ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ ਸੈਕਟਰ-42 ਦੇ ਕਮਿਊਨਿਟੀ ਸੈਂਟਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕਰਵਾਇਆ ਗਿਆ। ਇਹ ਕੈਂਪ ਰੈਜ਼ੀਡੈਂਸ ਵੈਲਫ਼ੇਅਰ ਐਸੋਸੀਏਸ਼ਨ ਅਤੇ ਮਾਰਕਿਟ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੌਰਾਨ ਫੋਰਟਿਸ ਹਸਪਤਾਲ ਮੋਹਾਲੀ ਤੋਂ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮਾਂ ਵੱਲੋਂ ਜਿੱਥੇ ਬਹੁਗਿਣਤੀ ਮਹਿਲਾਵਾਂ ਦੇ ਵੱਖੋ-ਵੱਖਰੇ ਮੈਡੀਕਲ ਟੈਸਟ ਕੀਤੇ ਗਏ ਉਥੇ ਹੀ ਔਰਤਾਂ ਨੂੰ ਵਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਕੈਂਪ ਦੌਰਾਨ 500 ਤੋਂ ਵੱਧ ਲੋਕਾਂ ਨੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਅਧੀਨ ਵੱਖੋ ਵੱਖਰੀਆਂ ਸਿਹਤ ਸੇਵਾਵਾਂ ਦਾ ਲਾਭ ਲਿਆ, ਜਿਸ ’ਚ ਬਹੁਗਿਣਤੀ ਮਹਿਲਾਵਾਂ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ। ਕੈਂਪ ਦਾ ਉਦਘਾਟਨ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਇਹ ਕੈਂਪ ਫੋਰਟਿਸ ਹਸਪਤਾਲ ਤੋਂ ਨਿਊਰੋਲੌਜੀ ਦੇ ਐਮ.ਪੀ.ਟੀ, ਬੀ.ਪੀ.ਟੀ ਡਾ. ਨੇਹਾ ਮਿੱਤਲ, ਹੱਡੀਆਂ ਦੇ ਰੋਗਾਂ ਦੇ ਮਾਹਿਰ ਅਤੇ ਡਾਇਰੈਕਟਰ ਡਾ. ਰਵੀ ਗੁਪਤਾ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਲਗਾਇਆ ਗਿਆ।
ਇਸ ਦੌਰਾਨ ਫੋਰਟਿਸ ਹਸਪਤਾਲ ਮੋਹਾਲੀ ਦੇ ਸੇਲਜ਼ ਅਤੇ ਮਾਰਕਟਿੰਗ ਹੈੱਡ ਅਤੇ ਬਿਜ਼ਨਸ ਪਾਰਟਨਰ ਸ਼੍ਰੀ ਯੋਗੇਸ਼ ਜੋਸ਼ੀ, ਚੰਡੀਗੜ੍ਹ ਵਾਰਡ ਨੰਬਰ 24 ਦੇ ਐਮ.ਸੀ ਜਸਵੀਰ ਜੋਸ਼ੀ, ਸੀ.ਐਚ.ਬੀ ਅਤੇ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਸੈਕਟਰ-42 ਦੇ ਪ੍ਰੈਜੀਡੈਂਟ ਸ਼ਰਧ ਸ਼ਰਮਾ, ਸੀ.ਐਚ.ਬੀ ਅਤੇ ਆਰ.ਡਬਲਿਯੂ.ਏ ਸੈਕਟਰ-42 ਦੇ ਜਨਰਲ ਸਕੱਤਰ ਸ਼ਸ਼ੀ ਕੁਮਾਰ ਸ਼ਰਮਾ, ਸੀ.ਐਚ.ਬੀ ਅਤੇ ਆਰ.ਡਬਲਿਯੂ.ਏ ਸੈਕਟਰ-42 ਦੇ ਐਗਜ਼ੀਕਿਊਟਿਵ ਮੈਂਬਰ ਨੰਦ ਕਿਸ਼ੋਰ, ਆਰ.ਸੀ.ਡਬਲਿਯੂ.ਏ ਸੈਕਟਰ-42 ਦੇ ਪ੍ਰੈਜੀਡੈਂਟ ਰਾਜ ਕੁਮਾਰ ਸ਼ਰਮਾ, ਮਾਰਕਿਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਅਰੋੜਾ, ਸਨਾਤਨ ਧਰਮ ਮੰਦਿਰ ਸੈਕਟਰ 42 ਦੇ ਪ੍ਰਧਾਨ ਆਰ.ਡੀ ਗੋਇਲ, ਸਕੱਤਰ ਵਿਨੋਦ ਕੌਸ਼ਲ, ਫੋਰਟਿਸ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅੰਕੁਰ ਅਹੂਜਾ, ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਦਿਵਿਆ ਅਵਾਸਥੀ ਅਤੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ ’ਤੇ ਹਾਜ਼ਰ ਸਨ।
