ਨਵੀਂ ਦਿੱਲੀ – ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਲੋੜਵੰਦ 550 ਬਚਿਆਂ ਨੂੰ ਗੋਦ ਲੈਣ ਦਾ ਮਾਮਲਾ ਭਖ ਗਿਆ ਹੈ। ਦਰਅਸਲ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਸ਼ਨਿਵਾਰ ਨੂੰ ਸਵੇਰ ਦੇ ਦੀਵਾਨ ਮੌਕੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੰਗਤਾਂ ਨੂੰ ਉਕਤ ਬਚਿਆਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਭਾਈ ਰਣਜੀਤ ਸਿੰਘ ਦੀ ਇਸ ਅਪੀਲ ਦੀ ਵੀਡੀਓ ਦੇ ਚਲਣ ਉਪਰੰਤ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਲੋੜਵੰਦ 550 ਬਚਿਆਂ ਨੂੰ ਗੋਦ ਲੈਣ ਦੇ ਹੈਡ ਗ੍ਰੰਥੀ ਸਾਹਿਬ ਪਾਸੋਂ ਕਰਵਾਏ ਗਏ ਦਾਅਵੇ ਨੂੰ ਝੂਠਾ ਦਸ ਦਿੱਤਾ। ਡਾਕਟਰ ਪਰਮਿੰਦਰ ਪਾਲ ਸਿੰਘ ਦੇ ਇਸ ਦਾਅਵੇ ਦੀ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਤੇ ਗੁਰਦੁਆਰਾ ਚੋਣ ਮਾਮਲਿਆਂ ਦੇ ਜਾਣਕਾਰ ਸ੍ਰ ਇੰਦਰਮੋਹਨ ਸਿੰਘ ਨੇ ਪ੍ਰੋੜਤਾ ਕਰਦੇ ਹੋਏ ਕਿਹਾ ਕਿ “ਸਾਲ 2019-20 ‘ਚ ਮੈਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਚਲਾਈ ਇਸ ਸਕੀਮ ਦਾ ਇੰਚਾਰਜ ਸੀ। ਇਹ ਗਲ ਦੀ ਮੈਂ ਪੁਸ਼ਟੀ ਕਰਦਾ ਹੈ ਕਿ ਉਸ ਸਮੇਂ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਕੇਵਲ 30-35 ਬੱਚੇ ਹੀ ਇਸ ਸਕੀਮ ਦੇ ਤਹਿਤ ਦਾਖਿਲ ਹੋਏ ਸਨ, ਜਿਹਨਾਂ ਨੂੰ ਸੰਗਤਾਂ ਵੱਲੋਂ ਕੇਵਲ ਇਕ ਸਾਲ ਲਈ ਸਪਾਂਸਰ ਕੀਤਾ ਗਿਆ ਸੀ ‘ਤੇ ਮੇਰੀ ਜਾਣਕਾਰੀ ਮੁਤਾਬਿਕ ਇਹ ਸਕੀਮ 2020-21 ਤੋਂ ਬੰਦ ਕਰ ਦਿੱਤੀ ਗਈ ਹੈ। 550 ਬੱਚੇ ਤਾਂ ਕਦੇ ਕਮੇਟੀ ਵਲੋਂ ਪ੍ਰਾਯੋਜਿਤ ਕੀਤੇ ਹੀ ਨਹੀ ਗਏ।”
