ਨਵੀਂ ਦਿੱਲੀ – ਦਿੱਲੀ ਵਿੱਚ ਮੋਤੀਆਬਿੰਦ ਦਾ ਸਭ ਤੋਂ ਸਸਤਾ ਆਪ੍ਰੇਸ਼ਨ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੀ ਪ੍ਰਬੰਧਕ ਕਮੇਟੀ ਨੇ ‘ਗੁਰੂ ਰਾਮਦਾਸ ਚੈਰੀਟੇਬਲ ਆਈ ਹਸਪਤਾਲ’ ਦੀ ਸਥਾਪਨਾ ਕੀਤੀ ਹੈ। ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਸਿਰਫ 4000/- ਰੁਪਏ ਵਿੱਚ ਮੋਤੀਆਬਿੰਦ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਹਸਪਤਾਲ ਦਾ ਉਦਘਾਟਨ ਕੀਰਤਨ ਦਰਬਾਰ ਉਪਰੰਤ ਮੁੱਖ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਹੋਇਆ। ਜਿਸ ਤੋਂ ਬਾਅਦ ਅੱਜ ਤੋਂ ਓਪੀਡੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਦੀ ਉਸਾਰੀ ਕਰੀਬ ਦੋ ਸਾਲਾਂ ਵਿੱਚ ਸੰਭਵ ਹੋ ਗਈ ਹੈ। ਕਿਉਂਕਿ ਕੋਰੋਨਾ ਕਾਰਨ ਹਸਪਤਾਲ ਦਾ ਨਿਰਮਾਣ ਕਾਰਜ 2-3 ਵਾਰ ਰੋਕਣਾ ਪਿਆ ਸੀ। ਸੇਵਾ ਦੇ ਮਕਸਦ ਨਾਲ ਖੋਲ੍ਹੇ ਗਏ ਇਸ ਹਸਪਤਾਲ ਵਿੱਚ ਮਰੀਜ਼ਾਂ ਦੇ ਮੋਤੀਆਬਿੰਦ ਦੇ ਅਪਰੇਸ਼ਨ ਮਹਿਜ਼ ਲਾਗਤ ਖਰਚੇ ‘ਤੇ ਹੀ ਹੋਣਗੇ। ਇਸ ਕਰਕੇ ਅਸੀਂ ਸਿਰਫ 4000/- ਰੁਪਏ ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਕਰਨ ਜਾ ਰਹੇ ਹਾਂ। ਜੇਕਰ ਕੋਈ ਮਰੀਜ਼ ਇਹ ਖਰਚਾ ਵੀ ਅਦਾ ਨਹੀਂ ਕਰ ਸਕਦਾ ਤਾਂ ਅਸੀਂ ਗੁਰੂ ਦੀ ਗੋਲਕ ਤੋਂ ਇਹ ਖਰਚਾ ਅਦਾ ਕਰਾਂਗੇ।
ਉਕਤ ਆਗੂਆਂ ਨੇ ਦੱਸਿਆ ਕਿ ਸਾਨੂੰ ਇਸ ਹਸਪਤਾਲ ਦੇ ਨਿਰਮਾਣ ‘ਤੇ 60-70 ਲੱਖ ਰੁਪਏ ਖਰਚ ਆਉਣ ਦੀ ਉਮੀਦ ਸੀ। ਪਰ ਸੰਗਤਾਂ ਵੱਲੋਂ ਮਿਲ ਰਹੇ ਹਰ ਤਰ੍ਹਾਂ ਦੇ ਸਹਿਯੋਗ ਕਾਰਨ ਖਰਚੇ ਦਾ ਬੋਝ ਘੱਟ ਗਿਆ ਹੈ। ਸਾਡਾ ਟੀਚਾ ਹਮੇਸ਼ਾ ਸਾਡੇ ਮਰੀਜ਼ਾਂ ਨੂੰ ਕਿਫਾਇਤੀ ਕੀਮਤ ‘ਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦਾ ਰਿਹਾ ਹੈ। ਇਸ ਹਸਪਤਾਲ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਫਿਜ਼ੀਓਥਰੈਪੀ, ਡੈਂਟਲ, ਲੈਬ, ਐਕਸਰੇ ਆਦਿ ਸੇਵਾਵਾਂ ਚੱਲ ਰਹੀਆਂ ਹਨ ਅਤੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵੀ ਲੋਕਾਂ ਨੂੰ ਸਸਤੇ ਰੇਟਾਂ ‘ਤੇ ਓ.ਪੀ.ਡੀ. ਵਿੱਚ ਅਸੀਂ ਉਪਲਬਧ ਕਰਵਾ ਰਹੇ ਹਾਂ। ਇਸ ਲਈ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਲਈ ਅਸੀਂ ‘ਗੁਰੂ ਰਾਮਦਾਸ ਚੈਰੀਟੇਬਲ ਮੈਡੀਕਲ ਸਰਵਿਸ’ ਦੀ ਲੜੀ ਤਹਿਤ ‘ਕਮਿਊਨਿਟੀ ਹੈਲਥ ਸੈਂਟਰ’ ਵਜੋਂ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮੌਕੇ ਸੈਂਕੜੇ ਸੰਗਤਾਂ ਨੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ।