ਨਨਕਾਣਾ ਸਾਹਿਬ -: ਦਮਦਮੀ ਟਕਸਾਲ ਦੇ ੧੪ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜੂਨ ‘੮੪ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ੩੮ਵਾਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਸਿੱਖ ਸੰਗਤ ਤੇ ਸਿੱਖ ਸੰਗਤ ਨਨਕਾਣਾ ਸਾਹਿਬ ਵੱਲੋਂ ਬੜੀ ਚੜ੍ਹਦੀਕਲਾ ਨਾਲ ਮਨਾਇਆ ਗਿਆ।
ਸ਼ਹੀਦੀ ਸਮਾਗਮ ‘ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ, ਗ੍ਰੰਥੀ ਭਾਈ ਪ੍ਰੇਮ ਸਿੰਘ, ਗਿਆਨੀ ਜਨਮ ਸਿੰਘ, ਮਾਸਟਰ ਬਲਵੰਤ ਸਿੰਘ, ਸ੍ਰ. ਅਤਰ ਸਿੰਘ ਲਾਹੌਰ, ਪਾਕਿ ਸਿੱਖ ਆਗੂ ਸੰਤੋਖ ਸਿੰਘ, ਸ੍ਰ. ਮਸਤਾਨ ਸਿੰਘ (ਸਾਬਕਾ ਪ੍ਰਧਾਨ) ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਪਾਕਿਸਤਾਨ ਦੇ ਅਲੱਗ-੨ ਸ਼ਹਿਰਾਂ ਤੋਂ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਗੁਰਦੁਆਰਾ ਜਨਮ ਸਾਹਿਬ ਵਿਖੇ ਸ਼ਾਮ ੭ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਬਾਅਦ ਨਨਕਾਣਾ ਸਾਹਿਬ ਦੀਆਂ ਸਿੱਖ ਬੱਚੀਆਂ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤੇ ਜਾਣ ਉਪਰੰਤ ਸੰਬੋਧਨ ਕਰਦਿਆਂ ਗਿਆਨੀ ਜਨਮ ਸਿੰਘ ਨੇ ਕਿਹਾ ਨਨਕਾਣਾ ਸਾਹਿਬ ਵਿਖੇ ਜੂਨ ੧੯੮੪ ‘ਚ ਵਾਪਰੇ ਤੀਜੇ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਪੀ.ਐਸ.ਜੀ.ਪੀ.ਸੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਘੱਲੂਘਾਰਾ ਦੀ ੩੮ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ‘ਚ ਸੰਬੋਧਨ ਕਰਦਿਆਂ ਕਿਹਾ ਕਿ ਜੂਨ ਦਾ ਮਹੀਨਾ ਸਿੱਖ ਮਾਨਸਿਕਤਾ ਨਾਲ ਬੜੇ ਨੇੜਿਓਂ ਜੁੜਿਆ ਹੋਇਆ ਹੈ। ਪਹਿਲੀ ਘਟਨਾ ਸਾਨੂੰ ਅੱਜ ਤੋਂ ਲਗਭਗ ਚਾਰ ਕੁ ਸਦੀਆਂ ਪਿੱਛੇ ਜੂਨ ੧੬੦੬ ਈ: ਦਾ ਵਾਕਿਆ ਯਾਦ ਦਿਵਾਉਂਦੀ ਹੈ ਜਦ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸਮੁੱਚੀ ਸਿੱਖ ਕੌਮ ਦੇ ਸਿਦਕ ਨੂੰ ਪਰਖਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਪਰ ‘ਸੱਚੇ ਪਾਤਸ਼ਾਹ’ ਨੂੰ ਤਸੀਹੇ ਦੇਣ ਵਾਲਿਆਂ ਜ਼ਾਲਮਾਂ ਦੀ ਵੰਸ਼ ਦਾ ਬੀਜ ਤੱਕ ਨਾਸ਼ ਹੋ ਚੁੱਕਾ ਹੈ।
ਦੂਜੀ ਘਟਨਾ ਫਿਰ ਜੂਨ ੧੯੮੪ ਦੇ ਪਹਿਲੇ ਹਫਤੇ ਪੰਚਮ ਪਾਤਸ਼ਾਹ ਦੇ ਪੀਰੀ ਅਸਥਾਨ ਸ੍ਰੀ ਹਰਿਮੰਦਰ ਦੀ ਪ੍ਰਕਰਮਾ ਵਿੱਚ ਵਾਪਰੀ। ਧਰਮ ਯੁੱਧ ਲਈ ਜੂਝਦੇ ਕੁਝ ਜੁਝਾਰੂਆਂ ਸਮੇਤ ਵੱਡੀ ਗਿਣਤੀ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਈ ਆਮ ਸੰਗਤ ਵੀ ਇਸ ਮਾਰੂ ਹਮਲੇ ਦੌਰਾਨ ਜਾਮ-ਏ-ਸ਼ਹਾਦਤ ਪੀ ਗਈ। ਗੁਰੂ ਹਰਿਗੋਬਿੰਦ ਪਾਤਸ਼ਾਹ ਵਲੋਂ ਵਰੋਸਾਏ ਮੀਰੀ ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤਾਂ ਇਸ ਘੱਲੂਘਾਰੇ ਦੌਰਾਨ ਨੇਸਤੋ-ਨਾਬੂਦ ਕਰ ਦਿੱਤਾ ਗਿਆ। ਬੇਸ਼ੱਕ ਇਹਨਾਂ ਵੱਡੀਆਂ ਦੋ ਘਟਨਾਵਾਂ ਨੇ ਸਿੱਖ ਕੌਮ ਨੂੰ ਅਸਹਿ ਤੇ ਅਕਹਿ ਪੀੜਾ ਦਿੱਤੀ ਪਰ ਸਿੱਖ ਪੰਥ ਵਿੱਚ ਇਹ ਮੁਹਾਵਰਾ ਆਮ ਪ੍ਰਚੱਲਿਤ ਹੈ ਕਿ “ਕੌਮਾਂ ਜਿਊਂਦੀਆਂ ਨਾਲ ਕੁਰਬਾਨੀਆਂ ਦੇ”।
ਫ਼ੌਜੀ ਹਮਲੇ ਮੌਕੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਯਾਦ ਕਰਦਿਆਂ ਗਿਆਨੀ ਜੀ ਨੇ ਕਿਹਾ ਕਿ ੬ ਜੂਨ ੧੯੮੪ ਦਾ ਦਿਨ ਭਾਰਤ ਦੇ ਲੋਕਤੰਤਰ ਦੇ ਇਤਿਹਾਸ ‘ਚ ਇਕ ਕਾਲੇ ਦਿਨ ਵਜੋਂ ਦਰਜ ਹੈ, ਜਦੋਂ ਆਪਣੇ ਹੀ ਮੁਲਕ ਦੀ ਫ਼ੌਜ ਨੇ ਸਰਬ ਸਾਂਝੀਵਾਲਤਾ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਜਿਸ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਹਜ਼ਰਤ ਸਾਂਈ ਮੀਆਂ ਮੀਰ ਜੀ ਪਾਸੋਂ ਰੱਖਵਾਇਆ ਸੀ, ਉੱਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹ ਬੀਬੀਆਂ, ਬੱਚਿਆਂ ਅਤੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜੂਨ ੧੯੮੪ ਦਾ ਘੱਲੂਘਾਰਾ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਦੀ ਦਰਦ ਭਰੀ ਗਾਥਾ ਹੈ, ਜੋ ਭਾਰਤੀ ਸਟੇਟ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਦੇਣ ਸੀ।
ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ‘ਚ ਸਿੱਖ ਕੌਮ ਦੀ ਆਨ-ਸ਼ਾਨ ਤੇ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰ ਗਏ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ, ਜਨਰਲ ਸਰਦਾਰ ਸੁਬੇਗ ਸਿੰਘ ਆਦਿ ਨੇ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜੂਨ ‘੮੪ ਦੇ ਘੱਲੂਘਾਰੇ ਨੂੰ ਅਸੀਂ ਨਹੀਂ ਭੁੱਲਾ ਸਕਦੇ। ਜ਼ਾਲਮ ਸਰਕਾਰ ਨੇ ਇੱਥੇ ਹੀ ਬੱਸ ਨਹੀਂ ਕੀਤੀ ਬਲਕਿ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਪਈਆਂ ਹਜ਼ਾਰਾਂ ਪੁਰਾਤਨ ਲਿਖਤਾਂ ਅਤੇ ਖਰੜਿਆਂ ਨੂੰ ਸਾਕਾ ਵਾਪਰਨ ਤੋਂ ਤੀਜੇ ਦਿਨ ਜਾਣ ਬੁਝ ਕੇ ਅੱਗ ਹਵਾਲੇ ਕਰ ਦਿੱਤਾ ਗਿਆ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਹਰ ਘਰ, ਨਗਰ, ਸ਼ਹਿਰ ਅਤੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਲਾਇਬਰੇਰੀਆਂ ਬਣਾ ਦੇਈਏ। ਤਾਂ ਕਿ ਸਾਡੀਆਂ ਮਾਵਾਂ-ਭੈਣਾਂ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਦੇ ਮਾਣਮੱਤੇ ਇਤਿਹਾਸ ਨੂੰ ਪੜ੍ਹ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕਣ।
ਸ. ਗੋਪਾਲ ਸਿੰਘ ਚਾਵਲਾ ਚੇਅਰਮੈਂਨ ਪੰਜਾਬੀ ਸਿੱਖ ਸੰਗਤ ਨੇ ਕਿਹਾ ਕਿ ਖਾਲਸਾ ਜੀ ਸੰਨ ੧੯੪੭ ‘ਚ ਹੋਈ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਸਿੱਖਾਂ ਨੂੰ ਨੱਪਣ ਤੇ ਕੁੱਟਣ ਦੀ ਨੀਤੀ ਸ਼ੁਰੂ ਹੋ ਗਈ ਸੀ, ਜਿਸ ਦਾ ਮੁੱਖ ਸੂਤਰਧਾਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਗਾਂਧੀ ਸੀ ਅਤੇ ਇਸੇ ਨੀਤੀ ਦਾ ਹੀ ਸਿੱਟਾ ਸੀ ਕਿ ੧੯੮੪ ‘ਚ ਭਾਰਤ ਦੀ ਕਾਂਗਰਸ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ੩੭ ਦੇ ਕਰੀਬ ਸਿੱਖ ਗੁਰਧਾਮਾਂ ‘ਤੇ ਫ਼ੌਜੀ ਹਮਲੇ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ, ਪਰ ਸਿੱਖ ਯੋਧਿਆਂ ਨੇ ਇਤਿਹਾਸ ਤੋਂ ਸੇਧ ਲੈਂਦਿਆਂ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ।’ ਉਨ੍ਹਾਂ ਨੇ ਕਿਹਾ ਖਾਲਸਾ ਜੀ ਤੁਸੀ ਅੱਜ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮ ਨੂੰ ਸੁਣਿਆ ਹੋਵੇਗਾ ਕਿ ਸਿੱਖਾਂ ਨੂੰ ਰਾਜ ਦਾ ਸੰਕਲਪ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਮਿਲਿਆ ਹੈ। ਅੱਜ ਸਿੱਖ ਕੌਮ ਬਲਵਾਨ ਕਿਵੇਂ ਹੋਵੇ। ਇਸ ਦਾ ਹੱਲ਼ ਵੀ ਜੱਥੇਦਾਰ ਸਾਹਿਬ ਨੇ ਆਪਣੇ ਅੱਜ ਦੇ ਸੰਦੇਸ਼ ਵਿੱਚ ਦੇ ਦਿੱਤਾ ਹੈ ਕਿ ਜੇ ਅੱਜ ਕੌਮ ਨੂੰ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਤੌਰ ‘ਤੇ ਮਜ਼ਬੂਤ ਹੋਣਾ ਚਾਹੁੰਦੀ ਹੈ ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖ ਕੌਮ ਨੂੰ ਵਿਰਸੇ ‘ਚ ਮਿਲੀ ਸਿੱਖ ਸ਼ਸਤਰ ਕਲਾ ‘ਚ ਵੀ ਨਿਪੁੰਨ ਹੋਣਾ ਬੇਹੱਦ ਜ਼ਰੂਰੀ ਹੈ। ਸਾਰੀਆਂ ਸਿੱਖ ਜਥੇਬੰਦੀਆਂ ਤੇ ਸੰਗਤ ਨੂੰ ਇਹ ਹਦਾਇਤ ਕੀਤੀ ਕਿ ਸਿੱਖ ਨੌਜਵਾਨਾਂ ਲਈ ਗਤਕਾ ਅਖਾੜਿਆਂ ਤੇ ਅਕੈਡਮੀਆਂ ਅਤੇ ਆਧੁਨਿਕ ਹਥਿਆਰਾਂ ਦੇ ਅਭਿਆਸ ਲਈ ਸ਼ੂਟਿੰਗ ਰੇਂਜਾਂ ਸਥਾਪਤ ਕੀਤੀਆਂ ਜਾਣ। ਪੰਜਾਬੀ ਸਿੱਖ ਸੰਗਤ ਜੱਥੇਦਾਰ ਸਾਹਿਬ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨਦੀ ਹੈ ਅਤੇ ਇਸ ਤੇ ਪਹਿਰਾ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ।ਜੱਥੇਦਾਰ ਸਾਹਿਬ ਵੱਲੋਂ ਸਪੱਸ਼ਟ ਤੌਰ ਤੇ ਆਰ.ਐਸ.ਐਸ, ਸ਼ਿਵ ਸੈਨਾ ਅਤੇ ਹੋਰ ਕੱਟੜ ਹਿੰਦੂ ਅੱਤਵਾਦੀ ਸੰਗਠਨਨਾਂ ਵੱਲ ਇਸ਼ਾਰਾ ਸੀ ਕਿ ਕੁਝ ਲੋਕ ਲੁਕ-ਛਿਪ ਕੇ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਰਹੇ ਹਨ, ਤਾਂ ਕਿ ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ। ਪਰ ਅਸੀਂ ਆਪਣੇ ਨੌਜਵਾਨਾਂ ਨੂੰ ਸ਼ਰੇਆਮ ਸ਼ਸਤਰ ਸਿਖਲਾਈ ਦੇਵਾਂਗੇ।
ਗੋਪਾਲ ਸਿੰਘ ਨੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਸ ਦੀ ਹੱਤਿਆ ਦੀ ਪੜਤਾਲ ਕੌਮਾਂਤਰੀ ਤੌਰ ‘ਤੇ ਕਰਵਾਉਣ ਦੀ ਮੰਗ ਕੀਤੀ ਅਤੇ ਪਾਕਿਸਤਾਨ ਦੇ ਲੋਕਾਂ ਦਾ ਉਨ੍ਹਾਂ ਪ੍ਰਤੀ ਜੋ ਪਿਆਰ ਹੈ ਉਸ ਦੀ ਵੀ ਸਾਂਝ ਪਾਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਿੱਖ ਪੰਥ ਅਤੇ ਪੰਜਾਬ ‘ਤੇ ਚਹੁੰ ਪਾਸੜ ਹਮਲਾ ਹੋ ਰਿਹਾ ਹੈ, ਸਿੱਖ ਹਿਜਰਤ ਕਰਕੇ ਵਿਦੇਸ਼ੀ ਧਰਤੀਆਂ ‘ਤੇ ਵਸਦੇ ਜਾ ਰਹੇ ਹਨ, ਪੰਜਾਬ ਖ਼ਾਲੀ ਹੋ ਰਿਹਾ ਹੈ। ਸਿੱਖ ਬੱਚੇ ਨਸ਼ਿਆਂ ਦੀ ਅਲਾਮਤ ਨੇ ਘੇਰ ਲਏ ਹਨ। ਇਸ ਸਭ ਦੇ ਪਿੱਛੇ ਹੱਥ ਭਾਰਤ ਦੇ ਸੂਹੀਆ ਤੰਤਰ ਜਿਨ੍ਹਾਂ ‘ਚ ਪੁਲਿਸ ਇੰਟੈਲੀਜੈਂਸ ਤੇ ਕੇਂਦਰੀ ਸੂਹੀਆ ਏਜੰਸੀਆਂ ਅਤੇ ਉਹਨਾਂ ਦੇ ਅਧਿਕਾਰੀ ਸ਼ਾਮਲ ਹਨ ਦਾ ਹੈ। ਅੱਜ ਦੇ ਦਿਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਜਦੋਂ ਤੱਕ ਆਪਣੇ ਕੌਮੀ ਘਰ ਖਾਲਿਸਤਾਨ ਨਹੀਂ ਬਣਾ ਲੈਂਦੀ। ਅਸੀਂ ਇਸੇ ਤਰ੍ਹਾਂ ਹੀ ਦੁਨੀਆਂ ਭਰ ਵਿੱਣ ਜ਼ਲੀਲ ਹੁੰਦੇ ਰਹਾਂਗੇ।