ਇਸ ਬਾਬਤ ਮੀਡੀਆ ਨੂੰ ਜਾਰੀ ਸਾਂਝੇ ਬਿਆਨ ਵਿੱਚ ਦੋਵਾਂ ਆਗੂਆਂ ਨੇ ਕਿਹਾ ਕਿ ਹੈਡ ਗ੍ਰੰਥੀ ਸਾਹਿਬ ਪਾਸੋਂ ਝੂਠ ਬੁਲਾਉਂਦੇ ਹੋਏ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਜ਼ਰਾ ਸ਼ਰਮ ਨਹੀਂ ਆਉਂਦੀ। ਜਿਨ੍ਹਾਂ ਕਥਿਤ 550 ਬਚਿਆਂ ਦੀ ਫੀਸ ਆਦਿਕ ਪ੍ਰਾਯੋਜਿਤ ਕਰਨ ਦਾ ਭਾਈ ਸਾਹਿਬ ਤੋਂ ਝੂਠ ਬੁਲਵਾਇਆ ਜਾ ਰਹਿਆਂ, ਉਸ ਸਕੀਮ ਲਈ ਅਰਜ਼ੀ ਹੀ ਸਿਰਫ 31 ਬਚਿਆਂ ਨੇ ਦਿੱਤੀ ਸੀ ਤੇ ਇਨ੍ਹਾਂ 31 ਬਚਿਆਂ ਦੀ ਇੱਕ ਸਾਲ ਦੀ ਫੀਸ ਨੂੰ ਪ੍ਰਾਯੋਜਿਤ ਕਰਨ ਦੀ ਸੇਵਾ ਸੰਗਤਾਂ ਨੇ ਕੀਤੀ ਸੀ ਤੇ ਦੂਜੇ ਸਾਲ ਸਕੂਲਾਂ ਨੇ ਇਨ੍ਹਾਂ 31 ਬਚਿਆਂ ਦੇ ਮਾਂ-ਪਿਓ ਨੂੰ ਫੀਸ ਜਮ੍ਹਾਂ ਕਰਵਾਉਣ ਦੇ ਨੋਟਿਸ ਵੀ ਭੇਜੇ ਸਨ। ਉਕਤ ਆਗੂਆਂ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਵੰਗਾਰਦੇ ਹੋਏ ਕਿਹਾ ਕਿ ਜੇਕਰ ਪ੍ਰਬੰਧਕਾਂ ਵਿੱਚ ਹਿੰਮਤ ਹੈ ਤਾਂ ਇਨ੍ਹਾਂ 550 ਬਚਿਆਂ ਦੀ ਲਿਸਟ ਬਕਾਇਦਾ ਫੋਨ ਨੰਬਰ ਤੇ ਪ੍ਰਾਯੋਜਕ ਦੇ ਨਾਵਾਂ ਨਾਲ ਜਾਰੀ ਕਰਨ ਤੇ ਤਦ ਤੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਗ੍ਰੰਥੀ ਸਿੰਘਾਂ ਪਾਸੋਂ ਝੂਠ ਬੁਲਾਉਣ ਤੋਂ ਗ਼ੁਰੇਜ਼ ਕੀਤਾ ਜਾਵੇ। ਆਗੂਆਂ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਤਹਿਤ ਪ੍ਰਾਯੋਜਕਾਂ ਪਾਸੋਂ 60000-80000 ਰੁਪਏ ਪ੍ਰਤੀ ਬੱਚਾ, ਇੱਕ ਸਾਲ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ ਖਾਤੇ ਦੀ ਮਾਰਫਤ ਲਿਆ ਗਿਆ ਸੀ। ਜੇਕਰ 550 ਬਚਿਆਂ ਦੀ ਪ੍ਰਾਯੋਜਿਤ ਰਾਸ਼ੀ 2019 ਵਿੱਚ ਸੋਸਾਇਟੀ ਖਾਤੇ ਵਿੱਚ ਜਮ੍ਹਾਂ ਹੋਈ ਹੈ ਤਾਂ ਉਸ ਦੀ ਬੈਂਕ ਸਟੇਟਮੈਂਟ ਕਮੇਟੀ ਨੂੰ ਜ਼ਰੂਰ ਜਨਤਕ ਕਰਨੀ ਚਾਹੀਦੀ ਹੈ, ਇਹ ਰਕਮ ਲਗਭਗ 4 ਕਰੋੜ ਰੁਪਏ ਬਣਦੀ ਹੈ।