ਗੋਆ – ਗੋਆ ਦੇ ਰਾਜ ਭਵਨ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਕਰਾਇਆ ਗਿਆ। ਡੋਨਾ ਪੌਲਾ ਸਥਿਤ ਰਾਜ ਭਵਨ ਦੇ ਨਵਨਿਰਮਾਣ ਉਪਰੰਤ ਇਹ ਪਲੇਠਾ ਸਮਾਗਮ ਸੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਬੇਇਮ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਗੋਆ ਦੇ ਰਾਜਪਾਲ ਮਾਨਯੋਗ ਪੀ ਐਸ ਸ਼੍ਰੀਧਰਨ ਪਿੱਲਈ ਵੱਲੋਂ ਕਰਾਏ ਗਏ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਅਤੇ ਗੋਆ ਦੇ ਲੋਕਾਂ ਨੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।
ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਇਸ ਮੌਕੇ ਸੰਗਤ ਨੂੰ ਸੰਬੋਧਨ ਦੌਰਾਨ ਰਾਜਪਾਲ ਸ਼੍ਰੀਧਰਨ ਪਿੱਲਈ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅੱਗੇ ਸੀਸ ਨਿਵਾ ਕੇ ਸਿੱਜਦਾ ਕਰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸੀਸ ਨਾ ਕਟਵਾਇਆ ਹੁੰਦਾ ਤਾਂ ਵਕਤ ਦੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਹਿੰਦੂਆਂ ਦੇ ਜਬਰੀ ਧਰਮ ਪਰਿਵਰਤਨ ਨੂੰ ਰੋਕਿਆ ਜਾਣਾ ਅਸੰਭਵ ਸੀ। ਉਨ੍ਹਾਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੋਤਰੇ ਸਾਹਿਬਜ਼ਾਦਿਆਂ ਦੀ ਧਰਮ ਤੇ ਮਾਨਵਤਾ ਖ਼ਾਤਰ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ’ਚ ਅਜਿਹਾ ਸਿਆਸੀ ਤੇ ਸਮਾਜਿਕ ਮਾਹੌਲ ਅਤੇ ਸਮੀਕਰਨ ਬਣਾਇਆ ਜਾਣਾ ਚਾਹੀਦਾ ਹੈ ਜਿੱਥੇ ਲੋਕ ਧਾਰਮਿਕ ਅਜ਼ਾਦੀ ਨੂੰ ਮਾਣ ਸਕਣ। ਰਾਜਪਾਲ ਨੇ ਰਾਜ ਭਵਨ ਵਿਚ ਹਰ ਸਾਲ ਗੁਰਮਤਿ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ। ਰਾਜਪਾਲ ਸ੍ਰੀਧਰ ਪਿਲਈ ਨੇ ਰਾਸ਼ਟਰ ਨਿਰਮਾਣ ’ਚ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ, ਏਕਤਾ ਅਖੰਡਤਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਸਿੱਖ ਭਾਈਚਾਰੇ ਵੱਲੋਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ’ਤੇ ਚਲਦਿਆਂ ਲੋਕਾਈ ਦੀ ਜਿਵੇਂ ਸੇਵਾ ਕੀਤੀ ਜਾ ਰਹੀ ਹੈ ਉਹ ਆਪਣੇ ਆਪ ’ਚ ਮਿਸਾਲ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਗੋਆ ਲਈ ਕੀਤਾ ਗਿਆ ਪਰਉਪਕਾਰ ਕਿਸੇ ਸ਼ਬਦ ਦੀ ਮੁਥਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਗੋਆ ਦਾ ਰਾਜ ਭਵਨ ਦੇ ਦਰਵਾਜ਼ੇ ਸਿੱਖ ਭਾਈਚਾਰੇ ਲਈ ਹਮੇਸ਼ਾਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਭਾਰਤ ਨਾਲ ਸਿੱਖਾਂ ਦਾ ਰਿਸ਼ਤਾ ਮਜ਼ਬੂਤ ਕਰਨ ਦੀ ਹਮੇਸ਼ਾਂ ਯਤਨਸ਼ੀਲ ਹੈ। ਕੇਂਦਰ ਵੱਲੋਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ, ਅਰਧ ਸ਼ਤਾਬਦੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਵੀਰ ਬਾਲ ਦਿਵਸ ਮਨਾਉਣ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਅਤੇ ਸਿੱਖ ਕੈਦੀਆਂ ਦੀ ਰਿਹਾਈ ਕਰਾਉਣ ਵਲ ਉਨ੍ਹਾਂ ਸੰਗਤ ਦਾ ਧਿਆਨ ਦਿਵਾਇਆ। ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਨੇ ਗੋਆ ਅਤੇ ਸਿੱਖ ਭਾਈਚਾਰੇ ਦੇ ਸੁਖਾਵੇਂ ਸੰਬੰਧੀ ਦੀ ਗਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਗੋਆ ਸਰਕਾਰ ਤੋਂ ਸਹਿਯੋਗ ਦੀ ਜਦੋਂ ਵੀ ਲੋੜ ਪਈ ਸਰਕਾਰ ਨੇ ਹਮੇਸ਼ਾਂ ਸਿੱਖਾਂ ਦੀ ਸਾਰ ਲਈ ਤੇ ਸੁਣਵਾਈ ਕੀਤੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਕਿਹਾ ਕਿ ਗੋਆ ਉਨ੍ਹਾਂ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਫ਼ਲਸਫ਼ਾ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੈ । ਉਨ੍ਹਾਂ ਗੁਰੂ ਸਾਹਿਬਾਨ ਦਾ ਸੰਦੇਸ਼ ਦੇਸ਼ ਅਤੇ ਵਿਸ਼ਵ ਦੇ ਕੋਨੇ ਕੋਨੇ ’ਚ ਫੈਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਅਤੇ ਅਮਨ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਗੋਆ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਅਤੇ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਰਾਜਪਾਲ ਸ੍ਰੀਧਰਨ ਪਿਲਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਐਡਵੋਕੇਟ ਕੇ. ਰੀਤਾ, ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਅਤੇ ਕੈਬਨਿਟ ਮੰਤਰੀ ਗੋਵਿੰਦ ਗੌੜੇ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਗੋਆ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਅਤੇ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ, ਸ੍ਰੀ ਗੁਰੂ ਸਿੰਘ ਸਭਾ ਕਮੇਟੀ. ਕਾਨਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲੋਡ, ਗੁਰਦੁਆਰਾ ਕਮੇਟੀ ਲਖਨਾਊ ਤੋਂ ਸੁਰਿੰਦਰਪਾਲ ਸਿੰਘ ਬਖਸ਼ੀ, ਬਿਦਰ ਗੁਰਦੁਆਰਾ ਕਮੇਟੀ ਨਾਨਕ ਝੀਰਾ ਦੇ ਪ੍ਰਧਾਨ ਬਲਬੀਰ ਸਿੰਘ , ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਇੰਦਰ ਜੀਤ ਸਿੰਘ, ਝਾੜ ਖੰਡ ਗੁਰਦੁਆਰਾ ਕਮੇਟੀ ਤੋਂ ਸ਼ਲਿੰਦਰ ਸਿੰਘ, ਇਲਾਹਾਬਾਦ ਗੁਰਦੁਆਰਾ ਕਮੇਟੀ ਦੇ ਆਗੂ ਹਰਜਿੰਦਰ ਸਿੰਘ, ਸਮਾਗਮ ਦੇ ਕੋਆਰਡੀਨੇਟਰ ਜਸਬੀਰ ਸਿੰਘ ਧਾਮੀ, ਤੇਜਿੰਦਰਪਾਲ ਸਿੰਘ ਟਿਮਾ ਗੰਗਾਨਗਰ , ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਚਰਨਦੀਪ ਸਿੰਘ ਵੀ ਮੌਜੂਦ ਸਨ।