ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉੱਘੀ ਆਈ ਪੀ ਐਸ ਤੇ ਸੀਨੀਅਰ ਆਗੂ ਕਿਰਨ ਬੇਦੀ ਵੱਲੋਂ ਸਿੱਖ ਕੌਮ ਦੇ ਖਿਲਾਫ ਬਿਆਨਬਾਜ਼ੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਆਪ ਨੁੰ ਦੇਸ਼ ਦੀ ਨੰਬਰ 1 ਆਈ ਪੀ ਐਸ ਕਹਾਉਣ ਵਾਲੀ ਤੇ ਦੇਸ਼ ਵਿਚ ਮਾਣਮੱਤੇ ਅਹੁਦਿਆਂ ‘ਤੇ ਰਹਿਣ ਵਾਲੀ ਕਿਰਨ ਬੇਦੀ ਨੁੰ ਇਹ ਸਮਝ ਨਹੀਂ ਆਈ ਕਿ ਉਹ ਕਿਸ ਕੌਮ ਦੇ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਕਿਰਨ ਬੇਦੀ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਸ ਵਕਤ ਉਸ ਵੇਲੇ ਭਾਰਤ ਦੀਆਂ ਔਰਤਾਂ ਨੁੰ ਟਕੇ ਟਕੇ ਵਿਚ ਵੇਚਣ ਵਾਸਤੇ ਗਜ਼ਨੀ ਦੇ ਬਜ਼ਾਰ ਵਿਚ ਲੈ ਕੇ ਜਾਇਆ ਜਾਂਦਾ ਸੀ, ਉਸ ਵੇਲੇ ਇਹ ਔਰਤਾਂ ਸਿੱਖਾਂ ਨੁੰ ਵਾਜਾਂ ਮਾਰਦੀਆਂ ਸਨ ਕਿ ਸਾਨੁੰ ਬਚਾ ਲਓ। ਉਹਨਾਂ ਕਿਹਾ ਕਿ ਦੇਸ਼ ਦੀਆਂ ਬੀਬੀਆਂ ਤੇ ਭੈਣਾਂ ਨੁੰ ਬਚਾਉਣ ਦਾ ਮਾਣ ਸਿਰਫ ਸਿੱਖਾਂ ਦੇ ਹਿੱਸੇ ਆਇਆ ਹੈ।
ਉਹਨਾਂ ਕਿਹਾ ਕਿ ਅੱਜ ਉਹੀ ਔਰਤ ਇਸਦਾ ਮਜ਼ਾਕ ਬਣਾਏ, ਇਸ ਤੋਂ ਅਫਸੋਸ ਵਾਲੀ ਗੱਲ ਕੋਈ ਨਹੀਂ ਹੈ।
ਉਹਨਾਂ ਕਿਹਾ ਕਿ ਕਿਰਨ ਬੇਦੀ ਸਿੱਖ ਕੌਮ ਕੋਲੋਂ ਤੁਰੰਤ ਮੁਆਫੀ ਮੰਗੇ। ਉਹਨਾਂ ਕਿਹਾ ਜੋ ਗੱਲ ਕਿਰਨ ਬੇਦੀ ਨੇ ਕਹੀ ਹੈ, ਇਹ ਉਹਨਾਂ ਲਈ ਚੁਟਕਲਾ ਹੋ ਸਕਦੀ ਹੈ, ਪਰ ਇਸ ਨਾਲ ਸਿੱਖਾਂ ਦੇ ਮਨਾਂ ਨੁੰ ਵੱਡੀ ਠੇਸ ਪਹੁੰਚੀ ਹੈ, ਜਿਸ ਲਈ ਕਿਰਨ ਬੇਦੀ ਨੁੰ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਮੁਆਫੀ ਨਾ ਮੰਗੀ ਤਾਂ ਫਿਰ ਸਿੱਖ ਕੌਮ ਇਸ ਮਾਮਲੇ ਵਿਚ ਆਪਣਾ ਅਗਲਾ ਰੁੱਖ ਅਖ਼ਤਿਆਰ ਕਰੇਗੀ।
ਜਾਗੋ ਪਾਰਟੀ ਦੇ ਪ੍ਰਧਾਨ ਮੰਜੀਤ ਸਿੰਘ ਜੀਕੇ ਅਖੰਡ ਕੀਰਤਨੀ ਜੱਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵੀਂ ਕਿਰਨ ਬੇਦੀ ਵਲੋਂ ਵਰਤੇ ਗਏ ਸ਼ਬਦਾਂ ਤੇ ਸਖ਼ਤ ਇਤਰਾਜ ਜਤਾਉਂਦੇ ਹੋਏ ਓਸ ਨੂੰ ਸਿੱਖ ਕੌਮ ਕੋਲੋਂ ਤੁਰੰਤ ਮੁਆਫੀ ਮੰਗਣ ਬਾਰੇ ਕਿਹਾ ਹੈ ਨਹੀਂ ਤਾਂ ਓਹ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਤਿਆਰ ਰਹੇ ।