ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵੱਖ-ਵੱਖ ਇਤਿਹਾਸਕ ਅਸਥਾਨਾਂ ਅਤੇ ਸਿੰਘ ਸਭਾਵਾਂ ਵਿਚ ਲਗਾਏ ਗਏ ਗੁਰਮਤਿ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸਿਖਲਾਈ ਦੇਣ ਵਾਲੇ ਅਧਿਆਪਕਾਂ ਦਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਸ. ਐੱਮ.ਪੀ.ਐੱਸ ਚੱਢਾ ਸੀਨੀਅਰ ਮੈਂਬਰ, ਸ. ਅਮਰਜੀਤ ਸਿੰਘ ਪਿੰਕੀ, ਸ੍ਰ. ਗੁਰਦੇਵ ਸਿੰਘ, ਸ. ਪਰਮਜੀਤ ਸਿੰਘ ਚੰਢੋਕ, ਸ੍ਰ. ਭੁਪਿੰਦਰ ਸਿੰਘ ਭੁੱਲਰ, ਸ੍ਰ. ਹਰਜੀਤ ਸਿੰਘ ਪੱਪਾ ਜੀ ਨੇ ਆਏ ਅਧਿਆਪਕ ਸਾਹਿਬਾਨਾਂ ਨੂੰ ਸਿਰਪਾਓ ਅਤੇ ਮੋਮੈਂਟੋ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਸ੍ਰ. ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਬੋਲਦਿਆਂ ਕਿਹਾ ਪ੍ਰਚਾਰਕ ਸਾਹਿਬਾਨਾਂ ਅਤੇ ਅਧਿਆਪਕਾਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਹਨਾਂ ਨੇ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦਾਨ ਵਿੱਚ ਦਿੱਤੀ ਹੈ। ਇਹਨਾਂ ਪ੍ਰਚਾਰਕਾਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਿਖਾਈ ਗਈ। ਸਾਡੇ ਬੱਚੇ ਪੰਜਾਬੀ ਸਿੱਖਣਗੇ ਤਾਂ ਉਹ ਗੁਰਮੁਖੀ ਸਿੱਖਣਗੇ ਤਾਂ ਗੁਰਬਾਣੀ ਪੜ੍ਹਨਾਂ ਸਿੱਖਣਗੇ, ਗੁਰਬਾਣੀ ਪੜਨਾਂ ਸਿੱਖਣਗੇ ਤਾਂ ਉਹ ਗੁਰਬਾਣੀ ਦੇ ਅਰਥਾਂ ਨੂੰ ਸਮਝਣਗੇ,ਗੁਰਬਾਣੀ ਦੇ ਅਰਥ ਸਮਝ ਕੇ ਗੁਰਸਿੱਖੀ ਜੀਵਨ ਜਾਚ ਨਾਲ ਇਸ ਭਵ ਸਾਗਰ ਵਿੱਚੋਂ ਤਰਨ ਵਿੱਚ ਕਾਮਯਾਬ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਸ੍ਰ ਹਰਮੀਤ ਸਿੰਘ ਕਾਲਕਾ ਪ੍ਰਧਾਨ, ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਵੱਲੋਂ ਬਹੁਤ ਵੱਡਾ ਸਾਥ ਮਿਲਿਆ ਜਿਸ ਨਾਲ ਇਨ੍ਹਾਂ ਗੁਰਮਤਿ ਕੈਪਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸੰਪਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕੋਲੋਂ 4 ਜੂਨ ਤੋਂ 25 ਜੂਨ ਤੱਕ ਗੁਰਮਤਿ ਕੈਂਪ ਲਗਾਉਣ ਦੀ ਸੇਵਾ ਲਈ । ਖ਼ਾਸ ਧੰਨਵਾਦ ਉਨ੍ਹਾਂ ਸਹਿਯੋਗੀ ਸੰਸਥਾਵਾਂ ਦੇ ਅਤੇ ਧਾਰਮਿਕ ਅਧਿਆਪਕਾਂ ਅਤੇ ਪ੍ਰਚਾਰਕ ਸਾਹਿਬਾਨ ਦੇ ਜਿਨ੍ਹਾਂ ਨੇ ਆਪਣੇ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਗੁਰਮਤਿ ਕੈਂਪਾਂ ਵਿੱਚ ਬੱਚਿਆਂ ਨੂੰ ਧਾਰਮਿਕ ਵਿਦਿਆ ਦਿੱਤੀ ਅਤੇ ਅੱਗੋਂ ਇਹ ਆਸ ਰੱਖਦੇ ਹਾਂ ਕਿ ਜਦੋਂ ਵੀ ਸਾਡੀ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਤੋਰਦਿਆਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇਗੀ ।ਆਪ ਜੀ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਸਾਨੂੰ ਆਪਣਾ ਸਹਿਯੋਗ ਦੇਵੋਗੇ ਜੀ। ਗੁਰਦੁਆਰਾ ਬੰਗਲਾ ਸਾਹਿਬ ਸ਼ੁੱਕਰਾਨਾ ( ਸਨਮਾਨ ) ਸਮਾਗਮ ਵਿੱਚ ਪੁੱਜਣ ਤੇ ਆਪ ਸਾਰਿਆਂ ਦਾ ਦਿਲੋਂ ਧੰਨਵਾਦ।