ਲੁਧਿਆਣਾ – ਹਲਕਾ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸਕ ਜਿੱਤ ਨੇ ਆਮ ਆਦਮੀ ਪਾਰਟੀ ਦਾ ਤਾਣਾ ਬਾਣਾ ਹਿਲਾਕੇ ਰੱਖ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੂੰ ਹਲਕਾ ਸੰਗਰੂਰ ਦੇ 9 ਹਲਕਿਆਂ ਤੋਂ ਕੁੱਲ 253154 ਹਜ਼ਾਰ ਵੋਟਾਂ ਪਈਆਂ ਹਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਤਕੜੀ ਟੱਕਰ ਦੇਣ ਦੇ ਬਾਵਜੂਦ 5822 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਹਨ । ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 247332 ਲੱਖ ਵੋਟਾਂ ਪਈਆਂ ਹਨ ਇਸ ਤੋਂ ਇਲਾਵਾ ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ । ਪੰਜਾਬ ਦੇ ਚੋਣ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਤਿੰਨ ਬੁੱਢੀਆਂ ਅਤੇ ਵੱਡੀਆਂ ਰਵਾਇਤੀ ਪਾਰਟੀਆਂ ਦੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ ਦੂਸਰੇ ਪਾਸੇ ਬਹੁਤੀਆਂ ਚੋਣਾਂ ਵਿੱਚ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਹਿਲੀ ਵਾਰ ਚਾਰ ਵੱਡੀਆਂ ਭਾਰਤੀਆਂ ਨੂੰ ਹਰਾ ਕੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ। ਪੰਜਾਬ ਦੀ ਰਾਜਨੀਤੀ ਦੇ ਵਿਚ ਇਹ ਸੰਗਰੂਰ ਦੀ ਚੋਣ ਇਕ ਇਤਿਹਾਸ ਦੇ ਪੰਨੇ ਵਜੋਂ ਹਮੇਸ਼ਾਂ ਯਾਦ ਰਹੇਗੀ ।
ਆਮ ਤੌਰ ਤੇ ਕੋਈ ਵੀ ਜ਼ਿਮਨੀ ਚੋਣ ਹੋਵੇ ਭਾਵੇਂ ਉਹ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ ਹੋਵੇ, ਉਥੇ ਰਾਜ ਕਰਨ ਵਾਲੀ ਪਾਰਟੀ ਹੀ ਜਿੱਤਦੀ ਹੁੰਦੀ ਹੈ ਕਿਉਂਕਿ ਅਫ਼ਸਰਸ਼ਾਹੀ ,ਲੋਕਾਂ ਦੀਆਂ ਆਸਾਂ, ਲੋਕਾਂ ਦੇ ਕੰਮਕਾਜ ਅਤੇ ਹੋਰ ਰਾਜਨੀਤਕ ਤਾਣਾ ਬਾਣਾ ਸਰਕਾਰ ਦੇ ਨਾਲ ਬੱਝਿਆ ਹੁੰਦਾ ਹੈ । ਇਸ ਕਰਕੇ ਲੋਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਵਿਚ ਭੁਗਤ ਜਾਂਦੇ ਹਨ ਪਰ ਜੇਕਰ ਲੋਕਾਂ ਦੇ ਵਿੱਚ ਕਿਸੇ ਲੰਮੇ ਰਾਜ ਭਾਗ ਤੋਂ ਬਾਅਦ ਕਿਸੇ ਗੱਲ ਦੀ ਨਿਰਾਸਤਾ ਫੈਲ ਜਾਵੇ ਤਾਂ ਯਕੀਨਨ ਵਿਰੋਧੀ ਪਾਰਟੀਆਂ ਨੂੰ ਜਿੱਤ ਹਾਸਲ ਹੁੰਦੀ ਹੈ । ਜਿਸ ਤਰ੍ਹਾਂ 1994 ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਉਸ ਵੇਲੇ ਦੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੂੰ ਧੋਬੀ ਪਟਕਾ ਦੇ ਕੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 1600 ਦੇ ਕਰੀਬ ਵੋਟਾਂ ਨਾਲ ਜਿਤਾਇਆ ਸੀ । ਇਸ ਤੋਂ ਇਲਾਵਾ ਸਾਲ 2019 ਵਿੱਚ ਦਾਖਾ ਦੀ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ 15000 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾਇਆ ਸੀ । ਪਰ ਸਿਰਫ਼ ਤਿੰਨ ਮਹੀਨੇ ਦੇ ਵਕਫ਼ੇ ਵਿੱਚ ਪੰਜਾਬ ਦੇ ਲੋਕਾਂ ਵਲੋਂ ਵੱਡੇ ਬਹੁਮਤ ਨਾਲ ਚੁਣੀ ਆਮ ਆਦਮੀ ਪਾਰਟੀ ਵਿਰੁੱਧ ਫ਼ਤਵਾ ਆਉਣਾ ਬੜਾ ਹੈਰਾਨੀਜਨਕ ਉੱਥੇ ਰਾਜਨੀਤਕ ਮਾਹਿਰਾਂ ਦੀ ਸਮਝ ਤੋਂ ਬਾਹਰ ਹੈ । ਜ਼ਿਲ੍ਹਾ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਨੀਤਕ ਰਾਜਧਾਨੀ ਹੈ। ਆਮ ਆਦਮੀ ਪਾਰਟੀ ਦੀ ਹੋਂਦ ਹੈ । ਆਮ ਆਦਮੀ ਪਾਰਟੀ ਦੇ ਇਨਕਲਾਬ ਦਾ ਬਿਗਲ ਹਲਕਾ ਸੰਗਰੂਰ ਤੋਂ ਬੱਝਿਆ ਹੈ। ਜਦੋਂ 2019 ਲੋਕ ਸਭਾ ਚੋਣਾਂ ਵਿੱਚ ਪੂਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ।ਉਸ ਵਕਤ ਵੀ ਸੰਗਰੂਰ ਨੇ ਹੀਂ ਆਮ ਆਦਮੀ ਪਾਰਟੀ ਦੀ ਲਾਜ ਰੱਖੀ ਸੀ । ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਇੱਕ ਲੱਖ ਗਿਆਰਾਂ ਹਜ਼ਾਰ ਦੇ ਕਰੀਬ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਸੀ। ਜਿੱਥੋੰ ਪੰਜਾਬ ਵਿੱਚ ਸਰਕਾਰ ਬਣਨ ਦੀ ਨੀਂਹ ਰੱਖੀ ਗਈ ਸੀ ।
2022 ਵਿਧਾਨ ਸਭਾ ਚੋਣਾਂ ਵਿੱਚ ਜੇਕਰ ਜ਼ਿਲਾ ਸੰਗਰੂਰ ਲੋਕ ਸਭਾ ਦੇ 9 ਹਲਕਿਆਂ ਦੀ ਗੱਲ ਕਰੀਏ ਹਲਕਾ ਸੁਨਾਮ ਤੋਂ ਸਭ ਤੋਂ ਵੱਧ 94795 ਹਜ਼ਾਰ ਵੋਟਾਂ ਪਈਆਂ ਸਨ। ਜਿਨ੍ਹਾਂ ਵਿੱਚ 75277 ਹਜ਼ਾਰ ਵੋਟਾਂ ਦੀ ਲੀਡ ਸੀ । ਹਲਕਾ ਦਿੜ੍ਹਬਾ ਤੋਂ 82630 ਹਜ਼ਾਰ ਵੋਟਾਂ ਪਈਆਂ ਸਨ ਅਤੇ 50655 ਵੋਟਾਂ ਦੀ ਲੀਡ ਸੀ । ਹਲਕਾ ਧੂਰੀ ਤੋਂ 82592 ਹਜ਼ਾਰ ਵੋਟਾਂ ਪਈਆਂ ਸਨ ਅਤੇ 58206 ਹਜ਼ਾਰ ਵੋਟਾਂ ਦੀ ਲੀਡ ਸੀ । ਹਲਕਾ ਸੰਗਰੂਰ ਤੋਂ 74851 ਹਜ਼ਾਰ ਵੋਟਾਂ ਪਈਆਂ ਸਨ ਅਤੇ 36430 ਹਜ਼ਾਰ ਵੋਟਾਂ ਦੀ ਲੀਡ ਸੀ। ਹਲਕਾ ਮਲੇਰਕੋਟਲਾ ਤੋਂ 65948 ਹਜ਼ਾਰ ਵੋਟਾਂ ਪਈਆਂ ਸਨ ਅਤੇ 21686 ਹਜ਼ਾਰ ਵੋਟਾਂ ਦੀ ਲੀਡ ਸੀ। ਹਲਕਾ ਬਰਨਾਲਾ ਤੋਂ 64800 ਵੋਟਾਂ ਪਈਆਂ ਸਨ ਤੇ 37622 ਹਜ਼ਾਰ ਵੋਟਾਂ ਦੀ ਲੀਡ ਸੀ । ਹਲਕਾ ਭਦੌੜ ਤੋਂ 63967 ਹਜ਼ਾਰ ਵੋਟਾਂ ਪਈਆਂ ਸਨ ਅਤੇ 37558 ਹਜ਼ਾਰ ਵੋਟਾਂ ਦੀ ਲੀਡ ਸੀ । ਹਲਕਾ ਲਹਿਰਾ ਗਾਗਾ ਤੋਂ 60058 ਹਜ਼ਾਰ ਵੋਟਾਂ ਪਈਆਂ ਸਨ ਤੇ 26518 ਹਜ਼ਾਰ ਦੀ ਲੀਡ ਸੀ । ਹਲਕਾ ਮਹਿਲ ਕਲਾਂ ਤੋਂ 53714 ਵੋਟਾਂ ਪਈਆਂ ਸਨ ਤੇ 30347 ਹਜ਼ਾਰ ਵੋਟਾਂ ਦੀ ਲੀਡ ਸੀ । ਜੇਕਰ 2022 ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਦੇ ਕੁੱਲ 9 ਹਲਕਿਆਂ ਦਾ ਲੇਖਾ ਜੋਖਾ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਇਨ੍ਹਾਂ 9 ਹਲਕਿਆਂ ਤੋਂ 6,43 ,354 ਲੱਖ ਵੋਟਾਂ ਪਈਆਂ ਸਨ ਅਤੇ ਕੁੱਲ 9 ਹਲਕਿਆਂ ਦੀ ਲੀਡ ਪੌਣੇ ਚਾਰ ਲੱਖ ਦੇ ਕਰੀਬ (373610 ਹਜ਼ਾਰ ) ਬਣਦੀ ਹੈ । ਜਦਕਿ ਦੂਸਰੇ ਪਾਸੇ ਮਾਨ ਦਲ ਨੂੰ ਇਨ੍ਹਾਂ 9 ਹਲਕਿਆਂ ਵਿੱਚੋਂ 82578 ਹਜ਼ਾਰ ਵੋਟਾਂ ਪਈਆਂ ਸਨ । ਸ਼੍ਰੋਮਣੀ ਅਕਾਲੀ ਦਲ ਮਾਨ ਸਿਰਫ਼ ਹਲਕਾ ਮਹਿਲ ਕਲਾਂ ਤੋਂ ਹੀ ਆਪਣੀ ਜਮਾਨਤ ਬਚਾ ਸਕਿਆ ਸੀ ਜਿੱਥੇ ਮਾਨ ਦਲ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ 23367 ਹਜ਼ਾਰ ਵੋਟਾਂ ਮਿਲੀਆਂ ਸਨ । ਪਰ ਤਿੰਨ ਮਹੀਨੇ ਦੇ ਵਕਫ਼ੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਗ੍ਰਾਫ ਤਾਂ ਢਾਈ ਲੱਖ ਤੋਂ ਵੱਧ ਵੋਟਾਂ ਤੇ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਸਾਢੇ ਛੇ ਲੱਖ ਤੋਂ ਸੁੰਗੜਦੀ ਹੋਈ ਢਾਈ ਲੱਖ ਤੋਂ ਵੀ ਥੱਲੇ ਰਹਿ ਗਈ ਹੈ ।
ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਆਪਣੇ ਵੱਲੋਂ ਕਈ ਵਧੀਆ ਕੰਮ ਕਰਨ ਦਾ ਰਾਗ ਅਲਾਪ ਰਹੀ ਹੈ ਅਤੇ ਕਈ ਸਕੀਮਾਂ ਨੂੰ ਲਾਗੂ ਕਰਨ ਦੇ ਐਲਾਨ ਵੀ ਕਰ ਰਹੀ ਪਰ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣ ਵਿੱਚ ਆਪ ਆਗੂ ਨਾਕਾਮ ਰਹੇ ਹਨ । ਰਾਜ ਸਭਾ ਵਿੱਚ ਗ਼ੈਰ ਪੰਜਾਬੀਆਂ ਨੂੰ ਭੇਜਣਾ ਪੰਜਾਬ ਦੇ ਲੋਕਾਂ ਵਿਚ ਡਾਢਾ ਗਿਲਾ ਹੈ , ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੋਕਾਂ ਦੇ ਫੋਨ ਨਾ ਚੁੱਕਣਾ, ਵਰਕਰਾਂ ਨੂੰ ਇੱਜ਼ਤ ਨਾ ਦੇਣਾ, ਮਹਿੰਗਾਈ ਨੂੰ ਠੱਲ੍ਹ ਨਾ ਪੈਣਾ,ਰਿਸ਼ਵਤਖੋਰੀ ਦਾ ਪਹਿਲਾਂ ਨਾਲੋਂ ਵਧ ਜਾਣਾ , ਲੋਕਾਂ ਦੇ ਦਫਤਰਾਂ ਵਿਚ ਕੰਮਕਾਜ ਨਾ ਹੋਣੇ , ਲਾਅ ਐਂਡ ਆਰਡਰ ਦੀ ਸਮੱਸਿਆ, ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਨੂੰ ਅਣਗੌਲਿਆ ਕਰਨਾ , ਅਫ਼ਸਰਸ਼ਾਹੀ ਦਾ ਸਰਕਾਰ ਤੇ ਭਾਰੂ ਪੈਣਾ ਆਦਿ ਕਈ ਹੋਰ ਵੱਡੇ ਕਾਰਨ ਹਨ । ਦੂਸਰੇ ਪਾਸੇ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿੱਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਹਨ । ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇਕ ਆਸ ਦੀ ਕਿਰਨ ਹੈ । ਲੋਕਾਂ ਦੀ ਨਾਰਾਜ਼ਗੀ ਅਤੇ ਗੁੱਸਾ ਜੱਗ ਜ਼ਾਹਰ ਹੈ ਜਿਸ ਨੂੰ ਆਮ ਆਦਮੀ ਪਾਰਟੀ ਸਮਝ ਨਹੀਂ ਸਕੀ , ਆਪਣੇ ਗੁੱਸੇ ਦਾ ਟ੍ਰੇਲਰ ਉਨ੍ਹਾਂ ਨੇ ਸਿਮਰਨਜੀਤ ਮਾਨ ਨੂੰ ਜਿਤਾ ਕੇ ਦਿਖਾ ਦਿੱਤਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵੀ ਨਾ ਸੰਭਲੀ ,ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਾ ਲਿਆ, ਪੰਜਾਬ ਦੇ ਲੋਕਾਂ ਦੀਆਂ ਆਸਾਂ ਮੁਤਾਬਿਕ ਨਾ ਤੁਰੇ, ਫਿਰ ਪੰਜਾਬ ਦੇ ਲੋਕਾਂ ਨੂੰ ਆਪਣੇ ਰਾਹ ਬਣਾਉਣੇ ਆਉਂਦੇ ਹਨ । ਅਜੇ ਵੀ ਆਮ ਆਦਮੀ ਪਾਰਟੀ ਦੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਪਰ ਇੱਕ ਕਰੜੇ ਇਮਤਿਹਾਨ ਦੀ ਘੜੀ ਵਿੱਚੋਂ ਗੁਜ਼ਰਨਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਉਸ ਦੀ ਸਰਕਾਰ ਨੂੰ। ਪ੍ਰਮਾਤਮਾ ਭਲੀ ਕਰੇ, ਪੰਜਾਬ ਦੀ ਸਿਆਸਤ ਦਾ ਰੱਬ ਰਾਖਾ !