ਫ਼ਤਹਿਗੜ੍ਹ ਸਾਹਿਬ – “ਆਮ ਆਦਮੀ ਪਾਰਟੀ ਦੇ ਹੁਣੇ ਹੀ ਬਿਨ੍ਹਾਂ ਕਿਸੇ ਤਰ੍ਹਾਂ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਨੂੰ ਦੇਣ ਦੇ ਬਣਾਏ ਗਏ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਵੱਲੋ ਸ਼ੋਸ਼ਲ ਮੀਡੀਏ ਉਤੇ ਪ੍ਰਗਟਾਏ ਇਹ ਵਿਚਾਰ ਕਿ ਸ. ਭਗਵੰਤ ਸਿੰਘ ਮਾਨ ਜਦੋ ਰੈਲੀ ਵਿਚ ਬੋਲਕੇ ਆਉਦੇ ਸਨ ਤਾਂ ਉਹ ਆ ਕੇ ਆਪਣੀ ਦਸਤਾਰ ਇਸ ਕਰਕੇ ਉਤਾਰ ਦਿੰਦੇ ਸਨ ਕਿ ਉਨ੍ਹਾਂ ਦੇ ਸਿਰ ਵਿਚੋ ਖੂਨ ਵੱਗਣਾ ਸੁਰੂ ਹੋ ਜਾਂਦਾ ਸੀ । ਯਾਨੀ ਕਿ ਰਾਘਵ ਚੱਢਾ ਵੱਲੋ ਸਿੱਖ ਕੌਮ ਦੀ ਅਣਖ਼-ਇੱਜ਼ਤ, ਮਾਣ-ਸਨਮਾਨ ਦੀ ਪ੍ਰਤੀਕ ਦਸਤਾਰ ਦਾ ਅਪਮਾਨ ਕਰਦੇ ਹੋਏ ਵਿਚਾਰ ਪ੍ਰਗਟਾਏ ਹਨ, ਉਹ ਅਤਿ ਸ਼ਰਾਰਤਪੂਰਨ ਅਤੇ ਮੰਦਭਾਵਨਾ ਵਾਲੇ ਹਨ । ਜਦੋਕਿ ਇਸ ਦਸਤਾਰ ਦੀ ਰਾਖੀ ਲਈ ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨੇ ਲੰਮੀ ਤੇ ਵੱਡੀ ਲੜਾਈ ਲੜੀ ਹੈ ਅਤੇ ਅਨੇਕਾ ਕੁਰਬਾਨੀਆਂ ਕੀਤੀਆ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇਹ ਦਸਤਾਰ ਮੁਸਲਿਮ ਕੌਮ ਵੀ ਪਹਿਨਦੀ ਹੈ । ਦਸਤਾਰ ਨੂੰ ਇਸ ਕਰਕੇ ਨਿਸ਼ਾਨਾਂ ਬਣਾਇਆ ਗਿਆ ਹੈ ਕਿ ਇਨ੍ਹਾਂ ਮੁਤੱਸਵੀ ਲੋਕਾਂ ਨੂੰ ਸਾਡੀ ਇਹ ਦਸਤਾਰ ਚੁੱਭਦੀ ਹੈ ਅਤੇ ਇਹ ਬਿਨ੍ਹਾਂ ਵਜਹ ਇਸਨੂੰ ਨਫਰਤ ਕਰਦੇ ਹਨ । ਜਦੋਕਿ ਇਨ੍ਹਾਂ ਪੱਗਾਂ ਤੇ ਦਸਤਾਰਾਂ ਵਾਲਿਆ ਨੇ ਹੀ 1962, 65, 71 ਦੀਆਂ ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ । ਇਥੋ ਤੱਕ ਅੰਗਰੇਜ਼ਾਂ ਨਾਲ ਆਜਾਦੀ ਦੀ ਲੜਾਈ ਲੜਦੇ ਸਮੇ ਕਾਲੇਪਾਣੀ ਤੇ ਹੋਰ ਵੱਡੀਆ ਸਜਾਵਾਂ ਵਿਚ ਵੀ 90% ਦਸਤਾਰਾਂ ਵਾਲੇ ਹੀ ਕੁਰਬਾਨੀਆਂ ਵਿਚ ਮੋਹਰੀ ਰਹੇ ਹਨ । ਇੰਡੀਆਂ ਤੇ ਸਿੱਖ ਕੌਮ ਦੇ ਇਤਿਹਾਸ ਵਿਚ ਦਸਤਾਰਾਂ ਵਾਲਿਆ ਦੇ ਹੀ ਫ਼ਖਰ ਵਾਲੇ ਕਾਰਨਾਮੇ ਰਹੇ ਹਨ । ਜੋ ਰਾਘਵ ਚੱਢਾ ਨੇ ਸਿੱਖ ਕੌਮ ਦੀ ਦਸਤਾਰ ਨੂੰ ਨਿਸ਼ਾਨਾਂ ਬਣਾਕੇ ਅਪਮਾਨਜਨਕ ਸ਼ਬਦਾਂ ਦੀ ਦੁਰਵਰਤੋ ਕੀਤੀ ਹੈ, ਉਹ ਸਿੱਖ ਕੌਮ ਲਈ ਅਸਹਿ ਹੈ ਅਤੇ ਅਸੀ ਇਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਸ੍ਰੀ ਚੱਢਾ ਨੂੰ ਕਾਨੂੰਨੀ ਕਟਹਿਰੇ ਵਿਚ ਖੜ੍ਹਾ ਕਰਨ ਤੋ ਕਤਈ ਗੁਰੇਜ ਨਹੀ ਕਰਾਂਗੇ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਮੁਕਾਰਤਾ ਨਾਲ ਭਰੇ ਹੋਏ ਅਤੇ ਫਿਰਕੂ ਜਮਾਤਾਂ ਤੇ ਸੋਚ ਦਾ ਗੁਲਾਮ ਬਣੇ ਹੋਏ ਸ੍ਰੀ ਰਾਘਵ ਚੱਢਾ ਵੱਲੋ ਦਸਤਾਰ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਅਜਿਹੇ ਫਿਰਕੂਆਂ ਨੂੰ ਸਿੱਖੀ ਰਵਾਇਤਾ ਅਤੇ ਕਾਨੂੰਨ ਅਨੁਸਾਰ ਹਰ ਕੀਮਤ ਤੇ ਸਿੰਝਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਤੱਸਵੀ ਫਿਰਕੂ ਲੋਕਾਂ ਵੱਲੋ ਬੀਤੇ ਸਮੇ ਵਿਚ ‘ਕੱਛ, ਕੜਾ, ਕੰਘਾ, ਕਿਰਪਾਨ ਇਨਕੋ ਭੇਜੋ ਪਾਕਿਸਤਾਨ’ ਦੇ ਫਿਰਕੂ ਨਾਅਰੇ ਲਗਾਉਦੇ ਰਹੇ ਹਨ, ਸ੍ਰੀ ਰਾਘਵ ਚੱਢਾ ਵੀ ਉਨ੍ਹਾਂ ਫਿਰਕੂ ਲੋਕਾਂ ਦੀ ਪੈਦਾਇਸ ਹਨ ਅਤੇ ਉਸੇ ਸਿੱਖ ਤੇ ਪੰਜਾਬ ਵਿਰੋਧੀ ਸੋਚ ਦੇ ਮਾਲਕ ਹਨ, ਜਿਨ੍ਹਾਂ ਨੂੰ ਖ਼ਾਲਸਾ ਪੰਥ ਦੇ ਸਤਿਕਾਰਿਤ ਚਿੰਨ੍ਹਾਂ ਅਤੇ ਮਨੁੱਖਤਾ ਪੱਖੀ ਮਹਾਨ ਰਵਾਇਤਾ ਦੀ ਜਾਂ ਤਾਂ ਜਾਣਕਾਰੀ ਨਹੀ ਹੈ ਜਾਂ ਫਿਰ ਜਾਣਬੁੱਝ ਕੇ ਫਿਰਕੂ ਸੋਚ ਅਧੀਨ ਪੰਜਾਬ ਸੂਬੇ ਵਿਚ ਮਾਹੌਲ ਨੂੰ ਗੰਧਲਾ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨਾ ਲੋੜਦੇ ਹਨ । ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੰਜਾਬ ਸੂਬੇ ਦੀ ਪਵਿੱਤਰ ਧਰਤੀ ਤੇ ਅਜਿਹਾ ਕਰਨ ਦੀ ਬਿਲਕੁਲ ਇਜਾਜਤ ਨਹੀ ਦੇਵੇਗਾ । ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਪੰਜਾਬ ਦੇ ਰਹਿ ਚੁੱਕੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋ ਵੀ ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਅਤੇ ਆਗੂਆਂ ਦੀ ਸੋਚ ਅਨੁਸਾਰ ਇਥੋ ਦੇ ਬੱਚਿਆਂ ਦੇ ਸਿਲੇਬਸ ਦੀਆਂ ਕਿਤਾਬਾਂ ਵਿਚ ਸਾਡੇ ਮਹਾਨ ਸਿੱਖੀ ਚਿੰਨ੍ਹਾਂ, ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਮਨੁੱਖਤਾ ਪੱਖੀ ਅਮਲਾਂ ਨੂੰ ਜਾਣਬੁੱਝ ਕੇ ਤਰੋੜ-ਮਰੋੜਕੇ ਪੇਸ਼ ਕੀਤਾ ਜਾਂਦਾ ਰਿਹਾ ਹੈ । ਅਜਿਹਾ ਇਕ ਡੂੰਘੀ ਸਾਜਿਸ ਤਹਿਤ ਫਿਰਕੂਆਂ ਵੱਲੋ ਕੀਤਾ ਜਾ ਰਿਹਾ ਹੈ । ਲੇਕਿਨ ਇਹ ਲੋਕ ਇਹ ਭੁੱਲ ਜਾਂਦੇ ਹਨ ਕਿ ਦਸਤਾਰ ਵਾਲੇ ਇਨ੍ਹਾਂ ਸਿੱਖਾਂ ਨੇ ਹੀ ਜ਼ਾਬਰਾਂ ਕੋਲੋ ਇਨ੍ਹਾਂ ਦੀਆਂ ਧੀਆਂ-ਭੈਣਾਂ, ਬਹੂ-ਬੇਟੀਆਂ ਨੂੰ ਬਾਇੱਜ਼ਤ ਬਚਾਕੇ ਸੁਰੱਖਿਅਤ ਕਰਕੇ ਇਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਵਾਲੀ ਇਹ ਦਸਤਾਰ ਪਹਿਨਣ ਵਾਲੀ ਸਿੱਖ ਕੌਮ ਹੀ ਹੈ । ਉਸ ਸਮੇਂ ਜਦੋ ਇਹ ਜ਼ਬਰ ਦਾ ਦੌਰ ਮੁਗਲਾਂ ਵੱਲੋ ਤੇ ਧਾੜਵੀਆ ਵੱਲੋ ਜਾਰੀ ਸੀ, ਤਾਂ ਹਿੰਦੂਆਣੀਆ ਸਿੱਖ ਨੂੰ ਵੇਖਕੇ ਪੁਕਾਰਦੀਆ ਰਹੀਆ ਹਨ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’। ਇਹ ਇਖਲਾਕ ਹੈ ਦਸਤਾਰ ਵਾਲਿਆ ਦਾ । ਜਿਸਨੂੰ ਫਿਰਕੂ ਜਮਾਤਾਂ, ਆਗੂਆਂ ਅਤੇ ਰਾਘਵ ਚੱਢਾ ਵਰਗੇ ਸ਼ਰਾਰਤੀ ਸੋਚ ਦੇ ਮਾਲਕ ਮੁਤੱਸਵੀਆਂ ਨੂੰ ਬੀਤੇ ਇਤਿਹਾਸ ਨੂੰ ਯਾਦ ਰੱਖਣਾ ਪਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਧਰਮ, ਕੌਮ, ਫਿਰਕੇ, ਕਬੀਲੇ ਦੀ ਇੱਜ਼ਤ ਕਰਦਾ ਹੈ ਲੇਕਿਨ ਆਪਣੇ ਧਰਮ ਅਤੇ ਅਣਖ਼ ਉਤੇ ਹੋਣ ਵਾਲੇ ਕਿਸੇ ਵੀ ਸਾਜ਼ਸੀ ਹਮਲੇ ਨੂੰ ਕਦੀ ਵੀ ਕਾਮਯਾਬ ਨਹੀ ਹੋਣ ਦਿੰਦਾ ਅਤੇ ਨਾ ਹੀ ਹੋਣ ਦੇਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਅਤੇ ਰਾਘਵ ਚੱਢਾ ਵਰਗੇ ਸ਼ਰਾਰਤੀ ਸੋਚ ਵਾਲੇ ਨਵੇ ਪੁੰਗਰੇ ਗੈਰ ਇਖਲਾਕੀ ਸਿਆਸਤਦਾਨਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਸਿੱਖ ਕੌਮ ਅਤੇ ਮਨੁੱਖਤਾ ਦੀ ਬਿਹਤਰੀ ਲੋੜਨ ਵਾਲੇ ਸਿੱਖ ਧਰਮ ਦੀਆਂ ਉੱਚ ਰਵਾਇਤਾ, ਚਿੰਨ੍ਹਾ ਅਤੇ ਸੋਚ ਨੂੰ ਆਪਣੇ ਮੁਫਾਦਾਂ ਦੀ ਪੂਰਤੀ ਲਈ ਦੁਰਵਰਤੋ ਕਰਨਾ ਬੰਦ ਕਰ ਦੇਣ ਵਰਨਾ ਇਸਦੇ ਨਿਕਲਣ ਵਾਲੇ ਨਤੀਜਿਆ ਲਈ ਅਜਿਹੇ ਫਿਰਕੂ ਅਤੇ ਨਾਸਮਝ ਲੋਕ ਜ਼ਿੰਮੇਵਾਰ ਹੋਣਗੇ, ਸਿੱਖ ਕੌਮ ਨਹੀਂ ।