ਫ਼ਤਹਿਗੜ੍ਹ ਸਾਹਿਬ – “38ਵੇਂ ਘੱਲੂਘਾਰੇ ਸ਼ਹੀਦੀ ਦਿਹਾੜੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਵੱਲੋ ਆਪਣੇ ਵਿਚਾਰ ਪ੍ਰਗਟਾਉਦਿਆ ਜੋ ਕਿਹਾ ਗਿਆ ਹੈ ਕਿ ਸਿੱਖ ਕੌਮ ਨੂੰ ਜੋ ਹਥਿਆਰਾਂ ਦੀ ਸਿਖਲਾਈ ਦੀ ਗੁੜਤੀ ਪ੍ਰਾਪਤ ਹੋਈ ਹੈ ਇਹ ਤਾਂ ਸਿੱਖ ਕੌਮ ਨੂੰ ਆਪਣੇ ਜਨਮ ਤੋਂ ਪ੍ਰਾਪਤ ਹੈ । ਅਸੀ ਆਪਣੀ ਨੌਜ਼ਵਾਨੀ ਨੂੰ ਸਹੀ ਸੋਚ ਤੇ ਸਹੀ ਦਿਸ਼ਾ ਨੂੰ ਲੈਕੇ ਇਸ ਸੰਬੰਧੀ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਨਿਭਾਵਾਂਗੇ ਅਤੇ ਜੋ ਸਾਨੂੰ ਗੁਰੂ ਸਾਹਿਬਾਨ ਨੇ ਆਜ਼ਾਦੀ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਜ਼ਿੰਦਗੀ ਜਿਊਂਣ ਦਾ ਰਾਹ ਦਿਖਾਇਆ ਹੈ, ਉਸ ਉਤੇ ਪਹਿਰਾ ਦਿੰਦੇ ਹੋਏ ਅਸੀ ਆਪਣੀ ਕੌਮੀ ਆਜ਼ਾਦੀ ਦੇ ਮਿਸ਼ਨ ਨੂੰ ਵੀ ਪ੍ਰਾਪਤ ਕਰਾਂਗੇ । ਇਥੋ ਤੱਕ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਆਜ਼ਾਦੀ ਖ਼ਾਲਿਸਤਾਨ ਦੀ ਵੀ ਗੱਲ ਕੀਤੀ, ਜੋ ਕਿ ਕੌਮ ਦੀਆਂ ਭਾਵਨਾਵਾ ਦੀ ਕਾਫੀ ਹੱਦ ਤੱਕ ਸਹੀ ਤਰਜਮਾਨੀ ਕਰਨ ਵਾਲੇ ਵਿਚਾਰ ਸਨ । ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ਅਤੇ ਖ਼ਾਲਸਾ ਪੰਥ ਨੂੰ ਆਪਣੇ ਮਿੱਥੇ ਕੌਮੀ ਨਿਸ਼ਾਨੇ ਉਤੇ ਸਮੂਹਿਕ ਰੂਪ ਵਿਚ ਸੰਜ਼ੀਦਾ ਹੋ ਕੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਇਕ ਤਾਕਤ ਹੋ ਕੇ ਵੱਧਣ ਦੀ ਅਪੀਲ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਬੀਤੇ ਕੱਲ੍ਹ 38ਵੇਂ ਘੱਲੂਘਾਰੇ ਸ਼ਹੀਦੀ ਦਿਹਾੜੇ ਦੇ ਅੰਮ੍ਰਿਤਸਰ ਵਿਖੇ ਖਾਲਸਾ ਪੰਥ ਅਤੇ ਮਨੁੱਖਤਾ ਪੱਖੀ ਪ੍ਰਗਟਾਏ ਵਿਚਾਰਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਕੌਮ ਨੂੰ ਮਿੱਥੇ ਨਿਸ਼ਾਨੇ ਵੱਲ ਵੱਧਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਗਿਆਨੀ ਜੀ ਦੇ ਮੌਜੂਦਾ ਹਾਲਾਤਾਂ ਵਿਚ ਧਰਮ ਪ੍ਰਚਾਰ ਵਿਚ ਆਈ ਖੜੌਤ ਬਾਰੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਹੈ ਕਿ ਬੀਤੇ ਸਮੇਂ ਦੇ ਮਹਾਨ ਸੰਤ ਅਤੇ ਸਖਸ਼ੀਅਤਾਂ ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਵੱਲੋਂ ਪਿੰਡਾਂ, ਨਗਰਾਂ ਵਿਚ ਜਾ ਕੇ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਦੇ ਰਹੇ ਹਨ । ਇਹੀ ਵਜਹ ਸੀ ਕਿ ਬੀਤੇ ਸਮੇਂ ਵਿਚ ਹਰ ਪਿੰਡ, ਹਰ ਘਰ, ਨਗਰ ਵਿਚ ਸਿੱਖੀ ਪ੍ਰਪੱਕ ਸੀ । ਪਰ ਅੱਜ ਸੰਤ-ਮਹਾਪੁਰਖ ਅਤੇ ਹੋਰ ਸਿੱਖੀ ਸੰਸਥਾਵਾਂ ਆਪਣੀ ਇਹ ਕੌਮੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਵਿਚ ਉਸ ਪੱਧਰ ਤੱਕ ਪੂਰਨ ਕਰਨ ਵਿਚ ਪਿੱਛੇ ਹਨ, ਜਦੋ ਤੱਕ ਸਾਰੇ ਸੰਤ-ਮਹਾਪੁਰਖ ਅਤੇ ਸਿੱਖੀ ਸੰਸਥਾਵਾਂ ਆਪਣੀਆ ਪ੍ਰਚਾਰ ਸੰਬੰਧੀ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਨ ਨਹੀ ਕਰਦੇ ਉਸ ਸਮੇਂ ਤੱਕ ਖ਼ਾਲਸਾ ਪੰਥ ਨੂੰ ਦਰਪੇਸ਼ ਆਉਣ ਵਾਲੀਆ ਸਮਾਜਿਕ, ਧਾਰਮਿਕ, ਸਿਆਸੀ, ਇਖਲਾਕੀ, ਮਾਲੀ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਔਕੜ ਪੇਸ਼ ਆਵੇਗੀ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀ ਸਭ ਧਰਮ ਪ੍ਰਚਾਰ ਸੰਬੰਧੀ ਆਪੋ-ਆਪਣੀਆ ਜ਼ਿੰਮੇਵਾਰੀਆ ਨੂੰ ਪੂਰੀ ਸੰਜ਼ੀਦਗੀ ਅਤੇ ਤਨਦੇਹੀ ਨਾਲ ਪੂਰਨ ਕਰੀਏ ਅਤੇ ਆਪਣੀ ਨੌਜ਼ਵਾਨੀ ਨੂੰ ਧਰਮ ਦੀ ਵਿਦਵਤਾ ਪ੍ਰਦਾਨ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮੇ ਵਿਚ ਹੁਕਮਰਾਨਾਂ ਵੱਲੋਂ ਚੁਣੋਤੀਆ ਦਾ ਟਾਕਰਾ ਕਰਨ ਲਈ ਆਪਣੀਆ ਸਿੱਖ ਰਵਾਇਤਾ ਅਨੁਸਾਰ ਤਿਆਰ ਕਰਨ ਦੇ ਫਰਜ ਵੀ ਨਿਭਾਈਏ । ਇਸ ਵਿਸ਼ੇ ਨੂੰ ਲੈਕੇ ਹੀ ਜੋ ਗਿਆਨੀ ਜੀ ਨੇ ਸਿੱਖ ਨੌਜ਼ਵਾਨੀ ਤੇ ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੀ ਮੁਹਾਰਤ ਹੋਣ ਦੀ ਗੱਲ ਕੀਤੀ ਹੈ, ਉਹ ਸਮੇ ਦੇ ਤਕਾਜੇ ਅਨੁਸਾਰ ਸਹੀ ਅਤੇ ਦਰੁਸਤ ਹੈ। ਅਸਲੀਅਤ ਵਿਚ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਉਪਰੋਕਤ ਵਿਚਾਰਾਂ ਦੀ ਪਰੋੜਤਾ ਹੀ ਕੀਤੀ ਹੈ।
