ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਤ ਸਮਾਜ, ਸੰਤ ਸਭਾਵਾਂ ਤੇ ਸਿੱਖ ਸੰਸਥਾਵਾਂ ਨਾਲ ਮਿਲ ਕੇ ਧਰਮ ਦੇ ਪ੍ਰਚਾਰ ਦਾ ਕੰਮ ਕਰਨ ਲਈ ਵਿਉਂਤਬੰਦ ਕੀਤੀ ਤੇ ਐਲਾਨ ਕੀਤਾ ਕਿ ਜਲਦੀ ਹੀ ਦਿੱਲੀ ਕਮੇਟੀ ਇਹਨਾਂ ਨਾਲ ਰਲ ਕੇ ਧਰਮ ਪ੍ਰਚਾਰ ਦਾ ਕੰਮ ਵੱਡੀ ਪੱਧਰ ’ਤੇ ਆਰੰਭੇਗੀ।
ਅੱਜ ਇਥੇ ਸੰਤ ਸਮਾਜ, ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਤੇ ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਉਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਜਿਹਨਾਂ ਸਮੁੱਚੀਆਂ ਸੰਸਥਾਵਾਂ, ਸਿੰਘ ਸਭਾਵਾਂ ਤੇ ਸੰਤ ਸਮਾਜ ਦੇ ਮੁਖੀ ਜਿਹਨਾਂ ਨੇ ਦਿੱਲੀ ਕਮੇਟੀ ਦੀ ਸਨਿਮਰ ਬੇਨਤੀ ’ਤੇ ਇਥੇ ਆਪਣੇ ਦਲ ਬਲ ਦੇ ਨਾਲ ਆ ਕੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਸਿਰਫ ਧਰਮ ਪ੍ਰਚਾਰ ਨਾਲ ਸੰਬੰਧਤ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਕੋਰੋਨਾ ਮਹਾਮਾਰੀ ਤੋਂ ਬਾਅਦ ਦੋ ਤੋਂ ਢਾਈ ਸਾਲ ਇਸ ਧਰਮ ਪ੍ਰਚਾਰ ਦੇ ਕੰਮ ਵਿਚ ਬਹੁਤ ਖੜੋਤ ਆ ਗਈ। ਉਹਨਾਂ ਕਿਹਾ ਕਿ ਆਪੋ ਆਪਣੇ ਇਲਾਕਿਆਂ ਵਿਚ ਧਰਮ ਪ੍ਰਚਾਰ ਤੇ ਪਸਾਰ ਦਾ ਕੰਮ ਕਿਵੇਂ ਕੀਤਾ ਜਾਵੇ, ਇਹ ਬਹੁਤ ਵੱਡੀ ਮੰਗ ਆ ਰਹੀ ਹੈ। ਉਹਨਾਂ ਕਿਹਾ ਕਿ ਅੱਜ ਬਹੁਤ ਵੱਡੀ ਲੋੜ ਹੈ ਕਿ ਨੌਜਵਾਨ ਪੀੜੀ ਜਦੋਂ ਨਸ਼ਿਆਂ ਵੱਲ ਵੱਧ ਰਹੀ ਹੈ, ਉਹਨਾਂ ਨੁੰ ਕਿਵੇਂ ਰੋਕੀਏ, ਇਸ ਬਾਰੇ ਉਦਮ ਕਰਨ ਦੀ ਜ਼ਿੰਮੇਵਾਰੀ ਦਿੱਲੀ ਦੀ ਸੰਗਤ ਨੇ ਦਿੱਲੀ ਕਮੇਟੀ ਨੁੰ ਦਿੱਤੀ ਹੈ।
ਉਹਨਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੁੰ ਅਸੀਂ 6 ਗੁਰੂ ਸਾਹਿਬਾਨ, ਭੱਟਾਂ, ਭਗਤ ਜਨਾਂ ਤੇ ਗੁਰੂ ਕੇ ਸਿੱਖਾਂ ਨੁੰ ਸਮਰਪਿਤ ਕਰਦੇ ਹਾਂ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਇਹਨਾਂ 36 ਸ਼ਖਸੀਅਤਾਂ ਦੇ ਨਾਂ ’ਤੇ ਦਿੱਲੀ ਵਿਚ ਪ੍ਰੋਗਰਾਮ ਕਰਵਾਂਗੇ ਤੇ ਇਹਨਾਂ ਦੀ ਜੀਵਨੀ ਬਾਰੇ ਦਿੱਲੀ ਦੀਆਂ ਸੰਗਤਾਂ ਨੁੰ ਜਾਣਕਾਰੀ ਦਿਆਂਗੇ।
ਉਹਨਾਂ ਕਿਹਾ ਕਿ ਪਹਿਲਾਂ ਅਸੀਂ ਇਹ ਕੰਮ ਨਹੀਂ ਕਰ ਸਕੇ ਤੇ ਇਸੇ ਕਾਰਨ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਤਾਂ ਜੋ ਅਸੀਂ ਸੰਤ ਸਮਾਜ, ਸਿੰਘ ਸਭਾਵਾਂ ਤੇ ਸੰਸਥਾਵਾਂ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਕੰਮ ਕਰ ਸਕੀਏ।
ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਸਦਕਾ ਅਸੀਂ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕਰ ਸਕਦੇ ਹਾਂ, ਇਸ ’ਤੇ ਚਰਚਾ ਕਰਨੀ ਹੈ। ਉਹਨਾਂ ਕਿਹਾ ਕਿ ਕੌਮ ਵੱਲੋਂ ਦੋ ਕਮੇਟੀਆਂ ਨੁੰ ਸ਼੍ਰੋਮਣੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੁੰ ਇਹ ਜ਼ਿੰਮੇਵਾਰੀ ਮਿਲੀ ਹੈ। ਉਹਨਾ ਕਿਹਾ ਕਿ ਲੋਕਾਂ ਨੁੰ ਇਹ ਉਮੀਦ ਹੈ ਕਿ ਦਿੱਲੀ ਵਿਚ ਇਹ ਕਮੇਟੀ ਜਿਥੇ ਧਰਮ ਦੇ ਪ੍ਰਚਾਰ ਦੀ ਗੱਲ ਕਰਦੀ ਹੈ, ਧਰਮ ਦੀ ਰਾਖੀ ਲਈ ਕੰਮ ਕਰਦੀ ਹੈ ਤੇ ਜਿਥੇ ਕੋਈ ਮਸਲਾ ਹੁੂੰਦਾ ਹੈ, ਅੱਗੇ ਆ ਕੇ ਇਹ ਕੰਮ ਕਰਦੀ ਹੈ, ਧਰਮ ਪ੍ਰਚਾਰ ਦੇ ਮਾਮਲੇ ਵਿਚ ਉਹ ਕੰਮ ਕਰਨਗੇ।
ਇਸ ਪ੍ਰੋਗਰਾਮ ਵਿਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਇਸ ਮੌਕੇ ਧਰਮ ਪ੍ਰਚਾਰ ਨਾਲ ਸਬੰਧਤ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ।
ਪ੍ਰੋਗਰਾਮ ਵਿਚ ਸੰਤ ਸਮਾਜ ਵੱਲੋਂ ਬਾਬਾ ਵਰਿੰਦਰ ਸਿੰਘ ਕੁਰਕਸ਼ੇਤਰ, ਬਾਬਾ ਬਲਜਿੰਦਰ ਸਿੰਘ ਜੀ ਗੜਾ ਸਾਹਿਬ ਕਰਮਸਰ ਵਾਲੇ, ਬਾਬਾ ਦਾਤਾਰ ਸਿੰਘ ਜੀ, ਡੇਰਾ ਸੰਤ ਸੁਜਾਨ ਸਿੰਘ ਜੀ ਰਾਜੌਰੀ ਗਾਰਡਨ ਦਿੱਲੀ, ਬਾਬਾ ਦਿਲਬਾਗ ਸਿੰਘ ਜੀ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਬਾਬਾ ਜਸਪਾਲ ਸਿੰਘ ਬਿੱਟੂ, ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ, ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਜੋਗਿੰਦਰ ਸਿੰਘ ਗੋਬਿੰਦ ਸਦਨ ਦਿੱਲੀ, ਭਾਈ ਰਣਜੀਤ ਸਿੰਘ, ਬਾਬਾ ਰਾਜਿੰਦਰ ਸਿੰਘ, ਬਾਬਾ ਬਲਬੀਰ ਸਿੰਘ 96 ਕ੍ਰੋੜੀ ਵੱਲੋਂ ਬਾਬਾ ਰਣਜੋਧ ਸਿੰਘ ਜੀ ਅਤੇ ਬਾਬਾ ਸੁਖਵਿੰਦਰ ਸਿੰਘ ਜੀ, ਬਾਬਾ ਪ੍ਰੀਤਮ ਸਿੰਘ ਗੁਰੂ ਕਾ ਤਾਲ, ਭਾਈ ਅਮਰੀਕ ਸਿੰਘ ਜੀ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਤਰਨਾਦਲ, ਬਾਬਾ ਸੁਖਦੇਵ ਸਿੰਘ ਪਹਾੜਗੰਜ, ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਗੁਰਦੁਆਰਾ ਬੰਗਲਾ ਸਾਹਿਬ, ਬਾਬਾ ਸੁਰਿੰਦਰ ਸਿੰਘ ਜੀ, ਸੰਤ ਪੂਰਨ ਸਿੰਘ ਜੀ ਤਿਲਕ ਨਗਰ, ਬਾਬਾ ਗੁਰਨਾਮ ਸਿੰਘ ਜੀ, ਬਾਬਾ ਅਨੂਪ ਸਿੰਘ ਨਵਾਬ ਗੰਜ, ਬਾਬਾ ਜੋਗਾ ਸਿੰਘ ਜੀ ਭੂਰੀ ਵਾਲੇ, ਸੰਤ ਚਰਨਜੀਤ ਸਿੰਘ ਮਾਨਸਰੋਵਰ ਗਾਰਡਨ ਦਿੱਲੀ, ਸ਼ਾਹ ਅਵਤਾਰ ਸਿੰਘ ਜੀ ਗੁਜਰਾਂਵਾਲਾ ਟਾਊਨ ਦਿੱਲੀ, ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਪੰਜਾਬ ਸਮੇਤ ਕਈ ਮਾਣਯੋਗ ਸ਼ਖਸੀਅਤਾਂ ਮੌਜੁਦ ਰਹੀਆਂ।