ਚੰਡੀਗੜ੍ਹ – “ਬੀਜੇਪੀ-ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਮੁਤੱਸਵੀ ਸੋਚ ਵਾਲੇ ਸੰਗਠਨ ਸਿਵ ਸੈਨਾ ਵੱਲੋਂ ਜੋ 29 ਅਪ੍ਰੈਲ 2022 ਨੂੰ ਪਟਿਆਲੇ ਵਿਖੇ ਡੂੰਘੀ ਸਾਜ਼ਿਸ ਤਹਿਤ ਭੜਕਾਊ ਬਿਆਨਬਾਜੀ ਕਰਕੇ ਅਤੇ ਹਥਿਆਰਾਂ ਨਾਲ ਲੈਂਸ ਹੋ ਕੇ ਮਾਹੌਲ ਨੂੰ ਵਿਸਫੋਟਕ ਬਣਾਕੇ ਹਾਲਾਤ ਪੈਦਾ ਕੀਤੇ ਗਏ ਸਨ, ਉਸ ਵਿਚ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਦਾ ਕੋਈ ਰਤੀਭਰ ਵੀ ਦੋਸ਼ ਜਾਂ ਕਸੂਰ ਨਹੀਂ ਹੈ । ਪਰ ਇਸਦੇ ਬਾਵਜੂਦ ਵੀ ਹਾਲਾਤਾਂ ਨੂੰ ਗਲਤ ਰੰਗਤ ਦੇਣ ਵਾਲੇ ਸਿਵ ਸੈਨਿਕਾ ਦੀ ਹੁਕਮਰਾਨਾਂ ਅਤੇ ਨਿਜਾਮ ਵੱਲੋਂ ਪਿੱਠ ਪੂਰੀ ਗਈ ਅਤੇ ਹਾਲਾਤ ਬਦਤਰ ਬਣਾਉਣ ਵਿਚ ਮੋਹਰੀ ਬਣੇ । ਉਸ ਸਮੇਂ ਜਿਸ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਦਾ ਕੋਈ ਕਸੂਰ ਨਹੀਂ ਸੀ, ਵੱਡੀ ਗਿਣਤੀ ਵਿਚ ਨੌਜ਼ਵਾਨਾਂ ਦੇ ਘਰਾਂ ਉਤੇ ਛਾਪੇ ਮਾਰਕੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆ ਗਈਆ ਅਤੇ ਦਹਿਸਤ ਦਾ ਮਾਹੌਲ ਬਣਾਇਆ ਗਿਆ । ਜਦੋ ਪਟਿਆਲਾ ਦੇ ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਹੋਰ ਸੰਬੰਧਤ ਨਿਜਾਮੀ ਅਧਿਕਾਰੀਆਂ ਦੀ ਸਮੁੱਚੀਆਂ ਜਥੇਬੰਦੀਆਂ ਨਾਲ ਸਦਭਾਵਨਾ ਭਰੀ ਇਕੱਤਰਤਾ ਕੀਤੀ ਗਈ ਉਸ ਵਿਚ ਸਾਡੇ ਵੱਲੋ ਹਾਜਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਫਸਰਾਨ ਨੇ ਇਹ ਬਚਨ ਦਿੱਤਾ ਸੀ ਕਿ ਨਾ ਤਾਂ ਅੱਜ ਤੋ ਬਾਅਦ ਕਿਸੇ ਨੌਜ਼ਵਾਨ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ ਅਤੇ ਜਲਦੀ ਹੀ ਗ੍ਰਿਫ਼ਤਾਰ ਕੀਤੇ ਨੌਜ਼ਵਾਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਜਿਸਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿਚ ਕੋਈ ਵੀ ਸਖਤ ਪ੍ਰੋਗਰਾਮ ਨਹੀ ਦਿੱਤਾ ਤਾਂ ਕਿ ਮਾਹੌਲ ਸਾਜਗਰ ਬਣਿਆ ਰਹੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਟਿਆਲੇ ਦੇ ਉਪਰੋਕਤ ਅਫਸਰਾਨ ਨੇ ਸਮੁੱਚੇ ਜਥੇਬੰਦੀਆਂ ਦੇ ਆਗੂਆਂ ਨਾਲ ਆਪਣੇ ਕੀਤੇ ਗਏ ਬਚਨ ਅਨੁਸਾਰ ਨਾ ਤਾਂ ਅਮਲ ਕੀਤਾ ਬਲਕਿ ਜੋ ਨੌਜ਼ਵਾਨ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਉਤੇ ਜੇਲ੍ਹਾਂ ਅਤੇ ਥਾਣਿਆ ਵਿਚ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਜ਼ਬਰ-ਤਸੱਦਦ ਹੋ ਰਿਹਾ ਹੈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਲਈ ਅਸਹਿ ਹੈ । ਜਿਸ ਲਈ ਅਸੀ ਹੁਕਮਰਾਨ ਅਤੇ ਅਫਸਰਾਨ ਨੂੰ ਖ਼ਬਰਦਾਰ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵੱਲੋਂ ਜੇਲ੍ਹਾਂ ਅਤੇ ਥਾਣਿਆਂ ਵਿਚ ਗੈਰ-ਵਿਧਾਨਿਕ ਤਰੀਕੇ ਗ੍ਰਿਫ਼ਤਾਰ ਕੀਤੀ ਗਈ ਸਿੱਖ ਨੌਜ਼ਵਾਨੀ ਨਾਲ ਮੁਲਾਕਾਤਾਂ ਕਰਨ ਅਤੇ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਕਰਨ ਲਈ ਜਥੇਦਾਰ ਲਖਵੀਰ ਸਿੰਘ ਸੌਟੀ ਦੀ ਅਗਵਾਈ ਵਿਚ ਭੇਜੇ ਗਏ ਡੈਪੂਟੇਸ਼ਨ ਤੋਂ ਬੰਦੀ ਨੌਜ਼ਵਾਨਾਂ ਉਤੇ ਹੋਣ ਵਾਲੇ ਤਸੱਦਦ ਦੀ ਮਿਲੀ ਜਾਣਕਾਰੀ ਉਪਰੰਤ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਜੇਲ੍ਹਾਂ ਦੇ ਅਧਿਕਾਰੀਆਂ ਵੱਲੋਂ ਸਿੱਖ ਨੌਜ਼ਵਾਨੀ ਨਾਲ ਕੀਤੇ ਜਾ ਰਹੇ ਦੁਰਵਿਹਾਰ ਨੂੰ ਫੌਰੀ ਬੰਦ ਕਰਨ ਅਤੇ ਇਨ੍ਹਾਂ ਬੇਕਸੂਰ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਦੀ ਗੱਲ ਕਰਦੇ ਹੋਏ ਅਜਿਹੇ ਗੈਰ ਵਿਧਾਨਿਕ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸਿਵਦੇਵ ਸਿੰਘ ਫੌਜੀ, ਦਲਜੀਤ ਸਿੰਘ ਪੰਜਰੱਥਾ (ਬਾਬਾ ਦੀਪ ਸਿੰਘ ਦਲ), ਕੁਲਦੀਪ ਸਿੰਘ ਢੈਂਠਲ, ਬਰਜਿੰਦਰ ਸਿੰਘ ਪਰਵਾਨਾ, ਕਰਨਦੀਪ ਸਿੰਘ ਸਮਾਣਾ ਪੁਰਾਣੀ, ਦਵਿੰਦਰ ਸਿੰਘ ਰੱਤਥੇਹ ਹਰਿਆਣਾ, ਬਲਜੀਤ ਸਿੰਘ, ਬਲਜਿੰਦਰ ਸਿੰਘ ਅਜਨਾਲੀ ਜੋ ਰੋਪੜ੍ਹ ਅਤੇ ਹੋਰ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਹਨ, ਉਨ੍ਹਾਂ ਨਾਲ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋ ਜੋ ਗੈਰ ਕਾਨੂੰਨੀ ਢੰਗ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ ਉਸ ਲਈ ਨਿਜਾਮ ਅਤੇ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਸਿੱਖ ਨੌਜ਼ਵਾਨੀ ਜੋ ਬੇਕਸੂਰ ਹਨ ਅਤੇ ਜਿਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ, ਉਨ੍ਹਾਂ ਨਾਲ ਜੇਲ੍ਹਾਂ ਅਤੇ ਥਾਣਿਆ ਵਿਚ ਕੀਤਾ ਜਾ ਰਿਹਾ ਦੁਰਵਿਹਾਰ ਫੌਰੀ ਬੰਦ ਕੀਤਾ ਜਾਵੇ ਵਰਨਾ ਪਾਰਟੀ ਨੂੰ ਮਜਬੂਰਨ ਕੋਈ ਅਮਲੀ ਰੂਪ ਵਿਚ ਐਕਸਨ ਲੈਣਾ ਪਵੇਗਾ । ਜਿਸਦੇ ਨਤੀਜੇ ਕਦੀ ਵੀ ਹੁਕਮਰਾਨਾਂ ਲਈ ਕਾਰਗਰ ਨਹੀ ਹੋਣਗੇ । ਸੋ ਬਿਹਤਰ ਇਹੀ ਹੋਵੇਗਾ ਕਿ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨਾਲ ਮੰਦਭਾਵਨਾ ਭਰੀ ਸੋਚ ਅਧੀਨ ਕੀਤੇ ਜਾ ਰਹੇ ਵਿਤਕਰੇ ਤੇ ਜਬਰ ਬੰਦ ਕਰ ਦਿੱਤੇ ਜਾਣ ।
