ਫ਼ਤਹਿਗੜ੍ਹ ਸਾਹਿਬ – “ਜੋ ਮਈ ਮਹੀਨੇ ਦੇ ਸੁਰੂ ਵਿਚ ਹੀ ਦਿੱਲੀ ਪੁਲਿਸ ਨੇ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਤਿਹਾੜ੍ਹ ਜੇਲ੍ਹ ਵਿਚ ਬਣੀ ਸਾਜ਼ਿਸ ਸੰਬੰਧੀ ਅਗਾਊ ਜਾਣਕਾਰੀ ਦੇ ਦਿੱਤੀ ਸੀ, ਇਸ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਿੱਧੂ ਮੂਸੇਵਾਲ ਦੀ ਸੁਰੱਖਿਆ ਵਿਚ ਕਟੋਤੀ ਕਰਨ ਦੀ ਹੋਈ ਬਜਰ ਗੁਸਤਾਖੀ ਸੱਚ ਨੂੰ ਸਾਹਮਣੇ ਲਿਆਉਦੀ ਹੈ ਕਿ ਇਸ ਹੋਏ ਦਰਦਨਾਕ ਕਤਲ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ । ਜਿਸ ਵੱਲੋ ਉਸ ਉਤੇ ਬਣੀ ਸਾਜ਼ਿਸ ਦੀ ਜਾਣਕਾਰੀ ਮਿਲਣ ਉਪਰੰਤ ਵੀ ਜਦੋਂ ਸਿੱਧੂ ਮੂਸੇਵਾਲ ਦੀ ਸੁਰੱਖਿਆ ਨੂੰ ਹੋਰ ਸਖਤ ਕਰਨਾ ਬਣਦਾ ਸੀ, ਉਸ ਸਮੇ ਉਨ੍ਹਾਂ ਦੀ ਸੁਰੱਖਿਆ ਵਿਚ ਕਟੋਤੀ ਕਰ ਦਿੱਤੀ । ਫਿਰ ਦੂਸਰੀ ਗੁਸਤਾਖੀ ਇਹ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਫੇਸਬੁੱਕ ਉਤੇ ਜਿਨ੍ਹਾਂ ਦੀ ਸੁਰੱਖਿਆ ਵਿਚ ਕਟੋਤੀ ਕੀਤੀ ਗਈ, ਉਸਦਾ ਵੇਰਵਾ ਜੋ ਗੁਪਤ ਰੱਖਣਾ ਹੁੰਦਾ ਹੈ, ਉਸਨੂੰ ਜਨਤਕ ਕੀਤਾ ਗਿਆ । ਜੋ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਆਪਣੇ ਮੰਦਭਾਵਨਾ ਭਰੀਆ ਕਾਰਵਾਈਆ ਨੂੰ ਸੰਪੂਰਨ ਕਰਨ ਵਿਚ ਖੁੱਲ੍ਹੀ ਸਹਿ ਮਿਲੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 25 ਅਪ੍ਰੈਲ ਨੂੰ ਦਿੱਲੀ ਪੁਲਿਸ ਵੱਲੋ ਤਿਹਾੜ੍ਹ ਜੇਲ੍ਹ ਵਿਚ ਬੰਦੀ ਗੈਗਸਟਰਾਂ ਦੇ ਸੂਟਰ ਸਾਹਰੂਖ ਸਮੀਰ ਉਮਰ ਅਤੇ ਯੂਸਫ ਗ੍ਰਿਫ਼ਤਾਰ ਕੀਤੇ ਗਏ ਸਨ । ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਜੇਲ੍ਹ ਵਿਚ ਸਿੱਧੂ ਮੂਸੇਵਾਲ ਨੂੰ ਮਾਰਨ ਦੀ ਸਾਜਿਸ ਦੀ ਜਾਣਕਾਰੀ ਪ੍ਰਾਪਤ ਹੋਈ ਅਤੇ ਜਿਸਨੂੰ ਦਿੱਲੀ ਪੁਲਿਸ ਨੇ ਤੁਰੰਤ ਪੰਜਾਬ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ । ਇਸਦੇ ਬਾਵਜੂਦ ਵੀ ਇਸ ਗੰਭੀਰ ਮਸਲੇ ਅਤੇ ਸਿੱਧੂ ਮੂਸੇਵਾਲ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋ ਕੋਈ ਜ਼ਿੰਮੇਵਾਰੀ ਨਾ ਨਿਭਾਉਣਾ ਪੰਜਾਬ ਸਰਕਾਰ ਨੂੰ ਖੁਦ-ਬ-ਖੁਦ ਇਸ ਲਈ ਜ਼ਿੰਮੇਵਾਰ ਠਹਿਰਾਉਦਾ ਹੈ ਜਿਸ ਲਈ ਪੰਜਾਬ ਸਰਕਾਰ ਉਤੇ ਬਿਨ੍ਹਾਂ ਦੇਰੀ ਕੀਤਿਆ 120-ਬੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਆਪਣੀ ਮਿੱਟੀ ਨਾਲ ਪਿਆਰ ਕਰਨ ਵਾਲੇ ਛੋਟੀ ਉਮਰ ਦੇ ਹਰਮਨ ਪਿਆਰੇ ਗਾਇਕ ਜਿਸਦੇ ਮਨ ਵਿਚ ਆਪਣੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਆਜਾਦੀ ਲਈ ਅਥਾਂਹ ਪਿਆਰ ਸੀ, ਦੀ ਪੰਜਾਬ ਸਰਕਾਰ ਨੂੰ ਉਸਦੀ ਹੱਤਿਆ ਦੀ ਸਾਜਿਸ ਦੀ ਜਾਣਕਾਰੀ ਮਿਲਣ ਉਤੇ ਵੀ ਉਸਦੀ ਸੁਰੱਖਿਆ ਵਿਚ ਕਟੋਤੀ ਕਰਨ ਦੀ ਕਾਰਵਾਈ ਨੂੰ ਇਸ ਕਤਲ ਲਈ ਜ਼ਿੰਮੇਵਾਰ ਠਹਿਰਾਉਦੇ ਹੋਏ ਅਤੇ ਪੰਜਾਬ ਸਰਕਾਰ ਉਤੇ ਤੁਰੰਤ 120-ਬੀ ਦਾ ਕੇਸ ਦਰਜ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਦ ਵਿਚ ਆਉਣ ਉਪਰੰਤ ਇਥੋ ਦੀ ਹੱਦ ਦਰਜੇ ਦੀਆਂ ਕਾਨੂੰਨੀ ਵਿਵਸਥਾਂ ਵਿਚ ਕਮੀ ਆਉਣ ਅਤੇ ਸਮੁੱਚੇ ਨਿਜਾਮੀ ਪ੍ਰਬੰਧ ਦੇ ਡਾਵਾਡੋਲ ਹੋਣ ਦੀ ਗੱਲ ਕਰਦਿਆ ਕਿਹਾ ਕਿ ਇਨ੍ਹਾਂ ਗੈਰ-ਤੁਜਰਬੇਕਾਰ ਵਿਧਾਨਕਾਰਾਂ, ਆਗੂਆਂ ਦੇ ਪੈਰ ਥੱਲ੍ਹੇ ਅਚਾਨਕ ਬਟੇਰਾ ਆ ਗਿਆ ਹੈ, ਜਿਸਨੂੰ ਇਹ ਆਪਣੀ ਬਹੁਤ ਵੱਡੀ ਕਾਮਯਾਬੀ ਦਰਸਾਅ ਰਹੇ ਹਨ । ਪਰ ਜਿਸ ਤਰ੍ਹਾਂ ਪੰਜਾਬ ਦੀ ਕਾਨੂੰਨੀ ਵਿਵਸਥਾਂ ਦੇ ਹਾਲਾਤ ਇਨ੍ਹਾਂ ਢਾਈ ਮਹੀਨਿਆ ਵਿਚ ਬਦਤਰ ਬਣੇ ਹਨ, ਉਸ ਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ, ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਵੱਜੋ ਕੰਮ ਕਰ ਰਹੇ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਮੁਤੱਸਵੀ ਸਾਥੀ ਕਿਸੇ ਡੂੰਘੀ ਸਾਜਿਸ ਤਹਿਤ ਪੰਜਾਬ ਦੇ ਅਮਨਮਈ ਮਾਹੌਲ ਨੂੰ ਜਾਣਬੁੱਝ ਕੇ ਉਸ ਦਿਸ਼ਾ ਵੱਲ ਲਿਜਾ ਰਹੇ ਹਨ ਜਿਸ ਨਾਲ ਇਥੇ ਅਰਾਜਕਤਾ ਵੱਧੇ ਅਤੇ ਇਹ ਮੁਤੱਸਵੀ ਤੇ ਫਿਰਕੂ ਲੋਕ ਇਨ੍ਹਾਂ ਬਣਾਏ ਜਾ ਰਹੇ ਬਦਤਰ ਹਾਲਾਤਾਂ ਦਾ ਆਪਣੇ ਸਿਆਸੀ ਮਕਸਦਾਂ ਦੀ ਪ੍ਰਾਪਤੀ ਲਈ ਦੁਰਵਰਤੋ ਕਰ ਸਕਣ । ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲੇ ਖਿਡਾਰੀ ਸੰਦੀਪ ਸਿੰਘ ਨੰਗਲਅੰਬੀਆ ਦੀ ਗੋਲੀ ਨਾਲ ਹੋਈ ਮੌਤ, ਸਿੱਧੂ ਮੂਸੇਵਾਲ ਦਾ ਹੋਇਆ ਦਰਦਨਾਕ ਕਤਲ, ਬੀਤੇ ਕੱਲ੍ਹ ਫਿਲੌਰ ਦੇ ਨੇੜੇ ਦਿਨ ਦਿਹਾੜੇ ਬੱਸ ਨੂੰ ਘੇਰਕੇ ਬਦਮਾਸ਼ਾਂ ਵੱਲੋ ਸਾਰੀਆ ਸਵਾਰੀਆ ਦੀ ਲੁੱਟ ਕਰਨ, ਅੰਮ੍ਰਿਤਸਰ ਵਿਖੇ ਬੈਂਕ ਵਿਚ ਨੌਕਰੀ ਕਰ ਰਹੇ ਲਵਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂ ਦਿਨ ਦਿਹਾੜੇ ਗੋਲੀਆ ਮਾਰਕੇ ਕਤਲ ਕਰਨ ਅਤੇ ਇਕ ਹੋਰ ਨੂੰ ਜਖ਼ਮੀ ਕਰਨ, ਇਕ ਥਾਣੇਦਾਰ ਦੀ ਸਾਜ਼ਸੀ ਢੰਗ ਨਾਲ ਹੋਈ ਮੌਤ ਦੀਆਂ ਹੋਈਆ ਅਪਰਾਧਿਕ ਕਾਰਵਾਈਆ ਇਥੋ ਦੇ ਨਿਜਾਮੀ ਪ੍ਰਬੰਧ ਦੀ ਡਾਵਾਡੋਲ ਸਥਿਤੀ ਨੂੰ ਸਪੱਸਟ ਕਰਦੀਆ ਹਨ । ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਵਿਰੋਧੀ ਸਾਜਿਸਕਾਰਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਪੰਜਾਬ ਦੇ ਹਾਲਾਤਾਂ ਨੂੰ ਫਿਰ ਤੋਂ ਵਿਸਫੋਟਕ ਬਣਾਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ । ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਚਾਹਨਾ ਕਰਨ ਵਾਲੇ ਕਰੋੜਾਂ ਪੰਜਾਬੀ ਨਿਵਾਸੀ ਗੈਰ-ਤੁਜਰਬੇਕਾਰ ਸਰਕਾਰ ਨੂੰ ਇਥੋ ਚੱਲਦਾ ਕਰਨ ਲਈ ਆਪਣੀਆ ਜ਼ਿੰਮੇਵਾਰੀਆ ਨੂੰ ਸੰਜ਼ੀਦਗੀ ਨਾਲ ਨਿਭਾਉਣ ਅਤੇ ਸੰਗਰੂਰ ਵਿਖੇ ਜੋ ਜਿਮਨੀ ਚੋਣ ਹੋਣ ਜਾ ਰਹੀ ਹੈ, ਉਥੇ ਸਭ ਅਮਨ ਪਸ਼ੰਦ ਤਾਕਤਾਂ ਅਤੇ ਨਿਵਾਸੀ ਸਾਨੂੰ ਸਹਿਯੋਗ ਕਰਕੇ ਫ਼ਤਹਿ ਬਖਸਣ ਤਾਂ ਕਿ ਅਸੀ ਇਕ-ਦੂਸਰੇ ਦੇ ਸਹਿਯੋਗ ਨਾਲ ਉਨ੍ਹਾਂ ਤਾਕਤਾਂ ਨੂੰ ਅਤੇ ਸਾਜਿਸਕਾਰਾਂ ਨੂੰ ਪੰਜਾਬ ਵਿਚੋ ਖਦੇੜ ਸਕੀਏ ਜੋ ਇਥੇ ਬਦਤਰ ਹਾਲਾਤ ਬਣਾਕੇ, ਖੂਨ-ਖਰਾਬੇ ਦੀ ਖੇਡ ਖੇਡਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨਾ ਲੋੜਦੇ ਹਨ । ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨਾ ਚਾਹੁੰਦੇ ਹਨ ।