ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੀ ਛੇਵੀਂ ਵਰ੍ਹੇਗੰਢ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਦੌਰਾਨ ਸਕਾਟਲੈਂਡ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚ ਕੇ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ ਵੱਲੋਂ ਗਾਇਨ ਕੀਤੇ ਗੁਰਬਾਨੀ ਕੀਰਤਨ ਰਾਹੀ ਹੋਈ। ਇਸ ਉਪਰੰਤ ਯੂਕੇ ਟੂਰ ‘ਤੇ ਆਏ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਗਿਆਨੀ ਸਰੂਪ ਸਿੰਘ ਕਡਿਆਣਾ ਵੱਲੋਂ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗਿਆਨੀ ਸਰੂਪ ਸਿੰਘ ਕਡਿਆਣਾ ਦੀ ਜੋਸ਼ੀਲੀ ਤਕਰੀਰ, ਢਾਡੀ ਗੁਰਵਿੰਦਰ ਸਿੰਘ ਗੋਲਡੀ ਲੰਢੇਕੇ, ਗੁਰਪ੍ਰੀਤ ਸਿੰਘ ਪ੍ਰੀਤ ਬੀਸਲਾ ਤੇ ਸਾਰੰਗੀ ਮਾਸਟਰ ਦਿਲਜਿੰਦਰ ਸਿੰਘ ਪਾਸਲਾ ਨੇ ਆਪਣੀ ਗਾਇਨ ਕਲਾ ਦੀਆਂ ਵੱਖ ਵੱਖ ਵੰਨਗੀਆਂ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ।
ਸਫਲਤਾਪੂਰਵਕ ਨੇਪਰੇ ਚੜ੍ਹੇ ਇਸ ਸਮਾਗਮ ਸੰਬੰਧੀ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਡਾ. ਇੰਦਰਜੀਤ ਸਿੰਘ, ਪਰਮਜੀਤ ਸਿੰਘ ਸਮਰਾ, ਗੁਰਨਾਮ ਸਿੰਘ ਧਾਮੀ, ਨਿਰੰਜਣ ਸਿੰਘ ਬਿਨਿੰਗ, ਬਖ਼ਸ਼ੀਸ਼ ਸਿੰਘ ਦੀਹਰੇ, ਹਰਬੰਸ ਸਿੰਘ ਖਹਿਰਾ, ਇੰਦਰਜੀਤ ਸਿੰਘ ਖਹਿਰਾ ਵੱਲੋਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਗੁਰਦੁਆਰਾ ਕਮੇਟੀ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ।