ਅੰਮ੍ਰਿਤਸਰ – ਸਰਹੱਦਾਂ ’ਤੇ ਰਾਖੀ ਕਰਨ ਵਾਲੇ ਇਕ ਫ਼ੌਜੀ ਪ੍ਰਗਟ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਆਪਣੇ ’ਤੇ ਕੀਤੇ ਗਏ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਪੰਜਾਬ ਮਹਿਲਾ ਕਮਿਸ਼ਨ, ਡੀ ਜੀ ਪੀ ਅਤੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਗੁਹਾਰ ਲਗਾਈ ਹੈ।
ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਰਵਿੰਦਰ ਸ਼ਰਮਾ ਦੀ ਮੌਜੂਦਗੀ ਵਿਚ ਪਿੰਡ ਝਾੜੂ ਨੰਗਲ ਤਹਿਸੀਲ ਬਾਬਾ ਬਕਾਲਾ ਦੀ ਮਹਿਲਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਕੀਤੀਆਂ ਜਾ ਰਹੀਆਂ ਘਪਲੇਬਾਜ਼ੀਆਂ ਬਾਰੇ ਕਾਨੂੰਨੀ ਰੁਖ ਅਖ਼ਤਿਆਰ ਕਰਦਿਆਂ ਇਕ ਸ਼ਿਕਾਇਤ ਸੰਬੰਧਿਤ ਅਧਿਕਾਰੀ ਨੂੰ ਦਿੱਤੀ ਗਈ। ਮਿਤੀ 10/ 05/ 22 ਨੂੰ ਜਦ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਸਰਕਾਰੀ ਅਧਿਕਾਰੀ ਦੀ ਕੋਰਟ ਵਿਚ ਬਿਆਨ ਦਰਜ ਕਰਾਉਣ ਗਏ ਤਾਂ ਉੱਥੇ ਮੌਜੂਦ ਸਰਪੰਚ ਅਤੇ ਉਸ ਦੀ ਮਾਤਾ ਜਸਵੰਤ ਕੌਰ ਨਾਲ ਉਨ੍ਹਾਂ ਦਾ ਮਾਮੂਲੀ ਤਕਰਾਰ ਹੋਇਆ। ਇਸ ਮੌਕੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਸੀ। ਪਰ ਸਰਪੰਚ ਦੀ ਮਾਤਾ ਨੇ ਮੇਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਉਣ ਦੇ ਮਕਸਦ ਨਾਲ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੀਆਂ ਸੱਟਾਂ ਦੇ ਅਧਾਰ ’ਤੇ ਮੈਡੀਕਲ ਰਿਪੋਰਟਾਂ ਪ੍ਰਾਪਤ ਕਰਦਿਆਂ ਸਥਾਨਕ ਥਾਣਾ ਸਿਵਲ ਲਾਈਨ ਵਿਖੇ ਮੇਰੇ ਕੁਲਵਿੰਦਰ ਕੌਰ ਸਮੇਤ ਹੋਰਨਾਂ ਵਿਰੁੱਧ ਮਿਤੀ 11/ 5/ 22 ਨੂੰ ਐਫ ਆਈ ਆਰ ਨੰ: 160 / 22 ਦਾ ਝੂਠਾ ਪਰਚਾ ਦਰਜ ਕਰਾ ਦਿੱਤਾ ਗਿਆ। ਇਹ ਕਿ ਪਰਚਾ ਝੂਠ ਅਤੇ ਮਨਘੜਤ ਕਹਾਣੀ ’ਤੇ ਅਧਾਰਿਤ ਹੈ। ਜਿਸ ਦੀ ਜਾਣਕਾਰੀ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ, ਡੀ ਜੀ ਪੀ ਪੰਜਾਬ ਨੂੰ ਵੀ ਦਿੱਤੀ ਗਈ । ਉਨ੍ਹਾਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਇਕ ਦਰਖਾਸਤ ਦਿੰਦਿਆਂ ਉਕਤ ਝੂਠਾ ਪਰਚਾ ਰੱਦ ਕਰਾਉਣ ਦੀ ਅਪੀਲ ਕੀਤੀ ਹੈ। ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਰਵਿੰਦਰ ਸ਼ਰਮਾ ਨੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਨੂੰ ਹਰ ਹਾਲ ’ਚ ਇਨਸਾਫ਼ ਦਿਵਾਇਆ ਜਾਵੇਗਾ।
ਤਸਵੀਰ ਨਾਲ ਹੈ।