ਦਿੱਲੀ -: ਪੰਜਾਬ ਦੇ ਸੰਗਰੂਰ ਜਿਲੇ ਤੋਂ ਜਿਮਨੀ ਚੋਣਾਂ ‘ਚ ਨਵੇਂ ਚੁਣੇ ਮੈਂਬਰ ਪਾਰਲੀਆਮੈਂਟ ਸਿਮਰਨਜੀਤ ਸਿੰਘ ਮਾਨ ਨੇ ਨਵਾਂ ਇਤਿਹਾਸ ਰਚਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਮੋਜੂਦਾ ਪੰਜਾਬ ਸਰਕਾਰ ‘ਚ ਕਾਬਿਜ ਆਮ ਆਦਮੀ ਪਾਰਟੀ, ਕੇਂਦਰ ਸਰਕਾਰ ‘ਤੇ ਕਾਬਿਜ ਬੀ.ਜੇ.ਪੀ. ਤੋਂ ਇਲਾਵਾ ਕਾਂਗਰਸ ‘ਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸ. ਮਾਨ ਵਲੋਂ ਇਕੱਲੇ ਜਾਤੀ ਤੋਰ ‘ਤੇ ਭਾਰੀ ਸ਼ਿਕਸ਼ਤ ਦੇਕੇ ਇਕ ਨਵੇਕਲੀ ਮਿਸਾਲ ਪੇਸ਼ ਕੀਤੀ ਗਈ ਹੈ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਮਾਨਤਾਂ ਵੀ ਜਬਤ ਹੋ ਗਈਆਂ ਹਨ। ਸ. ਇੰਦਰ ਮੋਹਨ ਸਿੰਘ ਨੇ ਚੋਣ ਨਤੀਜੇਆਂ ਨੂੰ ਹੈਰਾਨਕੁੰਨ ਕਰਾਰ ਦਿੰਦਿਆ ਕਿਹਾ ਕਿ ਕੇਵਲ 3 ਮਹੀਨੇ ਪਹਿਲਾਂ ਹੀ ਪੰਜਾਬ ‘ਚ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਦੀ ਭਾਰੀ ਜਿੱਤ ‘ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਸੰਗਰੂਰ ਹਲਕੇ ‘ਚ ਪਾਰਟੀ ਦੀ ਹੋਈ ਹਾਰ ਨਾਲ ਵੋਟਰਾਂ ਨੇ ਇਹ ਸਾਫ ਸੰਦੇਸ਼ ਦਿੱਤਾ ਹੈ ਕਿ ਉਹ ਜਿਸਨੂੰ ਸੱਤਾ ਦੇ ਤਾਜ ਨਾਲ ਨਿਵਾਜ ਸਕਦੇ ਹਨ, ਉਸ ਨੂੰ ਥੱਲੇ ਲਾਉਣ ‘ਚ ਵੀ ਉਹ ਗੁਰੇਜ ਨਹੀ ਕਰਦੇ ਹਨ ਜੇਕਰ ਆਮ ਜਨਤਾ ਨੂੰ ਨਜਰਅੰਦਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਪੰਜਾਬ ‘ਚ ਰਾਜ ਦਾ ਸੁੱਖ ਭੋਗਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਹੇਠਲੀ ਪੋੜ੍ਹੀ ‘ਤੇ ਆ ਜਾਣਾ ਵੀ ਇਕ ਚਿੰਤਾ ਦਾ ਵਿਸ਼ਾ ਹੈ, ਜਿਸ ਦੀ ਘੋਖ ਕਰਨ ਦੀ ਲੋੜ੍ਹ ਹੈ।
ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਸ. ਮਾਨ ਇਕ ਸੁੱਲਝੇ ਸਿਆਸਤਦਾਨ ਹੋਣ ਤੋਂ ਇਲਾਵਾ ਪ੍ਰਸ਼ਾਸਨਿਕ ਤਜੁਰਬਾ ਵੀ ਰਖਦੇ ਹਨ, ਇਸ ਲਈ ਉਹਨਾਂ ਪਾਸੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ‘ਤੇ ਮੈਂਬਰ ਪਾਰਲੀਆਮੈਂਟ ਹੋਣ ਦੇ ਨਾਤੇ ਮਿਲੀਆਂ ਸਵਿਧਾਨਿਕ ਤਾਕਤਾਂ ਦਾ ਇਸਤੇਮਾਲ ਕਰਦਿਆਂ ਭਾਰਤ ਸਰਕਾਰ ਪਾਸੋਂ ਸਜਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਲੋਕਹਿਤ ਮਾਮਲਿਆਂ ਨੂੰ ਸੁਲਝਾਉਣ ਲਈ ਪੁਰਜੋਰ ਉਪਰਾਲਾ ਕਰਨਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਠਿਤ 11 ਮੈਂਬਰੀ ਕਮੇਟੀ ‘ਚ ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਵਜੋਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।