ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਸ਼ਹਿਰ ਵਿੱਚ ਹੋਏ ਸਿੱਖ ਕਤਲੇਆਮ ਦੇ ਸਬੰਧ ਵਿੱਚ ਐਸਆਈਟੀ, ਕਾਨਪੁਰ ਕਮਿਸ਼ਨਰੇਟ ਅਤੇ ਕਾਨਪੁਰ ਆਊਟਰ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਇਹ ਮਾਮਲੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮੰਜੀਤ ਸਿੰਘ ਜੀਕੇ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਵਲੋਂ ਕੀਤੀ ਮਿਹਨਤ ਸਦਕਾ ਮੁੜ ਖੋਲ੍ਹੇ ਗਏ ਸਨ ਤੇ ਇਸ ਵਿਚ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਭੋਗਲ ਨੇ ਵੀਂ ਬਹੁਤ ਸਾਥ ਦਿੱਤਾ ਸੀ । ਕਾਨਪੁਰ ਦੇ ਨਿਰਾਲਾ ਨਗਰ ਵਿਖੇ ਹੋਏ ਸਿੱਖ ਕਤਲੇਆਮ ਦੇ ਸਬੰਧ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਨਪੁਰ ਵਿੱਚ ਸਿੱਖ ਕਤਲੇਆਮ ਵਿਚ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਸ਼ੁਰੂ ਹੋ ਗਿਆ ਹੈ। ਐਸਆਈਟੀ, ਕਾਨਪੁਰ ਕਮਿਸ਼ਨਰੇਟ ਅਤੇ ਕਾਨਪੁਰ ਆਊਟਰ ਪੁਲਿਸ ਨੇ ਸਾਂਝੇ ਆਪਰੇਸ਼ਨ ਚਲਾ ਕੇ ਇਹ ਕਾਰਵਾਈ ਕੀਤੀ ਹੈ।
1984 ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸਫੀਉੱਲਾ (64) ਪੁੱਤਰ ਸਾਬਿਰ ਖਾਨ ਵਾਸੀ ਸ਼ਿਵਪੁਰੀ, ਘਾਤਮਪੁਰ ਜ਼ਿਲ੍ਹਾ ਕਾਨਪੁਰ ਬਾਹਰੀ, ਯੋਗਿੰਦਰ ਸਿੰਘ (65) ਉਰਫ਼ ਬੱਬਨ ਬਾਬਾ ਪੁੱਤਰ ਸਵ. ਸੁਰਿੰਦਰ ਸਿੰਘ ਵਾਸੀ ਜਲਾਲਾ ਥਾਣਾ ਘਾਤਮਪੁਰ ਜ਼ਿਲ੍ਹਾ ਕਾਨਪੁਰ ਬਾਹਰੀ, ਵਿਜੇ ਨਰਾਇਣ (62) ਸਿੰਘ ਉਰਫ਼ ਬਚਨ ਸਿੰਘ ਪੁੱਤਰ ਲੇਟ. ਸ਼ਿਵ ਨਰਾਇਣ ਸਿੰਘ ਵਾਸੀ ਵੈਂਡਾ ਥਾਣਾ ਘਾਤਮਪੁਰ ਜ਼ਿਲ੍ਹਾ ਕਾਨਪੁਰ ਬਾਹਰੀ ਅਤੇ ਅਬਦੁਲ ਰਹਿਮਾਨ (65) ਉਰਫ਼ ਲੰਬੂ ਪੁੱਤਰ ਸਵ. ਰਮਜਾਨੀ ਚੌਕੀਦਾਰ ਵਾਸੀ ਵੇਂਦਾ ਥਾਣਾ ਘਟਮਪੁਰ ਜ਼ਿਲ੍ਹਾ ਕਾਨਪੁਰ ਬਾਹਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਨਪੁਰ ਵਿੱਚ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਐਸਆਈਟੀ ਦਾ ਕਾਰਜਕਾਲ ਚਾਰ ਮਹੀਨੇ ਹੋਰ ਵਧਾ ਦਿੱਤਾ ਗਿਆ ਹੈ। ਜਿਸ ਨਾਲ ਹੁਣ ਐਸਆਈਟੀ ਕੋਲ 30 ਸਤੰਬਰ 2022 ਤੱਕ ਜਾਂਚ ਪੂਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਂ ਹੈ। ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ ਵਿੱਚ 127 ਲੋਕ ਮਾਰੇ ਗਏ ਸਨ। ਫਰਵਰੀ 2019 ਵਿੱਚ ਸਰਕਾਰ ਨੇ ਐਸਆਈਟੀ ਦਾ ਗਠਨ ਕੀਤਾ ਸੀ। ਸਰਕਾਰ ਦੇ ਹੁਕਮਾਂ ‘ਤੇ ਬਣਾਈ ਗਈ ਐਸਆਈਟੀ ਤਿੰਨ ਸਾਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਆਈਟੀ ਛੇ ਮਹੀਨੇ ਪਹਿਲਾਂ 11 ਮਾਮਲਿਆਂ ਦੀ ਜਾਂਚ ਪੂਰੀ ਕਰ ਚੁੱਕੀ ਹੈ। ਇਸ ਵਿੱਚ ਉਨ੍ਹਾਂ ਵਲੋਂ 60 ਤੋਂ ਵੱਧ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਬੂਤ ਅਤੇ ਗਵਾਹ ਦੋਵੇਂ ਮੌਜੂਦ ਹਨ। ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਬਾਕੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।