ਅੱਜ ਖਾਲਾ ਨਵੀਂ ਜੁੱਤੀ ਲੈ ਕੇ ਆਈ ਸੀ। ਹੁਣ ਉਹ ਮਟਕ-ਮਟਕ ਕੇ ਤੁਰਦੀ ਸੀ ਨਾਲ਼ੇ ਵਾਰੋ-ਵਾਰੀ ਸਾਰੀਆਂ ਕੁੜੀਆਂ ਨੂੰ ਆਪਣੀ ਨਵੀਂ ਜੁੱਤੀ ਦਿਖਾ ਰਹੀ ਸੀ। ਵੈਸੇ ਕੁਛ ਕੁ ਕੁੜੀਆਂ ਨੂੰ ਇਹ ਗੱਲ ਪਤਾ ਸੀ ਕਿ ਖਾਲਾ ਪੱਲਿਓੁਂ ਤਾਂ ਰੁਪਈਆਂ ਮਸੀਂ ਖਰਚ ਸਕਦੀ ਸੀ ਜ਼ਰੂਰ ਇਹ ਜੁੱਤੀ ਖਾਲਾ ਨੂੰ ਕਿਸੇ ਸੇਠ ਜਾਂ ਕਿਸੇ ਹੋਰ ਆਉਣ ਵਾਲੇ ਗਾਹਕ ਨੇ ਲਿਆ ਕੇ ਦਿੱਤੀ ਹੋਓੂ।
ਘੁੰਮਦੀ-ਘੁਮਾਉਂਦੀ ਜਦੋਂ ਖਾਲਾ ਪੁਸ਼ਪਾ ਦੇ ਕੋਲ ਆਈ ਤਾਂ ਖਾਲਾ ਨੇ ਉਸਨੂੰ ਵੀ ਆਪਣੀ ਨਵੀਂ ਜੁੱਤੀ ਦਿਖਾਈ। ਇਸਤੋਂ ਪਹਿਲਾਂ ਕੀ ਪੁਸ਼ਪਾ ਖਾਲਾ ਦੀ ਉਸ ਨਵੀਂ ਜੁੱਤੀ ਦੀ ਕੋਈ ਤਾਰੀਫ਼ ਕਰਦੀ ਖਾਲਾ ਫਟਾ-ਫਟ ਪੈਰੀਂ ਪਾ ਕੇ ਨਾਲ਼ ਦੇ ਕਮਰੇ ਵਿੱਚ ਚਲੀ ਗਈ।
ਬਿਲਕੁੁਲ ਇਸੇ ਤਰਾਂ ਹੀ ਪੁਸ਼ਪਾ ਵੀ ਇੱਕ ਵਾਰ ਆਪਣੀ ਨਵੀਂ ਸਾੜੀ ਸਾਰੀਆਂ ਕੁੜੀਆਂ ਨੂੰ ਦਿਖਾ ਰਹੀ ਸੀ। ਪਰ ਕੁੜੀਆਂ ਵਿੱਚੋਂ ਜਦੋਂ ਕਿਸੇ ਕੁੜੀ ਨੇ ਉਸਨੂੰ ਇਹ ਪੁੱਛ ਲਿਆ ਸੀ ਕਿ ‘ਲਿਆ ਕੇ ਕਿਸਨੇ ਦੀਤੀ’ ਤਾਂ ਪੁਸ਼ਪਾ ਦਾ ਮੂੰਹ ਉਡ ਗਿਆ ਸੀ। ਉਸ ਰਾਤ ਖਾਲਾ ਨੇ ਪੁਸ਼ਪਾ ਨੂੰ ਕਿਸੇ ਸੇਠ ਦੀ ਗੱਡੀ ਵਿੱਚ ਉਸਦੇ ਨਾਲ ਭੇਜਿਆ ਸੀ ਪਰ ਮੂਹਰੇ ਪੁਸ਼ਪਾ ਦਾ ਚਾਰ ਜਣੇ ਇੰਤਜਾਰ ਕਰ ਰਹੇ ਸੀ।
ਫਿਰ ਖਾਲਾ ਨੇ ਆਪਣੀ ਪੁਰਾਣੀ ਜੁੱਤੀ ਬਾਹਰ ਕੁੜੇਦਾਨ ਵਿੱਚ ਸੁੱਟ ਦਿੱਤੀ। ਪੁਸ਼ਪਾ ਹੁਣ ਕੁੜੇਦਾਨ ਵਿੱਚ ਪਈ ਜੁੱਤੀ ਬਾਰੇ ਸੋਚ ਰਹੀ ਸੀ। ਸੋਚਦੇ-ਸੋਚਦੇ ਉਸਨੂੰ ਆਪਣੇ ਆਪ ਤੇ ਹੈਰਾਨੀ ਜਿਹੀ ਆ ਰਹੀ ਸੀ ਕਿ ਉਹ ਵੀ ਤਾਂ ਉਸ ਜੁੱਤੀ ਵਾਂਗੂ ਵਰਤ ਹੋ ਕੇ ਘਸ ਹੀ ਗਈ ਸੀ। ਉਹ ਕੀ ਉਸ ਵਰਗੀਆਂ ਸਭ ਕੁੜੀਆਂ ਦੀ ਇਹੋ ਹਾਲਤ ਸੀ ਫਿਰ ਖਾਲਾ ਉਹਨਾਂ ਨੂੰ ਕਿਉਂ ਨੀ ਕਿਸੇ ਕੁੜੇਦਾਨ ਵਿੱਚ ਸੁੱਟ ਦਿੰਦੀ। ਪੁਸ਼ਪਾ ਨੂੰ ਆਪਣੇ-ਆਪ ਨਾਲੋਂ ਜ਼ਿਆਦਾ ਵਧੀਆ ਹਾਲਤ ਉਸ ਜੁੱਤੀ ਦੀ ਲੱਗ ਰਹੀ ਸੀ ਜਿਸਨੂੰ ਵਰਤ ਹੋਣ ਤੋਂ ਬਾਅਦ ਹੁਣ ਅਜ਼ਾਦੀ ਤਾਂ ਮਿਲ ਹੀ ਗਈ ਸੀ।
ਉਮਰ
ਖਾਲਾ ਅੱਜ ਸਵੇਰ ਦੀ ਹੀ ਖਿਝੀ-ਤਪੀ ਫਿਰਦੀ ਸੀ ਕਿਉਂਕਿ ਅੱਜ ਸਾਫ-ਸਫਾਈ ਕਰਨ ਵਾਲੀ ਨੌਕਰਾਣੀ ਨਹੀਂ ਸੀ ਆਈ। ਕੁੜੀਆਂ ਖਾਲਾ ਨੂੰ ਐਦਾਂ ਜਲੂੰ-ਜਲੂੰ ਕਰਦੀ ਦੇਖਕੇ ਆਪਸ ਵਿੱਚ ਮਿੰਨਾ-ਮਿੰਨਾ ਹੱਸੀ ਜਾ ਰਹੀਆਂ ਸੀ। ਜਦ ਨੂੰ ਇੱਕ ਕੁੜੀ ਬਾਹਰੋਂ ਗਲ਼ੀ ਵਿੱਚੋਂ ਝਾੜੂ ਚੁਕੀਓੁ ਅੰਦਰ ਆ ਗਈ।
‘ਹਾਂ ਕੁੜੀਏ ਤੂੰ ਕੌਣ ਆ?
”ਮੇਰੇ ਮੰਮੀ ਐਥੇ ਸਫਾਈ ਕਰਦੇ ਆ ਅੱਜ ਉਹ ਬਿਮਾਰ ਆ ਉਹਨੀ ਨੀ ਆਉਣਾ….
‘ਠੀਕ ਆ ਠੀਕ ਆ ਫਿਰ ਤੂੰ ਕਿਉਂ ਆਈ?
