ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵੱਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਗਲਾਸਗੋ ਦੇ ਪੰਜਾਬੀ ਪਿਓ ਪੁੱਤਾਂ ਦੀ ਮਿਹਨਤ ਨੇ ਅਜਿਹਾ ਡੰਕਾ ਵਜਾਇਆ ਕਿ ਉਹਨਾਂ ਦਾ ਕਾਰੋਬਾਰ ਸਕਾਟਲੈਂਡ ਦੇ ਬਿਹਤਰੀਨ ਕਾਰੋਬਾਰਾਂ ਵਿੱਚ ਸ਼ੁਮਾਰ ਹੋਇਆ। ਜੇਕਰ ਉਹ ਕਾਰੋਬਾਰ ਮਨੁੱਖੀ ਤੰਦਰੁਸਤੀ ਨਾਲ ਜੁੜਿਆ ਹੋਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੈ। ਖੁਸ਼ੀ ਦੀ ਖਬਰ ਇਹ ਹੈ ਕਿ ਰਾਣਾ ਸੇਖੋਂ ਤੇ ਉਹਨਾਂ ਦੇ ਸਪੁੱਤਰਾਂ ਰਾਜ ਸਿੰਘ ਤੇ ਡਿਪ ਸੇਖੋਂ ਦੀ ਮਿਹਨਤ ਸਦਕਾ ਉਹਨਾਂ ਦੇ ਜਿਮ ਗਲਾਸਗੋ ਫਿਟਨਸ ਨੂੰ ਸਾਲ ਦਾ ਸਰਬੋਤਮ ਜਿਮ ਹੋਣ ਦਾ ਐਵਾਰਡ ਮਿਲਿਆ ਹੈ। ਸਕਾਟਿਸ਼ ਹੈਲਥ ਐਂਡ ਫਿਟਨਸ ਐਵਾਰਡ 2022 ਸਮਾਗਮ ਗਲਾਸਗੋ ਦੇ ਹਿਲਟਨ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਬਿਹਤਰੀਨ ਜਿਮ ਸ਼੍ਰੇਣੀ ਵਿੱਚ ਵੀ ਸਕਾਟਲੈਂਡ ਭਰ ਦੇ ਜਿਮ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਇਸ ਸਾਲ ਦੇ ਸਰਬੋਤਮ ਜਿਮ ਹੋਣ ਦਾ ਮਾਣ ਗਲਾਸਗੋ ਫਿਟਨਸ ਦੀ ਝੋਲੀ ਪਿਆ।
ਥੋਰਨਲੀਬੈਂਕ ਦੇ ਸਪੀਅਰਬਰਿੱਜ ਬਿਜਨਸ ਪਾਰਕ ਵਿੱਚ ਚਲਦੇ ਇਸ ਜਿਮ ਦੀ ਪ੍ਰਾਪਤੀ ਨੂੰ ਉਦੋਂ ਹੋਰ ਵੀ ਚਾਰ ਚੰਨ ਲੱਗਦੇ ਨੇ ਜਦੋਂ ਇਸ ਜਿਮ ਦੇ ਡਾਇਰੈਕਟਰ/ ਸੰਚਾਲਕ ਰਾਣਾ ਸੇਖੋਂ ਨੇ ਇਹ ਐਵਾਰਡ ਆਪਣੇ ਪਿਤਾ ਸਰਦਾਰ ਕਰਨੈਲ ਸਿੰਘ ਸੇਖੋਂ ਨੂੰ ਸਮਰਪਿਤ ਕੀਤਾ। ਬਹੁਤ ਹੀ ਭਾਵੁਕਤਾ ਭਰੇ ਲਹਿਜੇ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਇਹ ਪ੍ਰਾਪਤੀਆਂ ਪਿਤਾ ਜੀ ਦੀ ਹੱਲਾਸ਼ੇਰੀ ਅਤੇ ਹੌਸਲੇ ਨਾਲ ਹੀ ਸੰਭਵ ਹੋਈਆਂ ਹਨ।
ਸਕਾਟਲੈਂਡ: ਰਾਣਾ ਸੇਖੋਂ ਦੇ ਜਿਮ ਨੂੰ ਮਿਲਿਆ “ਸਾਲ ਦਾ ਸਰਵੋਤਮ ਜਿਮ” ਐਵਾਰਡ
This entry was posted in ਅੰਤਰਰਾਸ਼ਟਰੀ.