ਸ. ਮਾਨ ਨੇ ਹਿਮਾਚਲ ਦੀ ਕਾਂਗੜਾ ਧਰਮਸਾਲਾ ਪੁਲਿਸ ਵੱਲੋਂ ਮੋਰਿੰਡੇ ਤੋਂ ਚੁੱਕੇ ਗਏ ਹਰਬੀਰ ਸਿੰਘ ਜੋ ਆਪਣੀ ਵਿਧਵਾ ਮਾਂ ਦਾ ਸਹਾਰਾ ਹੈ, ਉਸ ਉਤੇ ਕਾਂਗੜਾ ਪੁਲਿਸ ਵੱਲੋ ਝੂਠਾਂ ਕੇਸ ਪਾ ਕੇ ਤਸੱਦਦ ਕਰਨ ਦੇ ਅਮਲਾਂ ਦੀ ਵੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਮੁਤੱਸਵੀ ਹੁਕਮਰਾਨਾਂ ਦੀਆਂ ਸਾਜ਼ਿਸਾਂ ਉਤੇ ਅਮਲ ਕਰਕੇ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਦੀਆਂ ਸਰਕਾਰਾਂ ਤੇ ਪੁਲਿਸ ਵੱਲੋ ਜੋ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਇਹ ਬਿਲਕੁਲ ਸਹਿਣ ਨਹੀ ਕੀਤਾ ਜਾਵੇਗਾ । ਮੋਰਿੰਡਾ ਦੇ ਉਪਰੋਕਤ ਨੌਜ਼ਵਾਨ ਦੀ ਬਿਰਧ ਵਿਧਵਾ ਮਾਤਾ ਨੂੰ ਸਾਡੀ ਪਾਰਟੀ ਦੇ ਰੋਪੜ੍ਹ ਜ਼ਿਲ੍ਹੇ ਦੇ ਪ੍ਰਧਾਨ ਸ. ਰਣਜੀਤ ਸਿੰਘ ਸੰਤੋਖਗੜ੍ਹ ਅਤੇ ਰੋਪੜ੍ਹ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਹਰਜੀਤ ਸਿੰਘ ਚਤਾਮਲਾ ਦੀ ਪੂਰੀ ਟੀਮ ਵੱਲੋ ਮਿਲਕੇ ਜਿਥੇ ਗੱਲਬਾਤ ਕੀਤੀ ਗਈ, ਉਥੇ ਧਰਮਸਾਲਾਂ ਕਾਂਗੜਾ ਜਾ ਕੇ ਕਾਕਾ ਹਰਬੀਰ ਸਿੰਘ ਦੇ ਕੇਸ ਦੀ ਪੈਰਵੀ ਕਰਨ ਦੀ ਵੀ ਜ਼ਿੰਮੇਵਾਰੀ ਸੌਪੀ ਹੈ ਜੋ ਕਿ ਇਹ ਟੀਮ ਪਾਰਟੀ ਵੱਲੋ ਮਿਲੇ ਹੁਕਮਾਂ ਉਤੇ ਅਮਲ ਕਰਕੇ ਸ. ਹਰਬੀਰ ਸਿੰਘ ਦੀ ਕਾਨੂੰਨੀ ਤੌਰ ਤੇ ਹਿਫਾਜਤ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਏਗੀ ਅਤੇ ਜਿਸ ਪੁਲਿਸ ਅਧਿਕਾਰੀਆ ਨੇ ਗੈਰ ਕਾਨੂੰਨੀ ਤਰੀਕੇ ਕਾਕਾ ਹਰਬੀਰ ਸਿੰਘ ਨੂੰ ਚੁੱਕਿਆ ਹੈ, ਉਨ੍ਹਾਂ ਵਿਰੁੱਧ ਵੀ ਕਾਨੂੰਨੀ ਅਮਲ ਤੋ ਬਿਲਕੁਲ ਵੀ ਨਹੀਂ ਝਿਜਕੇਗੀ । ਸ. ਮਾਨ ਨੇ ਪਾਰਟੀ ਅਹੁਦੇਦਾਰਾਂ ਤੇ ਮੈਬਰਾਂ ਨੂੰ ਇਹ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਪੁਲਿਸ ਤੇ ਸਰਕਾਰ ਵੱਲੋ ਸਿੱਖ ਨੌਜ਼ਵਾਨੀ ਨਾਲ ਮੰਦਭਾਵਨਾ ਅਧੀਨ ਅਜਿਹਾ ਕੀਤਾ ਜਾ ਰਿਹਾ ਹੈ, ਉਥੇ ਫੌਰੀ ਆਪਣੇ ਇਖਲਾਕੀ ਫਰਜਾਂ ਦੀ ਪੂਰਤੀ ਕਰਦੇ ਹੋਏ ਰੋਸ ਵੀ ਕਰਨ ਅਤੇ ਉਨ੍ਹਾਂ ਕੇਸਾਂ ਦੀ ਪੈਰਵੀ ਵੀ ਕਰਨ ।