ਕੈਂਪ ਦੌਰਾਨ 500 ਤੋਂ ਵੱਧ ਲੋਕਾਂ ਨੇ ਮੁਫ਼ਤ ਮੈਡੀਕਲ ਜਾਂਚ ਅਤੇ ਮਾਹਿਰ ਡਾਕਟਰਾਂ ਦੀ ਅਗਵਾਈ ’ਚ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਹਾਸਲ ਕੀਤੀ। ਇਹ ਕੈਂਪ ਮੁੱਖ ਤੌਰ ’ਤੇ ਮਹਿਲਾਵਾਂ ਨੂੰ ਸਮਰਪਿਤ ਰਿਹਾ, ਜਿਸ ਦੌਰਾਨ ਬਹੁ ਗਿਣਤੀ ਮਹਿਲਾਵਾਂ ਨੇ ਥਾਇਰਾਇਡ, ਸ਼ੂਗਰ, ਬੀ.ਐਮ.ਡੀ ਅਤੇ ਖੂਨ ਜਾਂਚ ਸਮੇਤ ਵੱਖ-ਵੱਖ ਇਸਤਰੀ ਰੋਗਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਲੋਕਾਂ ਨੇ ਦਿਲ ਦੇ ਰੋਗਾਂ ਸਬੰਧੀ, ਡਾਈਟ ਕਾਊਂਸਲਿੰਗ, ਡਿਜ਼ੀਓਥਰੈਪੀ, ਭਾਰ ਘਟਾਉਣ ਸਬੰਧੀ ਮਾਰਗ ਦਰਸ਼ਨ ਹਾਸਲ ਕੀਤਾ। ਇਸ ਤੋਂ ਇਲਾਵਾ ਬਹੁਗਿਣਤੀ ਲੋਕਾਂ ਨੇ ਅੱਖਾਂ ਦੀ ਮੁਫ਼ਤ ਜਾਂਚ ਕਰਵਾਈ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਮ.ਐਲ.ਟੀ, ਡਾਇਟਿਕਸ ਐਂਡ ਨਿਊਟ੍ਰੀਏਸ਼ਨ, ਨਰਸਿੰਘ, ਓਪਟੋਮੈਟਰੀ ਅਤੇ ਫਿਜ਼ੀਓਥਰੈਪੀ ਖੇਤਰਾਂ ’ਚ ਪੜ੍ਹਾਈ ਕਰ ਰਹੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਵਲੰਟੀਅਰਾਂ ਨੇ ਆਏ ਮਰੀਜ਼ਾਂ ਦੀ ਪੂਰੀ ਤਨਦੇਹੀ ਨਾਲ ਦੇਖਭਾਲ ਕੀਤੀ।
ਇਸ ਮੌਕੇ ਬੋਲਦਿਆਂ ਨਗਰ ਨਿਗਮ ਦੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਨੇ ਕਿਹਾ ਕਿ ਚੰਡੀਗੜ੍ਹ ਵੈੱਲਫੇਅਰ ਕਲੱਬ ਚੰਡੀਗੜ੍ਹ ਦੀ ਤਰੱਕੀ ਅਤੇ ਇਲਾਕਾ ਨਿਵਾਸੀਆਂ ਦੀ ਭਲਾਈ ਲਈ ਸਹੀ ਅਰਥਾਂ ’ਚ ਸੰਵੇਦਨਸ਼ੀਲ ਹੈ। ਉਨ੍ਹਾਂ ਚੰਡੀਗੜ੍ਹ ਵੈਲਫੇਅਰ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਮੁਫ਼ਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਗਾਏ ਕੈਂਪ ਦਾ ਯਕੀਨਨ ਬਹੁਗਿਣਤੀ ਮਹਿਲਾਵਾਂ ਨੂੰ ਲਾਭ ਪਹੁੰਚਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਟਰੱਸਟ ਦੇ ਸੰਸਥਾਪਕ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਿਰਸੰਦੇਹ ਚੰਡੀਗੜ੍ਹ ਹਰ ਖੇਤਰਾਂ ’ਚ ਵਿਕਸਤ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਪਰ ਹਾਲੇ ਵੀ ਇੱਥੇ ਅਜਿਹੇ ਖੇਤਰ ਨੇ ਜਿੱਥੇ ਬਹੁਤ ਸਾਰੇ ਲੋਕ ਮਿਆਰੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਛੋਟੀ ਬਿਮਾਰੀ ਭਵਿੱਖ ’ਚ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਦਾ ਟੀਚਾ ਹੈ ਕਿ ਇਨ੍ਹਾਂ ਖੇਤਰਾਂ ਸਮੇਤ ਸਮੁੱਚੇ ਸ਼ਹਿਰ ’ਚ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਵਿੱਖ ’ਚ ਨਿਯਮਿਤ ਤੌਰ ’ਤੇ ਅਜਿਹੇ ਕੈਂਪਾਂ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਦੇ ਹਰ ਹਿੱਸੇ ਤੱਕ ਬੁਨਿਆਦੀ ਸਿਹਤ ਸਹੂਲਤਾਂ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਨੀਤੀ ਆਯੋਗ ਦੇ ਅਗਲੇ ਹੈਲਥ ਇੰਡੈਕਸ ’ਚ ਸਿਟੀ ਬਿਊਟੀਫੁੱਲ ਨੂੰ ਮੋਹਰੀ ਸਥਾਨ ’ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਅਕਸਰ ਦੂਜਿਆਂ ਦਾ ਖਿਆਲ ਰੱਖਣ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਸਮੇਂ ਦੀ ਘਾਟ ਅਤੇ ਅਣਜਾਣਤਾ ਕਾਰਨ ਉਹ ਆਪਣਾ ਖਿਆਲ ਰੱਖਣ ਵਿੱਚ ਅਸਮਰਥ ਹੋ ਜਾਂਦੀਆਂ ਹਨ। ਅਜਿਹੇ ’ਚ ਇਸ ਕੈਂਪ ਰਾਹੀਂ ਔਰਤਾਂ ਦੇ ਥਾਇਰਾਈਡ, ਸ਼ੂਗਰ ਦੀ ਜਾਂਚ ਕੀਤੀ ਗਈ, ਜਿਸ ਦਾ ਸਥਾਨਕ ਔਰਤਾਂ ਨੂੰ ਵੱਡੇ ਪੱਧਰ ’ਤੇ ਲਾਭ ਮਿਲਿਆ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਡਾ. ਨੇਹਾ ਮਿੱਤਲ ਨੇ ਕਿਹਾ ਕਿ ਭਾਰਤ ’ਚ ਮਹਿਲਾਵਾਂ ਖਾਸ ਤੌਰ ’ਤੇ ਘਰੇਲੂ ਔਰਤਾਂ ਵੱਖ-ਵੱਖ ਸਰੀਰਕ ਬਿਮਾਰੀਆਂ ਬਾਰੇ ਜਾਗਰੂਕ ਜਾਂ ਸੰਵੇਦਨਸੀਲ ਨਹੀਂ, ਜਿਸ ਨਾਲ ਉਹ ਪੀੜ੍ਹਤ ਹਨ। ਉਨ੍ਹਾਂ ਕਿਹਾ ਕਿ ਕੈਂਪ ਦੇ ਮਾਧਿਅਮ ਨਾਲ ਉਨ੍ਹਾਂ ਸਰੀਰਕ ਵਕਾਰਾਂ ਜਾਂ ਬਿਮਾਰੀਆਂ ਪ੍ਰਤੀ ਪ੍ਰਚਾਰ ਅਤੇ ਪ੍ਰਸਾਰ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਰਵੀ ਗੁਪਤਾ ਨੇ ਕਿਹਾ ਕਿ ਖਾਸ ਤੌਰ ‘ਤੇ ਔਰਤਾਂ ਨੂੰ ਮੱਧ ਉਮਰ ‘ਚ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨੂੰ ਧਿਆਨ ’ਚ ਰੱਖਦਿਆਂ ਅੱਜ ਦਾ ਇਹ ਕੈਂਪ ਔਰਤਾਂ ਨੂੰ ਵੱਖ-ਵੱਖ ਇਸਤਰੀ ਰੋਗਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਸਮਰਪਿਤ ਰਿਹਾ ਹੈ।