ਫ਼ਤਹਿਗੜ੍ਹ ਸਾਹਿਬ – “ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਮੁੱਢ ਤੋਂ ਹੀ ਸੱਚ ਦੀ ਸੂਈ ਵਿੱਕੀ ਮਿੱਡੂਖੇੜਾ ਕਤਲ ਦੇ ਸੰਬੰਧ ਵੱਲ ਜਾਂਦੀ ਹੈ । ਕਿਉਂਕਿ ਉਸਨੂੰ ਐਸ.ਓ.ਆਈ. ਦਾ ਪੰਜਾਬ ਯੂਨੀਵਰਸਿਟੀ ਵਿਚ ਪੈ੍ਰਜੀਡੈਟ ਬਿਸਨੋਈ ਨੇ ਬਣਵਾਇਆ ਸੀ । ਜਿਸਦੇ ਸੰਬੰਧ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਹਨ । ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਤਾਂ ਇਸ ਉਪਰੋਕਤ ਵਰਤਾਰੇ ਵਿਚ ਛੁਪਿਆ ਹੋਇਆ ਹੈ ਜਿਸਨੂੰ ਨਾ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਹੱਥ ਨਹੀਂ ਪਾ ਰਹੀ । ਜਦੋਕਿ ਆਈ.ਬੀ. ਦੀ ਏਜੰਸੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਸੰਬੰਧੀ ਪੰਜਾਬ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ । ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਵੀ ਇਹੋ ਹੀ ਸਲਾਹ ਦਿੱਤੀ ਸੀ । ਪੰਜਾਬ ਪੁਲਿਸ ਆਪਣੇ ਤੌਰ ਤੇ ਤਫਤੀਸੀ ਕਾਰਵਾਈ ਨਹੀ ਕਰ ਸਕਦੀ । ਜਦੋ ਤੱਕ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਸੱਚ ਸਾਹਮਣੇ ਨਹੀ ਲਿਆਂਦਾ ਜਾਂਦਾ, ਉਦੋ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਨਹੀ ਆ ਸਕੇਗਾ । ਜੋ ਪਾਸਪੋਰਟ ਦੇ ਵੱਡੇ ਘਪਲੇ ਹੋਏ ਹਨ, ਉਸਦੀ ਜਾਂਚ ਨਿਰਪੱਖਤਾ ਨਾਲ ਅੱਜ ਤੱਕ ਕਿਉਂ ਨਹੀ ਕੀਤੀ ਗਈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਜੋੜਦੇ ਹੋਏ, ਇਸ ਵਿਸ਼ੇ ਤੇ ਸਰਕਾਰ ਵੱਲੋ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਾਂਚ ਨਾ ਕਰਵਾਉਣ ਨੂੰ ਇਸੇ ਸਾਜਿਸ ਦੀ ਕੜੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਜਾਅਲੀ ਪਾਸਪੋਰਟਾਂ ਰਾਹੀ ਉਪਰੋਕਤ ਕਾਤਲ ਗੈਂਗਸਟਰ ਬਾਹਰਲੇ ਮੁਲਕਾਂ ਨੂੰ ਜਾ ਰਹੇ ਸਨ, ਤਾਂ ਇਮੀਗ੍ਰੇਸ਼ਨ ਸਟਾਫ਼ ਨੇ ਦਿੱਲੀ ਹਵਾਈ ਅੱਡੇ ਤੇ ਸਥਿਤ ਉਨ੍ਹਾਂ ਦੀ ਜਾਂਚ ਕਿਉਂ ਨਾ ਕੀਤੀ ਗਈ ਅਤੇ ਇਨ੍ਹਾਂ ਨੂੰ ਜਾਅਲੀ ਪਾਸਪੋਰਟਾਂ ਤੇ ਬਾਹਰਲੇ ਮੁਲਕਾਂ ਵਿਚ ਜਾਣ ਦੀ ਇਜਾਜਤ ਕਿਉਂ ਦਿੱਤੀ ਗਈ ? ਕਿਉਂਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੇ ਵੱਡੇ ਅਫਸਰਾਨ, ਮੁੱਖ ਸਕੱਤਰ, ਗ੍ਰਹਿ ਸਕੱਤਰ, ਡੀਜੀਪੀ ਅਤੇ ਸੀ.ਐਮ. ਤੋਂ ਜਾਂਚ ਰਾਹੀ ਪੁੱਛਣਾ ਅਤਿ ਜ਼ਰੂਰੀ ਸੀ ਜਿਸਨੂੰ ਪੂਰਨ ਨਹੀ ਕੀਤਾ ਗਿਆ । ਫਿਰ ਆਈ.ਬੀ. ਅਤੇ ਦਿੱਲੀ ਪੁਲਿਸ ਵੱਲੋ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਅਗਾਊ ਸੂਚਨਾ ਦੇਣ ਉਪਰੰਤ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਿਉਂ ਘਟਾਈ ਗਈ ? ਜਦੋਕਿ ਇਸਦੇ ਦੂਸਰੇ ਦਿਨ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ । ਇਸ ਤਫਤੀਸ ਵਿਚ ਇਸ ਗੱਲ ਦਾ ਆਉਣਾ ਵੀ ਅਤਿ ਜ਼ਰੂਰੀ ਹੈ ਤਦ ਹੀ ਸੱਚ ਸਾਹਮਣੇ ਆ ਸਕੇਗਾ । ਜਿਸਨੂੰ ਪੰਜਾਬ ਸਰਕਾਰ ਅਤੇ ਇਥੋ ਦੀਆਂ ਖੂਫੀਆ ਏਜੰਸੀਆ ਨੇ ਸੰਜ਼ੀਦਗੀ ਨਾਲ ਪੂਰਨ ਨਾ ਕੀਤਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਸ. ਸੁਖਬੀਰ ਸਿੰਘ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਭੋਗ ਉਤੇ ਤਕਰੀਰ ਦਿੱਤੀ ਸੀ, ਉਸ ਵਿਚ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੁਰਾਖ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੇ ਹਨ । ਪਰ ਇਸਦੀ ਸਹੀ ਢੰਗ ਨਾਲ ਸਹੀ ਦਿਸ਼ਾ ਵੱਲ ਤਫਤੀਸ ਨਾ ਹੋਣਾ ਹੀ ਸਭ ਤੋ ਵੱਡੀ ਨਿਰਾਸਾਜਨਕ ਕਾਰਵਾਈ ਹੈ । ਜੇਕਰ ਇਹ ਤਫਤੀਸ ਸਹੀ ਦਿਸ਼ਾ ਵੱਲ ਹੋ ਜਾਂਦੀ ਤਾਂ ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਣੇ ਸੀ । ਹੁਣ ਤਾਂ ਨਿੱਤ ਦਿਹਾੜੇ ਨਵੇ ਤੋ ਨਵੇ ਗੈਂਗਸਟਰਾਂ ਅਤੇ ਹੋਰਨਾਂ ਦੇ ਨਾਮਾਂ ਨੂੰ ਉਭਾਰਕੇ ਅਸਲੀਅਤ ਵਿਚ ਅਸਲ ਕਾਤਲ ਨੂੰ ਕਾਨੂੰਨੀ ਮਾਰ ਤੋ ਦੂਰ ਰੱਖਣ ਦੇ ਹੀ ਅਮਲ ਹੋ ਰਹੇ ਹਨ ਜੋ ਅਫਸੋਸਨਾਕ ਗੈਰ ਜ਼ਿੰਮੇਵਰਾਨਾਂ ਕਾਰਵਾਈ ਹੈ ।