ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਜੰਮੂ-ਕਸ਼ਮੀਰ ਦੇ ਵੱਖਵਾਦੀ ਅਤੇ ਸਾਬਕਾ ਜੇਹਾਦੀ ਯਾਸੀਨ ਮਲਿਕ ਨੂੰ ਦਿੱਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਜੇਹਾਦੀ ਫੰਡਿੰਗ ਦੇ ਮਾਮਲੇ ‘ਚ ਇਹ ਸੁਣਵਾਈ ਕੀਤੀ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਹਾਊਸ ਅਦਾਲਤ ਅੰਦਰ ਯਾਸੀਨ ਮਲਿਕ ਚੁੱਪਚਾਪ ਬੈਠੇ ਰਹੇ ਸਨ । ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਯਾਸੀਨ ਮਲਿਕ ਦੇ ਘਰ ‘ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਇੰਨਾ ਹੀ ਨਹੀਂ ਅਦਾਲਤੀ ਕੰਪਲੈਕਸ ‘ਚ ਸੁਰੱਖਿਆ ਵਿਵਸਥਾ ਵੀ ਕਾਫੀ ਸਖਤ ਸੀ ਅਤੇ ਫੈਸਲੇ ਤੋਂ ਪਹਿਲਾਂ ਡੌਗ ਸਕੁਐਡ ਰਾਹੀਂ ਨਿਗਰਾਨੀ ਰੱਖੀ ਗਈ ਸੀ। ਯਾਸੀਨ ਮਲਿਕ ‘ਤੇ ਜੇਹਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ, ਜੇਹਾਦੀ ਫੰਡਿੰਗ, ਜੇਹਾਦੀ ਸਾਜ਼ਿਸ਼ ਅਤੇ ਹਿੰਦੁਸਤਾਨ ਖਿਲਾਫ ਜੰਗ ਛੇੜਨ ਵਰਗੇ ਦੋਸ਼ਾਂ ‘ਚ ਕਈ ਮਾਮਲੇ ਦਰਜ ਹਨ। ਯਾਸੀਨ ਮਲਿਕ ਸਾਬਕਾ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਧੀ ਭਾਰਤੀ ਹਵਾਈ ਸੈਨਾ ਦੇ ਚਾਰ ਨਿਹੱਥੇ ਅਧਿਕਾਰੀਆਂ ਨੂੰ ਅਗਵਾ ਕਰਨ ਸਮੇਤ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ।
ਐਨਆਈਏ ਨੇ ਜੇਹਾਦੀ ਫੰਡਿੰਗ ਦੇ ਦੋਸ਼ੀ ਯਾਸੀਨ ਮਲਿਕ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਐਨਆਈਏ ਨੇ ਕਿਹਾ ਕਿ ਯਾਸੀਨ ਮਲਿਕ ਵੱਲੋਂ ਕੀਤੇ ਗਏ ਅਪਰਾਧਾਂ ਨੂੰ ਦੇਖਦੇ ਹੋਏ ਮਲਿਕ ਨੂੰ ਮੌਤ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕੇਸ ਦੀ ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਖੁਦ ਆਪਣਾ ਜੁਰਮ ਕਬੂਲ ਕਰ ਲਿਆ ਸੀ ਅਤੇ ਵਕੀਲ ਨੂੰ ਵੀ ਵਾਪਸ ਕਰ ਦਿੱਤਾ ਸੀ। ਯਾਸੀਨ ਮਲਿਕ ਦੀ ਸਜ਼ਾ ਦੇ ਐਲਾਨ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਬੇਹੱਦ ਸਖ਼ਤ ਸਨ।
ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਕਿਹਾ ਕਿ ਮੈਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਹਿੰਸਾ ਤੋਂ ਦੂਰ ਹਾਂ ਅਤੇ ਮੈਂ ਦੇਸ਼ ਦੇ 7 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ। ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਮੇਰਾ ਪਾਸਪੋਰਟ ਬਹਾਲ ਕਰ ਦਿੱਤਾ ਸੀ। ਯਾਸੀਨ ਮਲਿਕ ਦੇ ਵਕੀਲ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਜੁਰਮਾਂ ਨੂੰ ਸਾਫ਼-ਸਾਫ਼ ਕਬੂਲ ਕਰ ਲਿਆ ਹੈ ਅਤੇ ਹਿੰਸਾ ਦਾ ਰਾਹ ਛੱਡ ਦਿੱਤਾ ਹੈ ਤਾਂ ਉਸ ਨੂੰ ਸਜ਼ਾ ਦੇਣ ਵਿੱਚ ਨਰਮੀ ਹੋਣੀ ਚਾਹੀਦੀ ਹੈ।