ਯੂਵਾਲਡੇ - ਅਮਰੀਕਾ ਦੀ ਟੈਕਸਸ ਸਟੇਟ ਦੇ ਯੂਵਾਲਡੇ ਦੇ ਰਾਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 21 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸ਼ੂਟਿੰਗ ਵਿੱਚ ਮਰਨ ਵਾਲੇ ਜਿਆਦਾਤਰ ਸਕੂਲ ਦੇ ਬੱਚੇ ਹਨ। ਇਸ ਰੂਹ ਕੰਬਾਉਣ ਵਾਲੇ ਹਮਲੇ ਵਿੱਚ ਸਕੂਲ ਦੇ 19 ਵਿਦਿਆਰਥੀ ਅਤੇ 3 ਅਧਿਆਪਕ ਵੀ ਮਾਰੇ ਗਏ ਹਨ। ਇਸ ਫਾਇਰਿੰਗ ਵਿੱਚ 13 ਸਕੂਲ ਦੇ ਬੱਚੇ, ਪੁਲਿਸ ਕਰਮਚਾਰੀ ਅਤੇ ਸਟਾਫ਼ ਮੈਂਬਰ ਵੀ ਜਖਮੀ ਹੋਏ ਹਨ।
ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀਬਾਰੀ ਕਰਨ ਵਾਲਾ ਹਮਲਾਵਰ ਵੀ ਮਾਰਿਆ ਗਿਆ ਹੈ। ਟੈਕਸਸ ਦੇ ਗਵਰਨਰ ਗਰਿਗ ਅਬਾਟ ਅਨੁਸਾਰ ਸ਼ੂਟਰ ਦੀ ਪਛਾਣ ਸਲਵਾਡੋਰ ਰਾਮੋਸ ਦੇ ਤੌਰ ਤੇ ਹੋਈ ਹੈ ਅਤੇ ਉਹ ਯੂਵਾਲਡੇ ਦਾ ਹੀ ਰਹਿਣ ਵਾਲਾ ਹੈ। ਇਸ ਸ਼ਕੀ ਵਿਅਕਤੀ ਨੇ ਸਕੂਲ ਵਿੱਚ ਫਾਇਰਿੰਗ ਤੋਂ ਪਹਿਲਾਂ ਆਪਣੀ ਦਾਦੀ ਤੇ ਵੀ ਗੋਲੀ ਚਲਾਈ ਜੋ ਕਿ ਜਿ਼ੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ।
ਇਸ ਮੰਦਭਾਗੀ ਵਾਰਦਾਤ ਵਿੱਚ ਗੋਲੀਬਾਰੀ ਦਾ ਨਿਸ਼ਾਨਾ ਬਹੁਤ ਹੀ ਮਸੂਮ ਦੂਸਰੀ,ਤੀਸਰੀ ਅਤੇ ਚੌਥੀ ਕਲਾਸ ਵਿੱਚ ਪੜ੍ਹਨ ਵਾਲੇ ਬੱਚੇ ਬਣੇ, ਜਿੰਨ੍ਹਾਂ ਦੀ ਉਮਰ 7 ਤੋਂ 10 ਸਾਲ ਦੇ ਦਰਮਿਆਨ ਦਸੀ ਜਾ ਰਹੀ ਹੈ।ਅਮਰੀਕਾ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਦਾ ਵੱਡਾ ਕਾਰਣ ਇਥੋਂ ਦਾ ਗਨ ਐਕਟ ਹੈ। ਇਸ ਦੁਰਘਟਨਾ ਤੋਂ ਬਾਅਦ ਅਮਰੀਕਾ ਵਿੱਚ 4 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।