ਚਿਕੋਪੀ, (ਅਮਰੀਕਾ): ਅਮਰੀਕਾ ਦੇ ਸ਼ਹਿਰ ਚਿਕੋਪੀ ਨੇ 29 ਅਪ੍ਰੈਲ ਨੂੰ ਸਿੱਖ ਕੌਮ ਦੇ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਘੋਸ਼ਣਾ ਪੱਤਰ ਚਿਕੋਪੀ ਸਿਟੀ ਦੇ ਮੇਅਰ, ਸ੍ਰੀ ਜੌਹਨ ਵਿਯੂ ਦੁਆਰਾ ਜਾਰੀ ਕੀਤਾ ਗਿਆ ਹੈ। ਚਿਕੋਪੀ ਅਮਰੀਕਾ ਦੇ ਪ੍ਰਾਂਤ ਮੈਸੇਚਿਉਸੇਟਸ ਦਾ ਇੱਕ ਵਧੀਆ ਸ਼ਹਿਰ ਹੈ।
ਇਸ ਘੋਸ਼ਣਾ ਪੱਤਰ ਵਿੱਚ ਵਿਸ਼ੇਸ਼ ਜਿਕਰ ਹੈ ਕਿ ਭਾਰਤ ਨੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਜਾਇਜ਼ ਆਜ਼ਾਦੀ ਸੰਘਰਸ਼ ਨੂੰ ਕੁਚਲਣ ਲਈ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਜਿਸ ਦੇ ਜਵਾਬ ਵਿਚ ਸਿੱਖਾਂ ਨੇ ਸਰਬੱਤ ਖ਼ਾਲਸੇ ਰਾਹੀ 26 ਜਨਵਰੀ, 1986 ਨੂੰ ਪੰਥਕ ਕਮੇਟੀ ਦਾ ਸੰਗਠਨ ਕੀਤਾ ਗਿਆ। ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵਿੱਚ ਪ੍ਰਭੂ ਸੱਤਾ ਸੰਪੰਨ ਰਾਜ ਸਿੱਖ ਕੌਮ ਦੇ ਸਵੈ-ਨਿਰਣੇ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਇੱਕੋ ਇੱਕ ਪ੍ਰਭਾਵਸ਼ਾਲੀ ਸਾਧਨ ਹੈ, ਜਿਸ ਕਾਰਨ 29 ਅਪ੍ਰੈਲ, 1986 ਨੂੰ ਨਿਯੁਕਤ ਪੰਥਕ ਕਮੇਟੀ ਦੁਆਰਾ ਸਿੱਖਾਂ ਦੀ ਆਜ਼ਾਦੀ ਦਾ ਐਲਾਨਨਾਮਾ ਕੀਤਾ ਗਿਆ ਸੀ।
ਇਹ ਕਾਰਜ ਗੁਰਨੀਦਰ ਸਿੰਘ ਧਾਲੀਵਾਲ ਵਰਲਡ ਸਿੱਖ ਪਾਰਲੀਮੈਂਟ ਦੀ ਅਨਥੱਕ ਮਿਹਨਤ ਸਦੱਕੇ ਸਿਰੇ ਲੱਗਾ ।
ਖ਼ਾਲਿਸਤਾਨ ਅਫੇਯਰ ਸੈਂਟਰ ਦੇ ਡਾ: ਅਮਰਜੀਤ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਉੱਦਮ ਦੀ ਤਾਰੀਫ਼ ਕਰਦੇ ਕਿਹਾ ਕਿ ਸਿੱਖਾਂ ਦੇ ਹੱਕਾਂ ਦੀ ਗੱਲ ਹਰ ਇੱਕ ਪੱਧਰ ਤੇ ਹੋਣੀ ਲਾਜ਼ਮੀ ਹੈ। ਦੂਸਰੇ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਦੀ ਲੋੜ੍ਹ ਹੈ ਅਤੇ ਸਿੱਖ ਸੰਸਥਾਵਾਂ ਨੂੰ ਸਾਂਝੇ ਤੌਰ ਤੇ ਇਸ ਤਰ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਆਪਣੇ ਧਾਰਮਿਕ ਅਤੇ ਸਿਆਸੀ ਮਸਲਿਆਂ ਦੀ ਗੱਲ ਖੁੱਲ ਕੇ ਕਰ ਸਕਦੇ ਹਾਂ ਜੋ ਕਿ ਭਾਰਤੀ ਤੰਤਰ ਹੇਠ ਅਜਿਹਾ ਕਰਨ ਤੇ ਸਿੱਖਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋਣ ਤੇ ਵੀ ਰਿਹਾ ਨਾ ਕਰਨਾ ਭਾਰਤ ਦੀ ਝੂਠੀ ਡੈਮੋਕਰੇਸੀ ਦਾ ਚਿਹਰਾ ਨੰਗਾ ਕਰਦਾ ਹੈ। ਬਾਹਰਲੇ ਦੇਸ਼ਾਂ ਦੀ ਅਜ਼ਾਦੀ ਅੰਦਰ ਰਹਿੰਦੇ ਅਸੀਂ ਆਪਣੇ ਕਾਰਜ ਗੁਰੂ ਕਿਰਪਾ ਸਦਕਾ ਸੰਵਿਧਾਨਿਕ ਸੂਝ ਬੂਝ ਨਾਲ ਫ਼ਤਿਹ ਕਰ ਕੌਮ ਦੀ ਝੋਲੀ ਵਿੱਚ ਪਾਉਣ ਲਈ ਹਮੇਸ਼ਾ ਵਚਨਬੱਧ ਹਾਂ। ਸਿੱਖ ਜਥੇਬੰਦੀਆਂ ਨੂੰ ਹੋਰ ਅਧਿਕਾਰ ਖੇਤਰਾਂ ਵਿੱਚ ਵੀ ਅਜਿਹੇ ਐਲਾਨਾਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਅਤੇ ਹੋਰ ਦੇਸਾਂ ਵਿੱਚ ਇਸ ਤਰ੍ਹਾਂ ਦੇ ਯਤਨਾਂ ਵਿੱਚ ਸਹਾਇਤਾ ਲਈ ਕੋਈ ਵੀ ਲੋੜੀਂਦਾ ਦਸਤਾਵੇਜ਼ ਪ੍ਰਦਾਨ ਕਰਨ ਲਈ ਤਿਆਰ ਹੈ।
ਸ. ਹਰਜਿੰਦਰ ਸਿੰਘ (ਪਾਈਨ ਹਿੱਲ-ਨਿਊਜਰਸੀ) ਮੀਡੀਆ ਬੁਲਾਰੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਹੱਕਾਂ ਤੇ ਰਲ ਮਿਲ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ। ਅਮਰੀਕਾ ਵਰਗੇ ਜਮਹੂਰੀਅਤ ਪਸੰਦ ਦੇਸ਼ ਮਨੁੱਖੀ ਹੱਕਾਂ ਦੀ ਕਦਰ ਕਰਦੇ ਹਨ। ਚਿਕੋਪੀ ਸ਼ਹਿਰ ਵੱਲੋਂ ਵੀ 29 ਅਪ੍ਰੈਲ ਨੂੰ ਸਿੱਖ ਕੌਮ ਦੇ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਮਾਨਤਾ ਦੇਣੀ ਬਹੁਤ ਵਧੀਆ ਫੈਸਲਾ ਹੈ। ਅਮਰੀਕਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਡਾ: ਪ੍ਰਿਤਪਾਲ ਸਿੰਘ ਨੇ ਵੀ ਚਿਕੋਪੀ ਸ਼ਹਿਰ ਦੇ ਇਸ ਐਲਾਨ ਤੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦਾ ਧੰਨਵਾਦ ਕੀਤਾ।