ਸ. ਮਾਨ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੈਂਟਰ ਵੱਲੋ ਹਿਫਾਜਤੀ ਸੁਰੱਖਿਆ ਭੇਜੀ ਗਈ ਹੈ, ਉਸ ਸੰਬੰਧੀ ਉਨ੍ਹਾਂ ਨੇ ਸੁਰੱਖਿਆ ਲੈਣ ਤੋ ਨਾਂਹ ਕਰ ਦਿੱਤੀ ਸੀ । ਪਰ ਸਰਕਾਰ ਵੱਲੋ ਸਿੱਖ ਗਾਰਦ ਪ੍ਰਦਾਨ ਕਰਨ ਅਤੇ ਆਏ ਵਿਚਾਰਾਂ ਦੀ ਗੱਲ ਕਰਦੇ ਹੋਏ ਕਿਹਾ, ਇਹ ਕੋਈ ਜ਼ਰੂਰੀ ਨਹੀ ਕਿ ਗਾਰਦ ਸਿੱਖ ਹੋਣ ਜਾਂ ਹੋਰ, ਸਿੱਖ ਦੀ ਹਿਫਾਜਤ ਤਾਂ ਗੁਰੂ ਸਾਹਿਬ ਅਤੇ ਉਹ ਅਕਾਲ ਪੁਰਖ ਆਪ ਖੁਦ ਕਰਦੇ ਹਨ । ਦੂਸਰਾ ਸਿੱਖ ਧਰਮ ਤੇ ਸਿੱਖਾਂ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋਂ ਦੂਰ ਰਹਿਕੇ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ । ਗੱਲ ਮੁਸਲਿਮ, ਸਿੱਖ ਜਾਂ ਇਸਾਈ ਆਦਿ ਦੀ ਨਹੀ ਗੱਲ ਤਾਂ ਸਿੱਖੀ ਸਿਧਾਤਾਂ ਤੇ ਸੋਚ ਵਿਚ ਸਰਧਾ ਦੀ ਹੈ । ਸਰਧਾ ਮੁਸਲਮਾਨ, ਹਿੰਦੂ, ਸਿੱਖ ਕਿਸੇ ਦੀ ਵੀ ਹੋ ਸਕਦੀ ਹੈ । ਇਸ ਲਈ ਹੀ ਗੁਰੂ ਸਾਹਿਬਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜੇ ਸੁਸੋਭਿਤ ਕਰਕੇ ਸਭ ਧਰਮਾਂ, ਕੌਮਾਂ, ਫਿਰਕਿਆ, ਕਬੀਲਿਆ ਨੂੰ ਇਕਰੂਪ ਵਿਚ ਬਰਾਬਰਤਾ ਵਿਚ ਲਿਆਂਦਾ ਸੀ । ਇਸੇ ਤਰ੍ਹਾਂ ਲੰਗਰ ਪ੍ਰਥਾ ਆਰੰਭ ਕਰਕੇ ਇਹ ਦੁਨਿਆਵੀ ਵਿਤਕਰਿਆ ਨੂੰ ਪੂਰਨ ਰੂਪ ਵਿਚ ਖਤਮ ਕਰ ਦਿੱਤਾ ਸੀ । ਇਸ ਲਈ ਸਿੱਖਾਂ ਨੂੰ ਅਜਿਹੀਆ ਕਿ ਗਾਰਦ ਸਿੱਖ ਹੋਣੇ ਚਾਹੀਦੇ ਹਨ, ਹਿੰਦੂ ਹੋਣੇ ਚਾਹੀਦੇ ਹਨ ਜਾਂ ਮੁਸਲਮਾਨ ਹੋਣੇ ਚਾਹੀਦੇ ਹਨ, ਇਸ ਉਲਝਣ ਵਿਚ ਨਾ ਪੈਕੇ ਆਪਣੀ ਵੱਡੀ ਮਨੁੱਖਤਾ ਪੱਖੀ ਬਰਾਬਰਤਾ ਦੀ ਸੋਚ ਉਤੇ ਹੀ ਪ੍ਰਪੱਕ ਰਹਿਣਾ ਪਵੇਗਾ ਅਤੇ ਆਉਣ ਵਾਲੇ ਸਮੇ ਦੀਆਂ ਹਕੂਮਤੀ, ਸਾਜ਼ਸੀ ਮੁਸ਼ਕਿਲਾਂ ਦਾ ਟਾਕਰਾ ਕਰਨ ਲਈ ਆਪਣੀਆ ਮਹਾਨ ਸਿੱਖੀ ਰਵਾਇਤਾ, ਸੋਚ, ਸਿਧਾਤਾਂ ਉਤੇ ਪ੍ਰਪੱਕ ਰਹਿੰਦੇ ਹੋਏ ਅਡੋਲ ਆਪਣੀ ਕੌਮੀ ਮੰਜਿਲ ਖ਼ਾਲਿਸਤਾਨ ਵੱਲ ਸਮੂਹਿਕ ਰੂਪ ਵਿਚ ਵੱਧਣਾ ਚਾਹੀਦਾ ਹੈ ਤਾਂ ਕਿ ਸਿੱਖ ਇਨ੍ਹਾਂ ਸਭ ਮੁਸ਼ਕਿਲਾਂ, ਸਾਜ਼ਿਸਾਂ, ਮੁਕਾਰਤਾਵਾ ਦਾ ਆਪਣੀਆ ਰਵਾਇਤਾ ਅਨੁਸਾਰ ਟਾਕਰਾ ਕਰਦੇ ਹੋਏ ਅਤੇ ਆਪਣੀ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਸੋਚ ਦਾ ਪ੍ਰਚਾਰ ਕਰਦੇ ਹੋਏ ਅਡੋਲ ਵੱਧਦੇ ਰਹਿਣ, ਮੰਜਿਲ ਅਵੱਸ ਮਿਲੇਗੀ ।