਈਆਂ। ਪਿਓ ਦੀ ਮੌਤ ਦਾ ਉਸਨੂੰ ਦੁੱਖ ਹੋਇਆ ਸੀ ਪਰ ਓਨਾ ਨੀ ਜਿੰਨਾਂ ਮਾਂ ਦਾ। ਐਥੇ ਕਈ ਸੇਠਾਂ-ਸ਼ਾਹੂਕਾਰਾਂ ਨੇ ਉਸਨੂੰ ਪਤਾ ਨੀ ਕਿਸ-ਕਿਸ ਨਾਲ ਜਾਣ ਲਈ ਮਜ਼ਬੂਰ ਕੀਤਾ ਸੀ। ਬੁਰਕੀ-ਬੁਰਕੀ ਕਰਕੇ ਜਦ ਸਾਰੀ ਥਾਲੀ ਖਾਲੀ ਹੋ ਗਈ ਤਾਂ ਉਹ ਯਾਦਾਂ ਵਿੱਚੋਂ ਨਿਕਲ ਕੇ ਮੁੜ ਆਪਣੇ ਪਲੰਘ ਤੇ ਆਣ ਡਿੱਗੀ। ਹਜੇ ਉਸਨੇ ਸੋਚਿਆ ਹੀ ਸੀ ”ਕਿ ਲੋਕ ਕਹਿੰਦੇ ਨੇ ਜਿਸਦਾ ਦਾਣਾ-ਪਾਣੀ ਖਤਮ ਹੋ ਜਾਵੇ ਰੱਬ ਉਸਨੂੰ ਆਪਣੇ ਕੋਲ ਸੱਦ ਲੈਂਦਾ ਸ਼ੁਕਰ ਆ ਮੇਰੀ ਰੋਟੀ ਖਤਮ ਹੋਈ ਮੈਨੂੰ ਵੀ ਰੱਬ ਆਪਣੇ ਕੋਲ ਸੱਦ ਲਊ ਇਸ ਜੰਜਾਲ਼ ਵਿੱਚੋਂ ਤਾਂ ਛੁੱਟੂ।”
ਪਰ ਉਸੇ ਵਕਤ ਉਸਦੇ ਕੰਨਾਂ ਨੂੰ ਅਵਾਜ਼ ਸੁਣੀ ”ਅਰਾਧਨਾ ਤਿਆਰ ਹੋ ਜਾ ਤੇਰਾ ਸੱਲੂ ਆ ਗਿਆ।”
ਮੁਰਗੀ
ਪਤਾ ਨੀ ਖਾਲਾ ਨੂੰ ਖੁਦ ਨੂੰ ਬਣਾਉਣਾ ਆਉਂਦਾ ਸੀ ਜਾਂ ਫਿਰ ਉਸਨੇ ਬਾਹਰੋਂ ਕਿਸੇ ਹੋਟਲ ਤੋਂ ਬਣਿਆ-ਬਣਾਇਆ ਮੰਗਵਾਇਆ ਸੀ ਪਰ ਅੱਜ ਮੀਟ ਬਣਿਆ ਸੀ। ਵੈਸੇ ਤਾਂ ਕੋਠੇ ਦੀਆਂ ਕਈ ਸਾਰੀਆਂ ਕੁੜੀਆਂ ਨੂੰ ਆਪ ਵੀ ਮੀਟ ਬਣਾਉਣਾ ਆਉਂਦਾ ਸੀ ਪਰ ਉਹ ਕੁੜੀਆਂ ਦਾ ਇਨਾਂ ਕੰਮਾਂ ਵੱਲ ਘੱਟ-ਵੱਧ ਹੀ ਧਿਆਨ ਜਾਣ ਦਿੰਦੀ ਸੀ ਕਿਉਂਕਿ ਉਸਨੂੰ ਇਸ ਗੱਲ ਦਾ ਡਰ ਸੀ ਕਿ ਇੱਕ-ਅੱਧ ਗਾਹਕ ਵੀ ਮੁੜ ਗਿਆ ਤਾਂ ਧੰਦੇ ਦਾ ਬੜਾ ਨੁਕਸਾਨ ਹੋਊ।
ਜਦੋਂ ਰਵੀਨਾ ਦੇ ਹੱਥ ਵਿੱਚ ਉਸਦੇ ਹਿੱਸੇ ਦੀ ਕੌਲੀ ਆਈ ਤਾਂ ਉਸਨੇ ਸਭ ਤੋਂ ਪਹਿਲਾਂ ਮੁਰਗੀ ਦੀ ਲੱਤ ਚੁੱਕ ਕੇ ਚਰੂੰਡਣੀ ਸ਼ੁਰੂ ਕਰ ਦਿੱਤੀ ਜਿੱਦਾਂ-ਜਿੱਦਾਂ ਉਹ ਮੁਰਗੀ ਦੀ ਲੱਤ ਨੂੰ ਚੂੰਡਦੀ ਗਈ ਉਦਾਂ-ਉਦਾਂ ਉਸਦੇ ਮੂੰਹ ਦਾ ਸਵਾਦ ਬਕ-ਬਕਾ ਹੁੰਦਾ ਗਿਆ ਉਸਨੂੰ ਇਸ ਗੱਲ ਦੀ ਬੜੀ ਹੈਰਾਨੀ ਆਈ ਕਿ ਜਦੋਂ ਸ਼ੁਰੂਆਤ ਵਿੱਚ ਉਸਨੇ ਮੁਰਗੀ ਦੀ ਲੱਤ ਨੂੰ ਮੂੰਹ ਮਾਰਿਆ ਸੀ ਉਦੋਂ ਤਾਂ ਉਸਨੂੰ ਬੜਾ ਸੁਆਦ ਆਇਆ ਸੀ ਪਰ ਫਿਰ ਹੁਣ ਮੁਰਗੀ ਵੀ ਉਹੀ ਆ ਤੇ ਲੱਤ ਵੀ ਉਹੀ ਆ ਤਾਂ ਐਦਾਂ ਸਵਾਦ ਕਿਉਂ ਖਰਾਬ-ਖਰਾਬ ਹੋ ਗਿਆ?
ਫਿਰ ਰਵੀਨਾ ਝੱਟ ਆਪਣੇ ਪਲੰਘ ਤੋਂ ਉੱਠੀ ਤੇ ਉਸਨੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਿਆ ਫਿਰ ਆਪਣਾ ਈ ਹੱਥ ਆਪਣੇ ਸਾਰੇ ਮੂੰਹ ਤੇ ਫੇਰ ਕੇ ਦੇਖਣ ਲੱਗ ਪਈ ਤਾਂ ਉਸਨੇ ਸੋਚਿਆ ਕੀ ‘ਉਹ ਆਪ ਵੀ ਤਾਂ ਇੱਕ ਮੁਰਗੀ ਵਰਗੀ ਹੀ ਹੈ ਜਿੰਨਾ ਚਿਰ ਮਾਸ ਹੈ ਹਰ ਕੋਈ ਚਰੂੰਡ-ਚਰੂੰਡ ਖਾਊਂ ਤੇ ਜਿੱਦਾਂ ਈ ਸੁੱਕੀ ਲੱਤ ਵਾਂਗੂ ਰਹਿ ਗਈ ਤਾਂ ਚੱਕ ਕੇ ਪਰੇ ਮਾਰੂ।’
ਇਸ ਖਿਆਲ ਦੇ ਨਾਲ ਹੀ ਰਵੀਨਾ ਨੇ ਮੋਢਿਆਂ ਤੋੋਂ ਬਲਾਊਜ਼ ਹਟਾ ਕੇ ਦੇਖਿਆ ਤਾਂ ਸਚਮੁੱਚ ਉਸਦੇ ਮੋਢਿਆਂ ਤੇ ਦੰਦਾਂ ਦੇ ਨਿਸ਼ਾਨ ਸੀ।