ਜੀਅ ਕਰਦਾ ਮੇਰਾ
ਮੈਂ ਫਿਰ ਬੱਚਾ ਬਣ ਜਾਵਾਂ।
ਫੱੜ ਉਂਗਲ ਬਾਪੂ ਆਪਣੇ ਦੀ
ਪਿੰਡ ਦੀਆਂ ਗਲੀਆਂ ਗਾਹਵਾਂ।
ਚੜ੍ਹ ਜਾਮੁਨੂੰ ਦੇ ਦਰਖਤ ਉਤੇ
ਬਾਪੂ ਜਾਮਨੂੰ ਮੇਰੇ ਲਈ ਤੋੜੇ।
ਐਨਕ ਲਾਕੇ ਬਾਪੂ ਮੇਰੇ
ਸਾਰੇ ਟੁੱਟੇ ਖਿਡੌਣੇ ਜੋੜੇ।
ਨਵੇਂ ਨਿਕੋਰ ਸੋਹਣੇ ਕਪੜੇ ਪਾਕੇ
ਬਾਪੂ ਮੈਨੂੰ ਮੇਲੇ ਲੈ ਕੇ ਜਾਵੇ।
ਕੱਢ ਪੈਸੇ ਖੀਸੇ ਚੋਂ ਆਪਣੇ
ਮੇਰੇ ਲਈ ਜਲੇਬੀ ਪਕੌੜੇ ਲਿਆਵੇ।
ਮੋਢੇ ਚੜ੍ਹ ਬਾਪੂ ਦੇ ਆਪਣੇ
ਪਿੰਡ ਦੇ ਗੇੜੇ ਲਾਵਾਂ ਮੈ।
ਨਾ ਕਰ ਪਰਵਾਹ ਗਰਮੀ ਸਰਦੀ ਦੀ
ਪਿੰਡ ਦੀਆਂ ਗਲੀਆਂ ਗਾਹਵਾਂ ਮੈ।
ਸੋਚਾਂ ਦੀ ਦਲਦਲ ਵਿੱਚ ਫਸਿਆ
ਕਿਉਂ ਦਿਲ ਮੇਰਾ ਇਹ ਭੁੱਲ ਜਾਵੇ।
ਵਕਤ ਦੇ ਹੱਥੋਂ ਵਿਛੜਿਆਂ ਨੂੰ
ਕੋਈ ਨਾ ਮੋੜ ਲਿਆਵੇ।