”ਮੰਮੀ ਨੇ ਮੈਨੂੰ ਭੇਜਿਆ ਸਫਾਈ ਕਰਨ ਨੂੰ।
‘ਨਹੀਂ-ਨਹੀਂ ਤੂੰ ਜਾਹ ਘਰ ਮੈਂ ਕਿਸੇ ਕੁੜੀ ਨੂੰ ਲਾ ਦਊਂ ਆਹ ਪੈਸੇ ਫੜ ਮੰਮੀ ਦੀ ਦਵਾਈ ਦਾਰੂ ਲਈ।
”ਨਹੀਂ ਉ ਮੈਂ ਨੀ ਜਾਣਾ ਮੈਨੂੰ ਮੰਮੀ ਨੇ ਬੋਲਣਾ ਆ ਸਕੂਲੋਂ ਵੀ ਮੰਮੀ ਨੇ ਮੇਰੀ ਛੁੱਟੀ ਤਾਂ ਹੀ ਕਰਾਈ ਕਿ ਸਫਾਈ ਕਰਨ ਜਾਵਾਂ ਅੱਜ….
‘ਨਾ-ਨਾ ਕੁੜੀਏ ਤੂੰ ਪੜ ਲਿਖ ਜਾ ਕੇ ਹਜੇ ਤੇਰੀ ਪੜਨ-ਲਿਖਣ ਦੀ ਹੱਸਣ ਖੇਡਣ ਦੀ ਉਮਰ ਆ ਚੱਲ ਜਾਹ ਘਰ ਆਪਣੇ।
ਜਦ ਉਹ ਕੁੜੀ ਆਪਣੇ ਘਰ ਚਲ ਗਈ ਤਾਂ ਇਸ ਸਾਰੀ ਗੱਲ ਬਾਤ ਨੂੰ ਦਰਵਾਜ਼ੇ ਵਿੱਚ ਖੜੀ ਅਰਚਨਾ ਸੁਣੀ ਜਾ ਰਹੀ ਸੀ ਉਸਦੇ ਮਨ ਨੂੰ ਖਾਲਾ ਤੇ ਬੜੀ ਹੈਰਾਨੀ ਹੋਈ। ‘ਮਾਸੀ ਕਦੇ ਸਾਡੀਆਂ ਉਮਰਾਂ ਵੱਲ ਵੀ ਦੇਖ ਲੈਣਾ ਸੀ ਜਾਂ ਉਹਨਾਂ ਦੀਆਂ ਉਮਰਾਂ ਵੱਲ ਜੋ ਰੋਜ਼-ਰੋਜ਼ ਐਥੇ ਨਵੀਆਂ ਲਿਆਦੀਆਂ ਜਾਂਦੀਆਂ ਸਾਡੀ ਕਿਹੜਾ ਉਮਰ ਸੀ ਇਹ ਸਭ ਕੰਮਾਂ ਦੀ।’
ਫਿਰ ਅਰਚਨਾ ਨੂੰ ਉਸ ਕੁੜੀ ਤੇ ਗੁੱਸਾ ਆਉਂਦਾ ਸੀ ਜੋ ਕਈ ਵਾਰ ਕਹਿਣ ਤੇ ਵੀ ਉੱਥੇ ਜੰਮੀ ਰਹੀ ਸੀ ਜੇ ਖਾਲਾ ਉਸਨੂੰ ਜਾਣ ਨੂੰ ਕਵੇ ਤਾਂ ਉਹ ਮਿੰਟ ਨਾ ਲਾਵੇ ਫਿਰ ਅਰਚਨਾ ਨੂੰ ਮਹਿਸੂਸ ਹੋਇਆ ਕਿ ਉਹ ਵੀ ਰੋਟੀ ਕਮਾਉਣ ਲਈ ਖੜੀ ਸੀ ਤੇ ਉਹ ਆਪ ਖ਼ੁਦ ਵੀ।