ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨ ਕੱਟੜਵਾਦੀ ਹਿੰਦੂ ਰਾਸ਼ਟਰ ਨੂੰ ਜ਼ਬਰੀ ਕਾਇਮ ਕਰਨ ਦੀ ਸੋਚ ਅਧੀਨ ਲੰਮੇ ਸਮੇ ਤੋ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟੇ, ਲੰਗਾਇਤ, ਕਬੀਲਿਆ, ਆਦਿਵਾਸੀਆ ਆਦਿ ਉਤੇ ਗੈਰ-ਵਿਧਾਨਿਕ ਢੰਗ ਰਾਹੀ ਜ਼ਬਰ-ਜੁਲਮ ਵੀ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਨਾਲ ਹਰ ਖੇਤਰ ਵਿਚ ਵਿਤਕਰੇ ਤੇ ਬੇਇਨਸਾਫ਼ੀਆਂ ਵੀ ਕਰਦਾ ਆ ਰਿਹਾ ਹੈ । ਇਸੇ ਜ਼ਾਬਰ ਸੋਚ ਅਧੀਨ ਮੌਜੂਦਾ ਬੀਜੇਪੀ-ਆਰ.ਐਸ.ਐਸ. ਦੀ ਸ੍ਰੀ ਮੋਦੀ ਹਕੂਮਤ ਨੇ 05 ਅਗਸਤ 2019 ਨੂੰ ਇੰਡੀਆਂ ਦੇ ਵਿਧਾਨ ਦੀ ਘੋਰ ਉਲੰਘਣਾ ਕਰਕੇ, ਕਸ਼ਮੀਰੀਆਂ ਨੂੰ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਰਾਹੀ ਸੰਪੂਰਨ ਆਜਾਦੀ ਖੁਦਮੁਖਤਿਆਰੀ ਦੇ ਮਿਲੇ ਵਿਧਾਨਿਕ ਹੱਕ ਨੂੰ ਕੁੱਚਲਕੇ ਉਪਰੋਕਤ ਦੋਵੇ ਧਾਰਾ ਅਤੇ ਆਰਟੀਕਲ ਨੂੰ ਖ਼ਤਮ ਕਰਦੇ ਹੋਏ ਕਸ਼ਮੀਰੀਆਂ ਦੀ ਆਜਾਦੀ ਨੂੰ ਖ਼ਤਮ ਕਰ ਦਿੱਤਾ ਸੀ । ਹੁਣੇ ਹੀ 25 ਮਈ ਨੂੰ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਕਸ਼ਮੀਰੀਆਂ ਦੇ ਹਰਮਨ ਪਿਆਰੇ ਨੌਜ਼ਵਾਨ ਆਗੂ ਜਨਾਬ ਯਾਸੀਨ ਮਲਿਕ ਨੂੰ ਐਨ.ਆਈ.ਏ. ਅਦਾਲਤ ਦੀ ਦੁਰਵਰਤੋ ਕਰਦੇ ਹੋਏ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਗ੍ਰਿਫ਼ਤਾਰ ਕਰਕੇ ਦਿੱਲੀ ਤਿਹਾੜ੍ਹ ਜੇਲ੍ਹ ਵਿਚ ਬੰਦੀ ਬਣਾ ਦਿੱਤਾ ਗਿਆ ਹੈ । ਹੁਕਮਰਾਨਾਂ ਨੇ ਅਜਿਹਾ ਅਮਲ ਕਰਕੇ ਘੱਟ ਗਿਣਤੀ ਕੌਮਾਂ ਨੂੰ ਗਲਤ ਸੰਦੇਸ਼ ਦਿੱਤਾ ਹੈ । ਇਸ ਦਿਨ ਨੂੰ ਘੱਟ ਗਿਣਤੀ ਕੌਮਾਂ ਲਈ ਕਾਲੇ ਦਿਨ ਵੱਜੋ ਜਾਣਿਆ ਜਾਵੇਗਾ । ਕਿਉਂਕਿ ਜਨਾਬ ਯਾਸੀਨ ਮਲਿਕ ਆਪਣੀ ਕੌਮ ਅਤੇ ਮਨੁੱਖਤਾ ਲਈ ਇਕ ਬਹੁਤ ਹੀ ਸੰਜ਼ੀਦਾ, ਦ੍ਰਿੜ ਇਰਾਦੇ ਵਾਲੇ ਆਪਣੀ ਕੌਮੀਅਤ ਦੇ ਪੱਕੇ ਵਫਾਦਾਰ ਕਸ਼ਮੀਰੀ ਆਗੂ ਹਨ । ਜਿਨ੍ਹਾਂ ਨੇ ਆਪਣੇ ਉਤੇ ਐਨ.ਆਈ.ਏ. ਵੱਲੋ ਅਤੇ ਏਜੰਸੀਆਂ ਵੱਲੋਂ ਮੰਦਭਾਵਨਾ ਅਧੀਨ ਲਗਾਏ ਗਏ ਝੂਠੇ ਦੋਸ਼ਾਂ ਨੂੰ ਕਬੂਲਣ ਤੋਂ ਨਾਂਹ ਕਰ ਦਿੱਤੀ, ਬੇਸ਼ੱਕ ਏਜੰਸੀਆਂ ਨੇ ਪੁੱਛਗਿੱਛ ਦੌਰਾਨ ਮਲਿਕ ਸਾਬ ਨੂੰ ਜ਼ਲੀਲ ਵੀ ਕੀਤਾ । ਪਰ ਉਸ ਇਨਕਲਾਬੀ ਕਸ਼ਮੀਰੀ ਨੌਜ਼ਵਾਨ ਆਗੂ ਨੇ ਰਤੀਭਰ ਵੀ ਆਪਣਾ ਹੌਸਲਾ ਨਹੀਂ ਛੱਡਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਨਾਬ ਯਾਸੀਨ ਮਲਿਕ ਦੀ ਹੁਕਮਰਾਨਾਂ ਵੱਲੋਂ ਗੈਰ-ਵਿਧਾਨਿਕ ਢੰਗ ਨਾਲ ਜ਼ਬਰੀ ਦਿੱਤੀ ਗਈ ਉਮਰਕੇਦ ਦੀ ਸਜ਼ਾ ਅਤੇ ਕੀਤੀ ਗ੍ਰਿਫ਼ਤਾਰੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਹੋਏ ਅਮਲ ਵਿਚ ਕਸ਼ਮੀਰੀਆਂ ਵਿਚ ਆਜਾਦੀ ਲਈ ਨਵੀ ਰੂਹ ਫੂਕਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰੀ ਅਵਾਮ ਵਿਚ ਕੌਮੀਅਤ ਐਨੀ ਬੁਲੰਦ ਹੋ ਗਈ ਹੈ, ਤਾਂ ਫਿਰ ਇਸ ਗੱਲ ਦੀ ਖੁਸ਼ੀ ਅਤੇ ਫਖ਼ਰ ਹੈ ਕਿ ਹਿੰਦੂਤਵ ਹੁਕਮਰਾਨ ਤਾਂ ਕੀ ਕੋਈ ਵੀ ਕਸ਼ਮੀਰੀਆਂ ਨੂੰ ਗੁਲਾਮ ਨਹੀਂ ਬਣਾ ਸਕੇਗਾ । ਇਸ ਮੁਲਕ ਦੀ ਨਿਆਪ੍ਰਣਾਲੀ ਪੱਖਪਾਤੀ ਹੋ ਕੇ ਹੁਕਮਰਾਨਾਂ ਦੇ ਹੱਕ ਵਿਚ ਭੁਗਤਕੇ ਘੱਟ ਗਿਣਤੀ ਕੌਮਾਂ ਦੇ ਸਭ ਜਮਹੂਰੀ ਵਿਧਾਨਿਕ ਹੱਕਾਂ ਨੂੰ ਕੁੱਚਲ ਰਹੀ ਹੈ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਥੇ ਬਹੁਗਿਣਤੀਆਂ ਲਈ ਅਤੇ ਘੱਟ ਗਿਣਤੀਆਂ ਲਈ ਕਾਨੂੰਨ ਨੂੰ ਵੱਖਰੇ ਤੌਰ ਤੇ ਵਰਤਿਆ ਜਾ ਰਿਹਾ ਹੈ । ਇਥੋ ਤੱਕ ਕਸ਼ਮੀਰ ਵਿਚ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਹੈ । ਜਿਸ ਅਨੁਸਾਰ ਕਿਸੇ ਵੀ ਕਸ਼ਮੀਰੀ ਨਾਗਰਿਕ ਨੂੰ ਫੌLਜ, ਅਰਧ ਸੈਨਿਕ ਬਲ ਅਤੇ ਪੁਲਿਸ ਕਿਸੇ ਵੀ ਸਮੇਂ ਅਗਵਾਹ ਕਰ ਸਕਦੀ ਹੈ, ਚੁੱਕ ਕੇ ਲਿਜਾਕੇ ਲੱਤ-ਬਾਂਹ ਤੋੜ ਸਕਦੀ ਹੈ, ਜ਼ਬਰ-ਜ਼ਨਾਹ ਕਰ ਸਕਦੀ ਹੈ, ਤਸੱਦਦ ਕਰ ਸਕਦੀ ਹੈ ਅਤੇ ਉਸਨੂੰ ਸਰੀਰਕ ਤੌਰ ਤੇ ਖ਼ਤਮ ਵੀ ਕਰ ਸਕਦੀ ਹੈ । ਅਜਿਹੇ ਕਾਨੂੰਨ ਕੇਵਲ ਘੱਟ ਗਿਣਤੀਆ ਲਈ ਹੀ ਲਾਗੂ ਕੀਤੇ ਜਾ ਰਹੇ ਹਨ । ਹੁਕਮਰਾਨਾਂ ਵੱਲੋ ਅਸਾਮੀਆ, ਨਾਗਿਆ, ਮਿਜੋਆ, ਪੱਛੜੇ ਵਰਗਾਂ, ਲੰਗਾਇਤਾਂ, ਮੁਸਲਮਾਨਾਂ, ਸਿੱਖਾਂ, ਇਸਾਈਆ, ਕਬੀਲਿਆ, ਆਦਿਵਾਸੀਆ ਆਦਿ ਉਤੇ ਜੋ ਗੈਰ ਵਿਧਾਨਿਕ ਢੰਗਾਂ ਰਾਹੀ ਜ਼ਬਰ ਜੁਲਮ ਹੋ ਰਿਹਾ ਹੈ, ਇਹ ਵਰਤਾਰਾ ਇਸ ਮੁਲਕ ਨੂੰ ਕਦੀ ਵੀ ਇਕ ਨਹੀਂ ਰੱਖ ਸਕੇਗਾ । ਇਹ ਹੋ ਰਿਹਾ ਦੁੱਖਦਾਇਕ ਵਰਤਾਰਾ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਜਿਥੇ ਇਕਦਮ ਸਮੂਹਿਕ ਤੌਰ ਤੇ ਇਕ ਹੋਣ ਅਤੇ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੇ ਵਿਧਾਨਿਕ ਹੱਕ-ਹਕੂਕਾ ਅਤੇ ਮਿਲੀ ਆਜਾਦੀ ਨੂੰ ਪ੍ਰਾਪਤ ਕਰਨ ਦਾ ਸੰਜ਼ੀਦਾ ਸੰਦੇਸ਼ ਦਿੰਦਾ ਹੈ, ਉਥੇ ਅਸੀ ਸਮੁੱਚੀਆਂ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਜਿੰਨੀ ਜਲਦੀ ਹੋ ਸਕੇ ਸਭ ਘੱਟ ਗਿਣਤੀ ਕੌਮਾਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਆਪਸੀ ਤਾਲਮੇਲ ਰਾਹੀ ਇਕੱਤਰ ਹੋ ਕੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮਾਂ ਨੂੰ ਚੁਣੋਤੀ ਵੀ ਦੇਣ ਅਤੇ ਅਗਲੀ ਆਜਾਦੀ ਦੀ ਲੜਾਈ ਵਿਚ ਸਮੂਹਿਕ ਤੌਰ ਤੇ ਸੰਜ਼ੀਦਾ ਹੋ ਕੇ ਯੋਗਦਾਨ ਪਾਉਣ । ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਕਸ਼ਮੀਰੀ ਆਗੂ ਜਨਾਬ ਯਾਸੀਨ ਮਲਿਕ ਨੂੰ ਦਿੱਤੀ ਉਮਰਕੈਦ ਦੀ ਜਿਥੇ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਕੌਮਾਂਤਰੀ ਪੱਧਰ ਤੇ ਵਿਚਰਣ ਵਾਲੀਆ ਮਨੁੱਖੀ ਅਧਿਕਾਰਾਂ ਲਈ ਜੱਦੋ-ਜਹਿਦ ਕਰਨ ਵਾਲੀਆ ਜਥੇਬੰਦੀਆਂ ਯੂ.ਐਨ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ, ਇੰਟਰਨੈਸ਼ਨਲ ਹਿਊਮਨਰਾਈਟਸ ਆਰਗੇਨਾਈਜੇਸਨ ਅਤੇ ਅਮਰੀਕਾ, ਜਰਮਨ, ਫ਼ਰਾਂਸ, ਆਸਟ੍ਰੇਲੀਆ, ਕੈਨੇਡਾ, ਜਪਾਨ ਵਰਗੇ ਵੱਡੇ ਮੁਲਕਾਂ ਦੇ ਹੁਕਮਰਾਨਾਂ ਨੂੰ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦੇ ਹਾਂ ਕਿ ਕਸ਼ਮੀਰ ਵਿਚ ਕਸ਼ਮੀਰੀਆਂ, ਪੰਜਾਬ ਵਿਚ ਪੰਜਾਬੀਆਂ ਅਤੇ ਸਿੱਖਾਂ, ਅਸਾਮੀਆ, ਨਾਗਿਆ, ਆਦਿਵਾਸੀਆ ਉਤੇ ਹੋ ਰਹੇ ਹਕੂਮਤੀ ਜ਼ਬਰ ਜੁਲਮ ਨੂੰ ਬੰਦ ਕਰਵਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਉਹ ਫੌਰੀ ਅੱਗੇ ਆਉਣ । ਇਸਲਾਮਿਕ ਮੁਲਕਾਂ ਦੀ ਬਣੀ ਸਾਂਝੀ ਜਥੇਬੰਦੀ ਓ.ਆਈ.ਸੀ. (ਆਰਗੇਨਾਈਜੇਸ਼ਨ ਆਫ਼ ਇਸਲਾਮਿਕ ਕੰਟਰੀਜ਼) ਨੂੰ ਵਿਸ਼ੇਸ਼ ਤੌਰ ਤੇ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ ਨੂੰ ਬੰਦ ਕਰਵਾਉਣ ਲਈ ਆਵਾਜ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ । ਤਾਂ ਕਿ ਜੋ ਰੋਜਾਨਾ ਹੀ ਕਸ਼ਮੀਰੀਆਂ ਦੀ ਹਕੂਮਤੀ ਨਸ਼ਲਕੁਸੀ ਹੋ ਰਹੀ ਹੈ, ਉਹ ਬੰਦ ਹੋ ਸਕੇ ਅਤੇ ਸਮੁੱਚੀਆਂ ਘੱਟ ਗਿਣਤੀਆਂ ਦੇ ਵਿਧਾਨਿਕ ਹੱਕਾਂ ਦੀ ਅਮਲੀ ਰੂਪ ਵਿਚ ਰਾਖੀ ਹੋ ਸਕੇ ।
ਉਨ੍ਹਾਂ ਸਮੁੱਚੇ ਇਨਸਾਫ਼ ਪਸ਼ੰਦ ਆਗੂਆਂ, ਸੰਗਠਨਾਂ, ਸੰਸਥਾਵਾਂ ਅਤੇ ਸਰਬੱਤ ਦਾ ਭਲਾ ਲੋੜਨ ਵਾਲੇ ਨਿਵਾਸੀਆ, ਪੰਜਾਬੀਆਂ, ਕਸ਼ਮੀਰੀਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਇਨਸਾਨੀਅਤ, ਮਨੁੱਖਤਾ ਪੱਖੀ, ਅਮਨ-ਚੈਨ ਤੇ ਜਮਹੂਰੀਅਤ ਨੂੰ ਸਹੀ ਮਾਇਨਿਆ ਵਿਚ ਕਾਇਮ ਕਰਨ ਵਾਲੀਆ ਨੀਤੀਆ ਅਤੇ ਸੋਚ ਨੂੰ ਸਹਿਯੋਗ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਮੁਲਕ ਵਿਚ ਪ੍ਰਤੀਨਿੱਧਤਾਂ ਦੇਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਇਥੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ‘ਹਲੀਮੀ ਰਾਜ’ ਕਾਇਮ ਕਰ ਸਕੀਏ ਜਿਥੇ ਕਿਸੇ ਵੀ ਨਾਲ ਕਿਸੇ ਵੀ ਖੇਤਰ ਵਿਚ ਰਤੀਭਰ ਵੀ ਬੇਇਨਸਾਫ਼ੀ ਨਾ ਹੋਵੇ । ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹੋਣ ਅਤੇ ਇਨਸਾਫ਼ ਦਾ ਰਾਜ ਕਾਇਮ ਹੋ ਸਕੇ ।