ਦਿੱਲੀ -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ.ਟੀ. ਆਈ. ਕਾਨੂੰਨ ਦੇ ਤਹਿਤ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਆਯੋਗ ਦੇ ਮਾਣਯੋਗ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰਿਆ ਨੇ ਇਕ ਦਰਜਨ ਤੋਂ ਵੱਧ ਅਪੀਲਾਂ ਦਾ ਇਕਮੁੱਸ਼ਤ ਨਿਬਟਾਰਾ ਕਰਦਿਆਂ ਬੀਤੇ 5 ਮਈ 2022 ਦੇ ਆਪਣੇ ਆਦੇਸ਼ਾਂ ਰਾਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਜਨ ਸੂਚਨਾ ਅਧਿਕਾਰੀ ਨੂੰ ਅਪੀਲਕਰਤਾ ਨੂੰ 45 ਦਿਨਾਂ ਦੇ ਅੰਦਰ ਲੋੜ੍ਹੀਂਦੀ ਸੂਚਨਾ ਮੁਹਇਆ ਕਰਵਾਉਣ ਦੀ ਹਿਦਾਇਤ ਦਿੱਤੀ ਹੈ। ਦਸੱਣਯੋਗ ਹੈ ਕਿ ਅਪੀਲਕਰਤਾ ਨੇ ਵੱਖ-ਵੱਖ ਅਰਜੀਆਂ ਰਾਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਗੁਰੂ ਤੇਗ ਬਹਾਦੁਰ ਤਕਨੀਕੀ ਇੰਨਸਟੀਟਉਟ ਦੇ ਪ੍ਰਬੰਧਨ ਨਾਲ ਸਬੰਧਿਤ ਕੁੱਝ ਜਾਣਕਾਰੀ ਸੂਚਨਾ ਦੇ ਅਧਿਕਾਰ ਨਿਯਮ ਦੇ ਤਹਿਤ ਮੰਗੀ ਸੀ, ਜਿਸ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਜਨ ਸੂਚਨਾ ਅਧਿਕਾਰੀ ਨੇ ਮੰਗੀ ਗਈ ਸੂਚਨਾ ਨੂੰ ਅਸਪਸ਼ਟ, ਭਾਰੀ ਭਰਕੱਮ ‘ਤੇ ਗੁੰਝਲਦਾਰ ਕਰਾਰ ਦੇਕੇ ਦੇਣ ਤੋਂ ਮਨਾ ਕਰ ਦਿੱਤਾ ਸੀ। ਪਰੰਤੂ ਮਾਣਯੋਗ ਸੂਚਨਾ ਕਮਿਸ਼ਨਰ ਦੇ ਦਿੱਲੀ ਕਮੇਟੀ ਦੀਆਂ ਸਾਰੀਆਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਜਨ ਸੂਚਨਾ ਅਧਿਕਾਰੀ ਨੇ ਅਪੀਲਕਰਤਾਂ ਵਲੋਂ ਦਾਖਿਲ ਕੀਤੀਆਂ ਆਰ.ਟੀ.ਆਈ. ਅਰਜੀਆਂ ਦਾ ਕੋਈ ਪੁੱਖਤਾ ਜਵਾਬ ਨਹੀ ਦਿਤਾ ਹੈ ‘ਤੇ ਸੂਚਨਾ ਅਧਿਕਾਰੀ ਦਾ ਆਚਰਣ ਵੀ ਚੰਗਾ ਨਹੀ ਰਿਹਾ ਹੈ। ਇਸ ਲਈ ਸੂਚਨਾ ਆਯੋਗ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੂਚਨਾ ਅਧਿਕਾਰੀ ਨੂੂੰ ਭਵਿਖ ‘ਚ ਇਸ ਪ੍ਰਕਾਰ ਦੀ ਗਲਤੀ ਨਾ ਦੁਹਰਾਉਣ ਦੀ ਤਾੜ੍ਹਨਾ ਕਰਦੇ ਹੋਏ ਅਪੀਲਕਰਤਾ ਵਲੋਂ ਮੰਗੀ ਗਈ ਸੂਚਨਾ ਮੁਫਤ ਮੁਹਇਆ ਕਰਵਾਉਣ ਦੇ ਆਦੇਸ਼ ਦਿੱਤੇ ਹਨ ‘ਤੇ ਇਹਨਾਂ ਹੁਕਮਾਂ ਦੀ ਪਾਲਨਾ ਕਰਨ ਸਬੰਧੀ ਰਿਪੋਰਟ ਸੂਚਨਾ ਆਯੋਗ ਨੂੰ ਭੇਜਣ ਲਈ ਵੀ ਕਿਹਾ ਹੈ।
ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਉਂ ਪ੍ਰਤੀਤ ਹੁੰਦਾ ਹੈ ਕਿ ਕਮੇਟੀ ਦਾ ਕੰਮ-ਕਾਜ ਪੂਰੀ ਪਾਰਦਰਸ਼ਤਾ ਨਾਲ ਨਹੀ ਚੱਲ ਰਿਹਾ ਹੈ ਇਸ ਲਈ ਪ੍ਰਬੰਧਕ ਸੂਚਨਾ ਦੇਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਇਕ ਪਾਸੇ ਤਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਕੰਮ-ਕਾਜ ਦੀ ਜਾਣਕਾਰੀ ਇਹਨਾਂ ਸਕੂਲਾਂ ਦੇ ਗੁਰ ਹਰਕ੍ਰਿਸ਼ਨ ਪਬਿਲਕ ਸਕੂਲ ਸੁਸਾਇਟੀ ਦੇ ਅਧੀਨ ਹੋਣ ਦਾ ਹਵਾਲਾ ਦੇਕੇ ਸੂਚਨਾ ਦੇ ਅਧਿਕਾਰ ਨਿਯਮ ਦੇ ਤਹਿਤ ਨਹੀ ਦਿੱਤੀ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਇਹਨਾਂ ਸਕੂਲਾਂ ਦੇ ਮੁਲਾਜਮਾਂ ਨੂੰ ਤਨਖਾਹਾਂ ਦਾ ਬਕਾਇਆ ਦੇਣ ਦੇ ਮਾਮਲਿਆ ‘ਚ ਪ੍ਰਬੰਧਕਾਂ ਵਲੋਂ ਸਕੂਲ ਸੁਸਾਇਟੀ ਦਾ ਇਹਨਾਂ ਸਕੂਲਾਂ ਨਾਲ ਕੋਈ ਸਬੰਧ ਨਾ ਹੋਣ ਸਬੰਧੀ ਹਲਫਨਾਮੇ ਅਦਾਲਤਾਂ ‘ਚ ਦਾਖਿਲ ਕੀਤੇ ਜਾ ਰਹੇ ਹਨ। ਸ਼. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਇਸ ਸਬੰਧੀ ਆਪਣਾ ਰੁੱਖ ਜਨਤਕ ਕਰਨ ‘ਤੇ ਸੰਗਤ ਵਲੋਂ ਮੰਗੀ ਹਰ ਜਾਣਕਾਰੀ ਮੁਹਇਆ ਕਰਵਾਉਣ ਲਈ ਕਿਹਾ ਹੈ ਕਿਉਂਕਿ ਦਿੱਲੀ ਕਮੇਟੀ ਭਾਰਤ ਦੇ ਪਾਰਲੀਆਮੈਂਟ ਵਲੋਂ ਗਠਿਤ ਇਕ ਸੰਵਿਧਾਨਿਕ ਧਾਰਮਿਕ ਸੰਸਥਾ ਹੈ ।