ਬਲਾਚੌਰ,(ਉਮੇਸ਼ ਜੋਸ਼ੀ) – ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਲਾਲ ਪਰੀ ਦੇ ਸੌ਼ਕੀਨਾਂ ਨੂੰ ਮਾਰਚ ਮਹੀਨੇ ਦੀ ਉਡੀਕ ਰਹਿੰਦੀ ਸੀ ਕਿਉਕਿ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਠੇਕੇਦਾਰਾਂ ਵਲੋਂ ਪਿਛਲੇ ਸਟਾਕ ਨੂੰ ਖਤਮ ਕਰਨ ਲਈ ਸ਼ਰਾਬ ਦੇ ਰੇਟ ਬਹੁਤ ਘਟਾ ਦਿੱਤੇ ਜਾਂਦੇ ਸਨ ਜਿਸ ਕਾਰਨ ਠੇਕਿਆਂ ਉਪਰ ਭੀੜਾਂ ਲੱਗ ਜਾਂਦੀਆਂ ਸਨ । ਇਸ ਵਾਰੀ ਆਮ ਆਦਮੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਉਪਰੰਤ ਉਹਨਾਂ ਦੀ ਸਰਕਾਰ ਅਪ੍ਰੈਲ ਵਿੱਚ ਨਵੀਂ ਪਾਲਿਸੀ ਲਿਆਈ ਸੀ, ਜਿਸ ਕਾਰਨ ਮਾਰਚ ਵਿੱਚ ਠੇਕੇ ਨਹੀਂ ਟੁੱਟੇ ਅਤੇ ਲੋਕਾਂ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ ਅਤੇ ਲੋਕ ਨਵੀਂ ਐਕਸਾਈਜ ਪਾਲਿਸੀ ਜੋ ਮਹੀਨਾ 1 ਜੁਲਾਈ ਤੋਂ ਆ ਰਹੀ ਸੀ ਨੂੰ ਬੇਸਬਰੀ ਨਾਲ ਉਡੀਕਣ ਲੱਗੇ ਕਿ ਮਹੀਨਾ ਜੂਨ ਦੇ ਆਖਰੀ ਦਿਨਾਂ ਵਿੱਚ ਠੇਕੇ ਟੁੱਟਣ ਕਾਰਨ ਰੇਟਾਂ ਵਿੱਚ ਭਾਰੀ ਕਮੀ ਆਵੇਗੀ ਮਗਰ ਇਸ ਦੌਰਾਨ ਮਹੀਨਾ ਜੂਨ ਦੇ ਆਖਰੀ ਦਿਨ ਵੀ ਲੰਘ ਗਏ ਅਤੇ ਜਦ ਉਸ ਵੇਲੇ ਸ਼ਰਾਬ ਦੇ ਸੌ਼ਕੀਨਾਂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਉਹ ਮਿਤੀ 1 ਜੁਲਾਈ ਨੂੰ ਸ਼ਰਾਬ ਦੀ ਖਰੀਦ ਕਰਨ ਲਈ ਠੇਕੇ ਉਪਰ ਗਏ ਅਤੇ ਠੇਕੇ ਬੰਦ ਹੋਣ ਕਾਰਨ ਉਹਨਾਂ ਦੇ ਚਿਹਰਿਆਂ ਤੋਂ ਰੌਣਕਾਂ ਹੀ ਗਾਇਬ ਹੋ ਗਈਆ । ਇਸ ਵਾਰ ਅਜਿਹਾ ਨਹੀ ਹੋਇਆ ਕਿਉਕਿ ਠੇਕੇਦਾਰਾਂ ਕੋਲ ਸ਼ਰਾਬ ਦਾ ਸਟਾਕ ਘੱਟ ਹੋਣ ਕਾਰਨ ਉਹ ਰੇਟ ਨਹੀ ਘਟਾ ਸਕੇ । ਐਕਸਾਈਜ਼ ਮਹਿਕਮੇ ਦੇ ਨਿਯਮਾਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਬਦਲਾਅ ਅਤੇ ਨਵੀਂ ਐਕਸਾਈਜ਼ ਪਾਲਿਸੀ ਦੇ ਪੂਰੇ ਘਟਨਾਕ੍ਰਮ ਕਾਰਨ ਹੀ ਇਸ ਵਾਰ ਢੋਲ ਦੀ ਥਾਪ ਤੇ ਠੇਕੇ ਨਹੀ ਟੁੱਟੇ । ਮੇਨ ਚੌਕ ਬਲਾਚੌਰ ਦਾ ਉਹ ਮੁੱਖ ਸ਼ਰਾਬ ਦਾ ਠੇਕਾ ਜਿੱਥੇ ਤਕਾਲਾ ਪੈਂਦਿਆ ਹੀ ਭੀੜਾਂ ਨਜ਼ਰ ਆਉਂਦੀਆ ਸਨ ਅੱਜ ਉਹ ਬੰਦ ਹੋਣ ਕਾਰਨ ਸੁੰਨ ਮਸਾਨ ਪਸਰੀ ਹੋਈ ਵਿਖਾਈ ਦਿੱਤੀ । ਜਿਸ ਨਾਲ ਲਾਲ ਪਰੀ ਦੇ ਦੀਵਾਨਿਆਂ ਵਿੱਚ ਨਿਰਾਸ਼ਾ ਵੀ ਵੇਖਣ ਨੂੰ ਮਿਲੀ ।ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਨੂੰ ਨਵੀਂ ਸਰਕਾਰ ਦੀ ਆਬਕਾਰੀ ਪਾਲਿਸੀ ਰਾਸ ਨਹੀ ਆ ਰਹੀ ਹੈ ਜਿਸ ਕਾਰਨ ਉਹਨਾਂ ਵਲੋਂ ਇਸ ਵਾਰੀ ਬਾਈਕਾਟ ਕੀਤਾ ਗਿਆ ਹੈ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲਾਂ ਜਿਹੜੀ ਸਕਿਓਰਟੀ 25 ਤੋਂ 30 ਲੱਖ ਰੁਪਏ ਜਮ੍ਹਾਂ ਕਰਾਈ ਜਾਂਦੀ ਸੀ ਦੀ ਵਜਾਏ ਹੁਣ ਕਈ ਕਰੋੜ ਰੁਪਏ ਦੀ ਸਕਿਓਰਟੀ ਜਮ੍ਹਾਂ ਕਰਾਉਣੀ ਹੋਵੇਗੀ ਅਤੇ ਉਪਰ ਤੋਂ ਜਮਾਂ ਕਰਾਈ ਇਸ ਸਕਿਓਰਟੀ ਉਪਰ ਕੋਈ ਵਿਆਜ਼ ਨਹੀ ਦਿੱਤਾ ਜਾਵੇਗਾ । ਵਪਾਰੀ ਨੂੰ ਠੇਕੇ ਅਲਾਟ ਹੋਣ ਉਪਰੰਤ ਮਾਲ ਚੁੱਕਣ ਦੀ ਵੱਖਰੀ ਰਕਮ / ਫੀਸ ਅਦਾ ਕਰਨੀ ਹੋਵੇਗੀ ।ਜਿਹੜੀ ਕਿ ਪੰਜਾਬ ਦੇ ਛੋਟੇ ਠੇਕੇਦਾਰ ਵਪਾਰੀ ਦੇ ਵੱਸ ਦੀ ਗੱਲ ਨਹੀ ਹੈ ।
ਐਲ-1 ਪਾਲਿਸੀ ਅਨੁਸਾਰ ਪੰਜਾਬ ਦੇ ਠੇਕੇਦਾਰਾ ਇਸ ਕਾਰੋਬਾਰ ਨੂੰ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਦੱਸੇ ਜਾ ਰਹੇ ਹਨ।ਇਸ ਸਬੰਧ ਵਿੱਚ ਪੰਜਾਬ ਪੱਧਰ ਤੇ ਠੇਕੇਦਾਰਾ ਵਲੋਂ ਮੀਟਿੰਗਾ ਕਰਕੇ ਬੀਤੇ ਸਮੇਂ ਬਾਈਕਾਟ ਕਰਨ ਦੇ ਐਲਾਨ ਵੀ ਕੀਤੇ ਸਨ ।