ਸਰਦਾਰ ਅਮੀਰ ਸਿੰਘ ਪ੍ਰਧਾਨ ਸਾਹਿਬ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਤੋਂ ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ। ਸੰਤ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਭੁੱਖਣ ਭਾਣੇ ਰਹਿ ਕੇ ਵੀ ਹਮਲਾਵਰ ਫ਼ੌਜ ਦੇ ੭੨ ਘੰਟੇ ਤੱਕ ਪੈਰ ਨਹੀਂ ਲੱਗਣ ਦਿੱਤੇ। ਜੂਨ ‘੮੪ ਦੇ ਘੱਲੂਘਾਰੇ ਦੇ ਦੁਖਾਂਤ ਨੂੰ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ, ਸਗੋਂ ਹਰ ਸਾਲ ਇਸ ਦੇ ਜ਼ਖ਼ਮ ਹੋਰ ਤਾਜ਼ਾ ਹੁੰਦੇ ਹਨ।
ਅੱਜ ਐਸ.ਜੀ.ਪੀ.ਸੀ. ਅਤੇ ਸਿੱਖ ਕੌਮ ਦੇ ਲੀਡਰਾਂ ਨੂੰ ਸਿੱਖ ਮਸਲਿਆਂ ਤੋਂ ਮੂੰਹ ਨਹੀਂ ਮੌੜਨਾ ਚਾਹੀਦਾ ਹੈ ਅਤੇ ਕੁਰਸੀਆਂ ਦੀ ਦੌੜ ਤੋਂ ਉੱਚਾ ਉਠਣਾ ਚਾਹੀਦਾ ਹੈ। ਅੱਜ ਕੌਮ ਦੇ ਜੋ ਹਾਲਾਤ ਬਣ ਗਏ ਹਨ। ਅਜਿਹੀ ਔਖੀ ਘੜੀ ‘ਚ ਹਰ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਬੰਦੀ ਸਿੰਘਾਂ ਦੇ ਮਾਮਲੇ ਤੇ ਸਿੱਖ ਲੀਡਰਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਜੇਲਾਂ ਵਿੱਚ ਬੰਦ ਸਿੱਖ ਕੌਮ ਦੇ ਯੋਧਿਆਂ ਨੇ ਪੁਰਾਤਨ ਸਿੱਖ ਰਵਾਇਤਾਂ ਦੀ ਪਹਿਰੇਦਾਰੀ ਕੀਤੀ ਹੈ ਅਤੇ ਪੁਰਾਤਨ ਲੜੀ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਆਪਣੇ ਗੁਰਧਾਮਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੀ।
ਪ੍ਰੇਮ ਸਿੰਘ ਗੰਥੀ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਸੰਭਾਲੀ ਗਈ। ਉਨ੍ਹਾਂ ਨੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਸਿੱਖ ਕੌਮ ਦੇ ਯੋਧਿਆਂ ਨੇ ਜੋ ਪੁਰਾਤਨ ਸਿੱਖ ਰਵਾਇਤਾ ਦੀ ਪਿਹਰੇਦਾਰੀ ਕੀਤੀ ਤੇ ਸ਼ਹਾਦਤਾਂ ਦੀ ਲੜੀ ਨੂੰ ਅੱਗੇ ਤੋਰਿਆ। ਉਹ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਦੱਸਣਾ ਸੀ ਕਿ ਸਿੱਖ ਕੌਮ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਗੁਰਧਾਮਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਆਓ ! ਜੂਨ ੧੯੮੪ ਘੱਲੂਘਾਰੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਅੱਜ ਦੇ ਦਿਹਾੜੇ ‘ਤੇ ਪ੍ਰਣ ਪ੍ਰਣ ਕਰੀਏ ਕਿ ਅਸੀਂ ਸਿੰਘਾਂ ਦੀਆਂ ਪੈੜਾਂ ‘ਤੇ ਚੱਲਦਿਆਂ ਉਨ੍ਹਾਂ ਦੇ ਮਿੱਥੇ ਨਿਸ਼ਾਨਿਆਂ ਨੂੰ ਪੂਰਿਆਂ ਕਰਨ ਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ ।
ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ੬ ਜੂਨ ‘ਖਾਲਿਸਤਾਨ ਡੇ ‘ ਦੇ ਨਾਹਰਿਆਂ ਨਾਲ ਨਨਕਾਣਾ ਸਾਹਿਬ ਗੂੰਜ ਉਠਿਆ।