ਅੰਮ੍ਰਿਤਸਰ – ਜੀ ਟੀ. ਰੋਡ ਰਈਆ ਵਿਖੇ ਉਸਾਰੀ ਅਧੀਨ ਪੁਲ ਦੇ ਵਿਸਥਾਰ ਦੀ ਪੂਰੀ ਸੰਭਾਵਨਾ ਹੈ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮੁਲਾਕਾਤ ਲਈ ਆਏ ਭਾਜਪਾ ਆਗੂ ਅਰਵਿੰਦ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੂੰ ਰਈਆ ਵਿਖੇ ਬਣ ਰਹੇ ਪੁਲ ਦੇ ਵਿਸਥਾਰ ਦਾ ਭਰੋਸਾ ਦਿੱਤਾ ਹੈ। ਦਿਲੀ ਵਿਖੇ ਵਫ਼ਦ ਨੇ ਸ੍ਰੀ ਗਡਕਰੀ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਸੜਕ ’ਤੇ ਉਕਤ ਪੁਲ ਦੇ 600 ਮੀਟਰ ਤਕ ਪਿਲਰਾਂ ਦੀ ਬਜਾਏ ਲੋਕ ਹਿਤਾਂ ’ਚ ਇਸ ਨੂੰ 1000 ਮੀਟਰ ਵਿੱਚ ਪਿਲਰਾਂ ਦੇ ਨਿਰਮਾਣ ਦੀ ਅਪੀਲ ਕੀਤੀ। ਜਿਸ ਪ੍ਰਤੀ ਰਾਜ ਮਾਰਗ ਮੰਤਰੀ ਨੇ ਡੂੰਘੀ ਦਿਲਚਸਪੀ ਦਿਖਾਉਂਦਿਆਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਸਨਮੁੱਖ ਉਕਤ ਪੁਲ ਦੇ ਵਿਸਥਾਰ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਨਤਾ ਦੇ ਮੁੱਦੇ ਅਤੇ ਮੁਸ਼ਕਲਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਅਰਵਿੰਦ ਸ਼ਰਮਾ ਨੇ ਭਾਰਤ ਸਰਕਾਰ ਵੱਲੋਂ ਸੜਕਾਂ ਦਾ ਵਧੀਆ ਬੁਨਿਆਦੀ ਢਾਂਚਾ ਅਤੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀ ਆਸਾਨ ਟਰਾਂਸਪੋਰਟ ਪ੍ਰਣਾਲੀ ਵਿਕਸਤ ਕਰਨ ਲਈ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਅਸੀਂ ਇਸ ਸੁਧਾਰ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਸਾਨੂੰ ਬੁਨਿਆਦੀ ਢਾਂਚੇ ਦੀਆਂ ਅਜਿਹੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਰਕਾਰ ਦੇ ਯਤਨਾਂ ਤੋਂ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਉਹ ਰਈਆ ਦੇ ਸਾਰੇ ਸਮਾਜਕ, ਧਾਰਮਿਕ, ਵਪਾਰੀ, ਦੁਕਾਨਦਾਰਾਂ ਅਤੇ ਵੈੱਲਫੇਅਰ ਸੁਸਾਇਟੀਆਂ ਸਮੇਤ ਰਈਆ ਦੇ ਸਮੂਹ ਨਿਵਾਸੀਆਂ ਵੱਲੋਂ ਇਹ ਅਪੀਲ ਲੈ ਕੇ ਆਏ ਹਨ ਕਿ ਰਈਆ ਵਿੱਚ ਨਿਰਮਾਣ ਅਧੀਨ ਪਿੱਲਰ ਬ੍ਰਿਜ ਦੀ ਉਸਾਰੀ ਨਾਲ ਆਵਾਜਾਈ ਦੀ ਉੱਨਤ ਅਤੇ ਬਿਹਤਰ ਪ੍ਰਣਾਲੀ ਆਵਾਜਾਈ ਦੀ ਰੁਕਾਵਟਾਂ ਨੂੰ ਘਟਾਏਗੀ ਅਤੇ ਸਥਾਨਕ ਲੋਕਾਂ ਨੂੰ ਆਸਾਨੀ ਨਾਲ ਆਉਣ-ਜਾਣ ਦੀ ਸਹੂਲਤ ਦੇਵੇਗੀ। ਪਰ ਇਹ ਜੋ ਪੁਲ ਦਾ ਨਿਰਮਾਣ 600 ਮੀਟਰ ਤਕ ਹੀ ਪਿਲਰਾਂ ’ਤੇ ਬਣਾਈ ਜਾ ਰਹੀ ਹੈ ਉਸ ਨਾਲ ਇੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਸਬੰਧਿਤ ਸਥਾਨਾਂ ਤੱਕ ਪਹੁੰਚਣ ਵਿਚ ਰੁਕਾਵਟ ਆਵੇਗੀ। ਅਸੀਂ ਰਈਆ ਦੇ ਲੋਕ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਿੱਲਰ ਬ੍ਰਿਜ 600 ਤੋਂ 1000 ਮੀਟਰ ਤੱਕ ਵਧਾਇਆ ਜਾਵੇ ਤਾਂ ਜੋ ਸਾਰਿਆਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਆਸ ਪ੍ਰਗਟ ਕਰਦਿਆਂ ਰਾਜ ਮਾਰਗ ਮੰਤਰੀ ਨੂੰ ਕਿਹਾ ਕਿ ਤੁਹਾਡੀ ਦਿਆਲਤਾ ਅਤੇ ਲੋਕ ਹਿਤਾਂ ’ਚ ਪੁੱਟਿਆ ਜਾਣ ਵਾਲਾ ਕਦਮ ਇਲਾਕੇ ਲਈ ਨਾ ਭੁੱਲਣਯੋਗ ਹੀ ਨਹੀਂ ਸਗੋਂ ਆਧੁਨਿਕ ਬੁਨਿਆਦੀ ਢਾਂਚੇ ਦਾ ਇੱਕ ਮੀਲ ਪੱਥਰ ਵੀ ਹੋਵੇਗਾ। ਇਸ ਮੌਕੇ ਵਫ਼ਦ ’ਚ ਅਰਵਿੰਦ ਸ਼ਰਮਾ ਖਿਆਲਾ ਦੇ ਨਾਲ ਸੁਖਵਿੰਦਰ ਸਿੰਘ ਮੱਤੇਵਾਲ ਅਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ।