ਸਾਡਾ ਬਹੁਤ ਹੀ ਸਤਿਕਾਰਯੋਗ ਭਾਈ ਜਗਦੀਸ਼ ਸਿੰਘ ਭੂਰਾ ਪਿਛਲੇ ਦਿਨੀਂ ਪ੍ਰਮਾਤਮਾ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ ,ਜੇਕਰ ਭਾਈ ਜਗਦੀਸ਼ ਸਿੰਘ ਭੂਰਾ ਦੀ ਜ਼ਿੰਦਗੀ ਦਾ ਪੂਰਾ ਨਿਚੋੜ ਇੱਕ ਲਾਈਨ ਵਿੱਚ ਕੱਢਣਾ ਹੋਵੇ ਓੁਹ ਕੌਮ ਪ੍ਰਤੀ ਸਮਰਪਿਤ, ਸੁਹਿਰਦ , ਮਾੜੇ ਵਕਤ ਵਿੱਚ ਵੀ ਨਾ ਡੋਲਣ ਵਾਲਾ ਅਤੇ ਜ਼ਿੰਦਗੀ ਜਿਊਣ ਦੇ ਅਰਥਾਂ ਨੂੰ ਸਮਝਣ ਵਾਲਾ ਬਹੁਤ ਹੀ ਹੱਸਮੁਖ ਅਤੇ ਮਿੱਠ ਬੋਲੜੇ ਸੁਭਾਅ ਦਾ ਸੁਭਾਅ ਵਾਲਾ ਅਤੇ ਯਾਰੀ ਨਿਭਾਉਣ ਵਾਲਾ ਇਨਸਾਨ ਸੀ, । ਉਸ ਦੇ ਦਿਲ ਵਿੱਚ ਸਿੱਖਾਂ ਨਾਲ 1984 ਵਿੱਚ ਹੋਈ ਬੇਇਨਸਾਫ਼ੀ ਦਾ ਦਰਦ ਧੜਕਦਾ ਸੀ।
ਮੈਂ ਭਾਈ ਜਗਦੀਸ਼ ਸਿੰਘ ਭੂਰਾ ਨੂੰ ਪਹਿਲੀ ਵਾਰ ਸਾਲ 2002 ਵਿੱਚ ਮਿਲਿਆ ਜਦੋਂ ਮੈਂ ਅਤੇ ਮੇਰਾ ਦੋਸਤ ਸਰਵਰਿੰਦਰ ਸਿੰਘ ਰੂਮੀ ਜਰਮਨੀ ਦੇ ਸ਼ਹਿਰ ਕੋਲੋਨ ਵਿਖੇ ਹੋਈ ਵਿਸ਼ਵ ਪੱਧਰੀ ਹਾਕੀ ਦੀ ਚੈਂਪੀਅਨਜ਼ ਟਰਾਫੀ ਕਵਰ ਕਰਨ ਗਏ ਸੀ। ਉਸ ਤੋਂ ਬਾਅਦ ਫਿਰ ਮੈਂ ਅਗਲੇ ਸਾਲ 2003 ਵਿੱਚ ਹਾਲੈਂਡ ਐਮਸਟਰਡਮ ਵਿਖੇ ਹੋਈ ਚੈਂਪੀਅਨਜ਼ ਟਰਾਫੀ ਕਵਰ ਕਰਨ ਗਿਆ ,ਫਿਰ ਪੰਜ ਸੱਤ ਦਿਨ ਸਾਡਾ ਮੇਲ ਮਿਲਾਪ ਹੋਇਆ , ਆਪਸੀ ਦੋਸਤੀ ਦਾ ਪਿਆਰ ਵਧਿਆ , ਭਰਾਵਾਂ ਨਾਲੋਂ ਵਧ ਕੇ ਆਪਸੀ ਪਿਆਰ ਦੀ ਸਾਂਝ ਪਈ । ਅਸਲ ਵਿੱਚ ਉਹ ਕੌਮ ਦਾ ਸੰਘਰਸ਼ੀ ਯੋਧਾ ਸੀ ਅਤੇ ਮੰਜ਼ਿਲਾਂ ਸਰ ਕਰਨ ਵਾਲਾ ਇਨਸਾਨ ਸੀ । ਦੂਜੇ ਪਾਸੇ ਅਸੀਂ ਟਿੱਚਰਾਂ ਮਖੌਲਾਂ ਵਾਲੇ ਤੇ ਖਾਣ ਪੀਣ ਵਾਲੇ,ਖੇਡਾਂ ਨੂੰ ਸਮਰਪਿਤ ਬੰਦੇ ਸੀ । ਪਰ ਫਿਰ ਵੀ ਉਸ ਨੇ ਕਦੇ ਵੀ ਸਾਨੂੰ ਬੇਗਾਨਾਪਨ ਮਹਿਸੂਸ ਨਹੀਂ ਹੋਣ ਦਿੱਤਾ , ਸਾਡੇ ਹਾਸੇ ਮਖੌਲਾਂ ਵਾਲੀ ਮਹਿਫਲ ਦਾ ਵੀ ਉਹ ਹੀਰੋ ਹੁੰਦਾ ਸੀ । ਜਗਦੇਵ ਸਿੰਘ ਜੱਸੋਵਾਲ ਦੀਆਂ ਗੱਲਾਂ ਸੁਣਨ ਦਾ ਉਹ ਬਹੁਤ ਸ਼ੌਕੀਨ ਸੀ ਤੇ ਜਦੋਂ ਵੀ ਕਦੇ ਆਪਸ ਵਿੱਚ ਗੱਲ ਹੋਣੀ ਤਾਂ ਉਸ ਨੇ ਇੱਕੋ ਗੱਲ ਕਹਿਣੀ ਕਿ ਜੱਸੋਵਾਲ ਦੀ ਕੋਈ ਹਾਸੇ ਵਾਲੀ ਗੱਲ ਸੁਣਾ । ਹਾਸਿਆਂ ਦੀ ਮਹਿਫ਼ਲ ਦਾ ਵੀ ਓਹ ਬਾਦਸ਼ਾਹ ਸੀ ਪਰ ਦੂਜੇ ਪਾਸੇ ਬੈਲਜੀਅਮ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ ਉਨ੍ਹਾਂ ਮਹਾਨ ਯੋਧਿਆਂ ਦੀ ਯਾਦ ਨੂੰ ਸੰਭਾਲਣ ਲਈ ਕੋਈ ਨਾ ਕੋਈ ਉਹ ਵਿਉਂਤਬੰਦੀ ਘੜਦਾ ਰਹਿੰਦਾ ਸੀ । ਯੌਰਪ ਦੇ ਵਿਚ ਗੁਰਦੁਆਰਿਆਂ ਵਿੱਚ ਚਲਦੀ ਸੌੜੀ ਸਿਆਸਤ ਤੋਂ ਉਹ ਹਮੇਸ਼ਾ ਪਾਸਾ ਵੱਟਦਾ ਸੀ । ਬਾਈ ਜਗਦੀਸ਼ ਸਿੰਘ ਭੂਰਾ ਇਸ ਗੱਲ ਤੋਂ ਬਹੁਤ ਚਿੰਤਤ ਸੀ ਕਿ ਪੰਜਾਬ ਦੀ ਜਵਾਨੀ ਜੋ ਕੁਰਾਹੇ ਪੈ ਰਹੀ ਹੈ ,ਜੋ ਉਸ ਦਾ ਘਾਣ ਹੋ ਰਿਹਾ ਕਿ ਕਿਵੇਂ ਕਿਵੇਂ ਨਾ ਕਿਵੇਂ ਉਸ ਨੂੰ ਸਹੀ ਰਾਹ ਤੇ ਤੋਰਿਆ ਜਾਵੇ , ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ,ਖੇਡਾਂ ਪ੍ਰਤੀ ਉਸ ਦਾ ਡਾਢਾ ਲਗਾਅ ਸੀ । ਮੇਰੇ ਨਾਲ ਬਹੁਤੀ ਗੱਲ ਹੀ ਉਹ ਖੇਡਾਂ ਨਾਲ ਸੰਬੰਧਤ ਕਰਦਾ ਹੁੰਦਾ ਸੀ । ਉਸ ਦੀ ਤਮੰਨਾ ਸੀ ਕਿ ਉਸ ਦੇ ਜੱਦੀ ਪਿੰਡ ਮੋਹੀ ਦੇ ਵਿੱਚ ਫੁਟਬਾਲ ਜਾਂ ਹਾਕੀ ਦੀ ਅਕੈਡਮੀ ਬਣੇ ਇਸ ਬਾਰੇ ਉਹਨੇ ਮੈਨੂੰ ਕਈ ਵਾਰ ਬੇਨਤੀ ਕੀਤੀ ਕਿ ਆਪਾਂ ਉਥੇ ਖੇਡਾਂ ਦਾ ਕੋਈ ਨਾ ਕੋਈ ਸੈਂਟਰ ਚਲਾਈਏ ਪਰ ਮੇਰਾ ਰੁਝੇਵਾਂ ਪੱਤਰਕਾਰੀ ਅਤੇ ਜਰਖੜ ਖੇਡਾਂ ਨਾਲ ਵਧੇਰੇ ਜੁੜਿਆ ਹੋਣ ਕਰ ਕੇ ਸਾਡੀਆਂ ਗੱਲਾਂ ਸਲਾਹਾਂ ਤੱਕ ਸੀਮਤ ਰਹਿ ਗਈਆਂ।
ਸਾਲ 2018 ਵਿੱਚ ਜਦੋਂ ਮੈਂ ਅਮਰੀਕਾ ਗਿਆ ਹੋਇਆ ਸੀ ਤਾਂ ਭੂਰਾ ਬਾਈ ਜੀ ਦਾ ਮੈਨੂੰ ਫੋਨ ਆਇਆ ਕਿ ਇਸ ਵਾਰ ਬੈਲਜੀਅਮ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦ ਹੋਏ ਸਿੱਖਾਂ ਦਾ 100 ਸਾਲਾ ਮਨਾਇਆ ਜਾਣਾ ਹੈ । ਤੁਸੀਂ ਜ਼ਰੂਰ ਆਓ ਪਰ ਮੈਂ ਜਵਾਬ ਦੇ ਦਿੱਤਾ ਕਿ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਆ ਨਹੀਂ ਹੋਣਾ ਪਰ ਫਿਰ ਉਸ ਨੇ ਮੈਨੂੰ ਕਿਹਾ ਕਿ ਪ੍ਰੋਗਰਾਮ ਤਾਂ ਇੱਕ ਬਹਾਨਾ ਹੈ ਪਰ ਮੈਨੂੰ ਇੱਕ ਭਿਆਨਕ ਬਿਮਾਰੀ ਚਿੰਬੜ ਗਈ ਹੈ ਤੁਸੀਂ ਆ ਜਾਓ ,ਹੋ ਸਕਦਾ ਹੈ ਇਹ ਆਪਣਾ ਆਖ਼ਰੀ ਮਿਲਣਾ ਹੀ ਹੋਏ , ਜ਼ਿੰਦਗੀ ਮਿਲਿਆਂ ਦਾ ਹੀ ਮੇਲਾ ਹੈ । ਫਿਰ ਮੈਂ ਕਿਹਾ ਜੇ ਮਾਮਲਾ ਗੰਭੀਰ ਹੈ ਫਿਰ ਅਸੀਂ ਪੱਕਾ ਆਵਾਂਗੇ । ਮੈਂ ਤੇ ਮੇਰੇ ਸਤਿਕਾਰਯੋਗ ਵੱਡੇ ਭਰਾ ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਗਰੁੱਪ ਨਾਲ ਨਵੰਬਰ 2018 ਵਿੱਚ ਬੈਲਜੀਅਮ ਵਿਖੇ ਸਿੱਖਾਂ ਦੇ 100 ਸਾਲਾ ਸਮਾਗਮ ਜੋ ਈਪਰ ਸ਼ਹਿਰ ਵਿਖੇ ਹੋਇਆ ਉਸ ਵਿੱਚ ਹਿੱਸਾ ਲੈਣ ਲਈ ਗਏ। ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਅਤੇ ਕਈ ਹੋਰ ਮਹਾਨ ਹਸਤੀਆਂ ਵੀ ਇਸ ਸਮਾਗਮ ਵਿੱਚ ਪੁੱਜੀਆਂ ਸਨ । ਅਸੀਂ ਬੈਲਜੀਅਮ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਵਾਲੀਆਂ ਜਗ੍ਹਾ ਵੇਖੀਆਂ, ਨੈਪੋਲੀਅਨ ਦਾ ਵਾਟਰਲੂ ਦੀ ਲੜਾਈ ਵਾਲਾ ਮਿਊਜ਼ੀਅਮ ਅਤੇ ਜਰਮਨੀ ਦੇ ਸ਼ਹਿਰ ਨਿਊਰਨਬਰਗ ਜਿੱਥੇ ਹਿਟਲਰ ਦਾ ਕਿਲ੍ਹਾ, ਦਫਤਰ ਅਤੇ ਹੋਰ ਇਤਿਹਾਸ ਸੰਭਾਲਿਆ ਹੈ , ਬੈਲਜੀਅਮ ਦੀ ਮਹਾਰਾਣੀ ਦਾ ਮਹਿਲ ਕਈ ਹੋਰ ਇਤਿਹਾਸਕ ਥਾਵਾਂ ਦੇਖਣ ਨੂੰ ਨਸੀਬ ਹੋਈਆਂ , ਦੋਸਤਾਂ ਮਿੱਤਰਾਂ ਦੇ ਵੱਡੇ ਦਰਸ਼ਨ ਹੋਏ ,ਉਸ ਵਕਤ ਫਿਰ ਬਾਈ ਭੂਰੇ ਨੇ ਦੱਸਿਆ ਕਿ ਮੈਨੂੰ ਕੈਂਸਰ ਦੀ ਥੋੜ੍ਹੀ ਬਹੁਤੀ ਸਮੱਸਿਆ ਹੈ ਪਰ ਆਪਾਂ ਬੀਮਾਰੀ ਤੋਂ ਡਰਨ ਵਾਲੇ ਨਹੀਂ ਹਾਂ। ਹੌਸਲਾ ਅਸੀਂ ਵੀ ਦਿੱਤਾ ਪਰ ਭਾਣਾ ਉਹੀ ਵਾਪਰਿਆ ਕਿ ਸਾਡੀ ਇਹ ਮਿਲਣੀ ਆਖਰੀ ਹੀ ਹੋ ਨਿਬੜੀ । ਭੂਰਾ ਬਾਈ ਦੇ 2 ਫਰਜੰਦ ਮਨਜੋਤ ਸਿੰਘ ਅਤੇ ਹਰਜੋਤ ਸਿੰਘ ਜੋ ਸਾਲ 2003 ਮੌਕੇ ਨਿੱਕੇ ਨਿੱਕੇ ਸੀ ਉਹ ਅੱਜ ਪੂਰੇ ਜਵਾਨ ਹੋ ਗਏ ਹਨ ਮਨਜੋਤ ਵਿਆਹਿਆ ਵਰ੍ਹਿਆ ਗਿਐ ਉਸ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਪਰ ਹੁਣ ਬਾਪ ਦੇ ਤੁਰ ਜਾਣ ਤੋਂ ਉਸ ਨੂੰ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਚੁੱਕਣੀ ਪਵੇਗੀ । ਪ੍ਰਮਾਤਮਾ ਦਾ ਭਲਾ ਹੋਇਆ ਕਿ ਸਾਡੀ ਵੀ ਉਨ੍ਹਾਂ ਨਾਲ ਤਾਏ ਚਾਚਿਆਂ ਵਾਲੀ ਸਾਂਝ ਪੱਕੀ ਹੋ ਗਈ ਹੈ ਉਸ ਨੂੰ ਅੱਗੇ ਵੀ ਨਿਭਾਵਾਂਗੇ। 