ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ‘ਤੇ ਸਿਆਸੀ ਵਿਰੋਧੀਆਂ ਨੂੰ ਟ੍ਰੋਲ ਕਰਨ ਵਾਸਤੇ 88 ਮੈਂਬਰੀ ਸੋਸ਼ਲ ਮੀਡੀਆ ਟੀਮ ਸਰਕਾਰੀ ਖਰਚੇ ‘ਤੇ ਨਿਯੁਕਤ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੇ 9 ਮਈ ਨੂੰ ਖੁਲਾਸਾ ਕੀਤਾ ਸੀ ਕਿ ਪੰਜਾਬ ਦੀ ਆਪ ਸਰਕਾਰ ਸੋਸ਼ਲ ਮੀਡੀਆ ਟੀਮ ਨਿਯੁਕਤ ਕਰਨ ਦੇ ਚੱਕਰ ਵਿਚ ਹੈ ਤੇ ਇਹਨਾਂ ਦੀ ਸਰਕਾਰੀ ਤੌਰ ‘ਤੇ ਨਿਯੁਕਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾ ਨੇ ਸਰਕਾਰੀ ਅਫਸਰਾਂ ਨੁੰ ਸਿਆਸੀ ਮੰਤਵਾਂ ਵਾਸਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਵਿਰੁੱਧ ਚੇਤਾਵਨੀ ਵੀ ਦਿੱਤੀ ਸੀ।
ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆ ਗਿਆ ਹੈ ਕਿ ਤਕਰੀਬਨ 88 ਮੈਂਬਰੀ ਟੀਮ ਐਸ ਐਸ ਸਰਵਿਸ ਪ੍ਰੋਵਾਈਡਰਜ਼ ਰਾਹੀਂ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਅਸੀਂ ਕਾਨੁੰਨ ਵਿਕਲਪ ਵਰਤ ਕੇ ਇਸ ਸਾਰੇ ਮਾਮਲੇ ਦੀ ਜਾਂਚ ਕਰਾਵਾਂਗੇ ਤੇ ਇਸ ਟੀਮ ਦੀ ਨਿਯੁਕਤੀ ਕਰ ਕੇ ਜਨਤਕ ਪੈਸੇ ਦੀ ਬਰਬਾਦੀ ਲਈ ਜ਼ਿੰਮੇਵਾਰੀ ਵੀ ਤੈਅ ਕਰਾਂਗੇ ਤੇ ਉਹਨਾਂ ਨੁੰ ਸਜ਼ਾਵਾਂ ਵੀ ਦੁਆਵਾਂਗੇ।
ਸਰਦਾਰ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਉਸ ਪੰਜਾਬ ਦੇ ਪੈਸੇ ਨੁੰ ਲੁਟਾ ਰਹੇ ਹਨ ਜੋ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਸਿਰਫ ਇਕੋ ਮੰਤਵ ਨਾਲ ਕੀਤੀਆਂ ਜਾ ਰਹੀਆਂ ਹਨ ਕਿ ਸੋਸ਼ਲ ਮੀਡੀਆ ‘ਤੇ ਸਾਰੇ ਸਿਆਸੀ ਵਿਰੋਧੀਆਂ ਨੁੰ ਟ੍ਰੋਲ ਕੀਤਾ ਜਾ ਸਕੇ ਤੇ ਚੋਣਾਂ ਵਾਲੇ ਰਾਜਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਪੰਜਾਬ ਦੇ ਸਰਕਾਰੀ ਪੈਸੇ ਨਾਲ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਇਸ ਗੈਰ ਕਾਨੂੰਨੀ ਕੰਮ ਵਿਚ ਲੱਗੇ ਅਫਸਰਾਂ ਦੀ ਨਿਸ਼ਾਨਦੇਹੀ ਹੋਵੇ ਤੇ ਉਹਨਾਂ ਖਿਲਾਫ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਲਈ ਬਣਦੀ ਕਾਨੁੰਨੀ ਕਾਰਵਾਈ ਹੋਵੇ ਤੇ ਉਹਨਾਂ ਨੁੰ ਜੇਲ ਭੇਜਿਆ ਜਾਵੇ।