25 ਮਈ ਨੂੰ ਭਾਵੇਂ ਭਾਈ ਜਗਦੀਸ਼ ਸਿੰਘ ਭੂਰਾ ਹੋਰਾਂ ਦਾ ਅੰਤਿਮ ਸੰਸਕਾਰ ਹੋ ਜਾਵੇਗਾ ਅਤੇ ਫੇਰ ਸਿੱਖ ਮਰਿਆਦਾ ਤਹਿਤ ਅੰਤਿਮ ਅਰਦਾਸ ਹੋ ਜਾਵੇਗੀ ਭਾਵੇਂ ਸਾਡੇ ਵਿਚੋਂ ਸਾਡਾ ਭਰਾਵਾਂ ਵਰਗਾ ਸਤਿਕਾਰਯੋਗ ਬਾਈ ਸਰੀਰਕ ਤੌਰ ਤੇ ਚਲਾ ਗਿਆ ਹੈ ਪਰ ਉਸ ਦੀ ਓੁਸਾਰੂ ਸੋਚ ,ਉਸ ਨਾਲ ਬਿਤਾਏ ਪਲ, ਉਸ ਦੀਆਂ ਯਾਦਾਂ ਸਾਡੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਜਾਣਗੀਆਂ । ਉਸ ਨਾਲ ਪਈ ਸਾਂਝ ਹਮੇਸ਼ਾਂ ਅਮਰ ਰਹੇਗੀ । ਜਾਣਾ ਇਸ ਦੁਨੀਆ ਤੋਂ ਸਾਰਿਆਂ ਨੇ ਹੀ ਹੈ ਪਰ ਜੇਕਰ ਕੋਈ ਵਕਤ ਸਿਰ ਜਾਵੇ ਉਸ ਦਾ ਦੁੱਖ ਘੱਟ ਹੁੰਦਾ ਹੈ। ਪਰ ਜਦੋਂ ਕੋਈ ਇਨਸਾਨ ਬੇਵਕਤਾ ਜਾਵੇ ਫਿਰ ਮੌਤ ਦਾ ਦੁੱਖ ਵੰਡਾਉਣ ਅਤੇ ਘਟਾਓੁਣ ਲਈ ਬਾਬਾ ਫ਼ਰੀਦ ਦਾ ਹੀ ਇੱਕ ਸ਼ਲੋਕ ਚੇਤੇ ਆਉਂਦਾ ਹੈ ।
ਕੋਈ ਬਣ ਗਿਆ ਰੌਣਕ ਪੱਖੀਆਂ ਦੀ ,
ਕੋਈ ਛੱਡ ਕੇ ਸੀਸ ਮਹਿਲ ਚੱਲਿਆ,”
“ਕੋਈ ਪਲਿਆ ਨਾਲ ਇੱਥੇ ਨਖਰਿਆਂ ਦੇ, ਕੋਈ ਗਰਭ ਰੇਤ ਤੇ ਥੱਲ ਚੱਲਿਆ ।
ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ ।
ਉ ਗੁਲਾਮ ਫ਼ਰੀਦਾ ਇੱਥੇ ਸਭ ਮੁਸਾਫ਼ਿਰ ਨੇ,
ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ ।
ਪ੍ਰਮਾਤਮਾ ਭਾਈ ਜਗਦੀਸ਼ ਸਿੰਘ ਭੂਰਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਮੋਹੀ ਪਰਿਵਾਰ , ਕੌਮ ਦੇ ਚਿੰਤਕਾਂ ਅਤੇ ਹੋਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।